ਮਹਿਲਾ ਹੈੱਡ ਕਾਂਸਟੇਬਲ ਨੇ ਚੌਂਕੀ ਇੰਚਾਰਜ ਨਾਲ ਕੀਤਾ ਦੁਰ-ਵਿਵਹਾਰ, ਆਡੀਓ ਕਲੀਪਿੰਗ 'ਤੇ ਖੜ੍ਹਾ ਹੋਇਆ ਵਿਵਾਦ

10/05/2017 4:44:34 PM

ਜਲੰਧਰ(ਪ੍ਰੀਤ)— ਕੌਂਸਲਰ ਸਿਮਰਨਜੀਤ ਸਿੰਘ ਬੰਟੀ ਅਤੇ ਏ. ਐੱਸ. ਆਈ. ਭੱਟੀ ਦੇ ਵਿਚਕਾਰ ਫੋਨ 'ਤੇ ਹੋਈ ਝੜਪ ਦੀ ਆਡੀਓ ਕਲਿਪਿੰਗ ਦਾ ਵਿਵਾਦ ਅਜੇ ਰੁਕਿਆ ਨਹੀਂ ਸੀ ਕਿ ਇਕ ਮਹਿਲਾ ਹੈੱਡ ਕਾਂਸਟੇਬਲ ਵੱਲੋਂ ਚੌਂਕੀ ਇੰਚਾਰਜ ਦੇ ਨਾਲ ਕੀਤੇ ਗਏ ਦੁਰ-ਵਿਵਹਾਰ ਦੀ ਆਡੀਓ ਕਲੀਪਿੰਗ ਨਾਲ ਵਿਵਾਦ ਖੜ੍ਹਾ ਹੋ ਗਿਆ ਹੈ। ਆਡੀਓ ਵਾਇਰਲ ਹੋਣ ਤੋਂ ਬਾਅਦ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਤੁਰੰਤ ਮਾਮਲੇ ਦੀ ਜਾਂਚ ਕਰਕੇ ਮਹਿਲਾ ਹੈੱਡ ਕਾਂਸਟੇਬਲ ਕੁਲਬੀਰ ਕੌਰ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼ ਅਧਿਕਾਰੀਆਂ ਨੂੰ ਕੀਤੀ ਹੈ। ਮਾਮਲਾ ਸੋਮਵਾਰ ਦਾ ਹੈ। ਪਤਾ ਲੱਗਾ ਹੈ ਕਿ ਦਕੋਹਾ ਚੌਕੀ ਦੀ ਪੁਲਸ ਟੀਮ ਨੇ ਨਾਕਾਬੰਦੀ ਦੌਰਾਨ ਮੋਟਰਸਾਈਕਲ ਸਵਾਰ ਇਕ ਨੌਜਵਾਨ ਨੂੰ ਰੋਕਿਆ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੇ ਕੋਲ ਦਸਤਾਵੇਜ਼ ਪੂਰੇ ਨਹੀਂ ਸਨ। ਉਸ ਦੀ ਭੈਣ ਕਮਿਸ਼ਨਰੇਟ ਵਿਚ ਹੀ ਹੈੱਡ ਕਾਂਸਟੇਬਲ ਤਾਇਨਾਤ ਹੈ। ਉਸ ਨੇ ਆਪਣੀ ਭੈਣ ਨਾਲ ਗੱਲ ਕਰਵਾਉਣੀ ਚਾਹੀ ਪਰ ਦਕੋਹਾ ਚੌਕੀ ਪੁਲਸ ਨੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ।
ਇਸੇ ਦੌਰਾਨ ਗੁੱਸੇ ਵਿਚ ਆਈ ਮਹਿਲਾ ਹੈੱਡ ਕਾਂਸਟੇਬਲ ਮੌਕੇ 'ਤੇ ਪਹੁੰਚ ਗਈ। ਪਤਾ ਲੱਗਾ ਹੈ ਕਿ ਨੌਜਵਾਨ ਨੇ ਭੈਣ ਨੂੰ ਦੱਸਿਆ ਕਿ ਚੌਕੀ ਇੰਚਾਰਜ ਨੇ ਉਸ 'ਤੇ ਹੱਥ ਚੁੱਕਿਆ ਹੈ। ਇਸ ਗੱਲ ਤੋਂ ਉਹ ਗੁੱਸੇ ਵਿਚ ਆ ਗਈ। ਪਤਾ ਲੱਗਾ ਹੈ ਕਿ ਮਹਿਲਾ ਹੈੱਡ ਕਾਂਸਟੇਬਲ ਨੇ ਸੜਕ ਵਿਚਕਾਰ ਪੁਲਸ ਕਰਮਚਾਰੀਆਂ ਦੇ ਨਾਲ ਦੁਰ-ਵਿਵਹਾਰ ਕੀਤਾ ਅਤੇ ਫਿਰ ਉਸ ਨੇ ਚੌਕੀ ਇੰਚਾਰਜ ਰਵਿੰਦਰਪਾਲ ਸਿੰਘ ਦੇ ਸਰਕਾਰੀ ਨੰਬਰ 'ਤੇ ਫੋਨ ਕੀਤਾ। ਦੋਸ਼ ਹੈ ਕਿ ਮਹਿਲਾ ਹੈੱਡ ਕਾਂਸਟੇਬਲ ਨੇ ਅਧਿਕਾਰੀਆਂ ਦਾ ਨਾਂ ਲੈ ਕੇ ਚੌਂਕੀ ਇੰਚਾਰਜ ਨੂੰ ਸਸਪੈਂਡ ਕਰਵਾਉਣ ਅਤੇ ਥੱਪੜ ਮਾਰਨ ਤੱਕ ਦੀ ਗੱਲ ਕਹੀ। ਬੀਤੇ ਦਿਨ ਆਡੀਓ ਕਲਿਪ ਵਾਇਰਲ ਹੋਣ ਤੋਂ ਬਾਅਦ ਕਮਿਸ਼ਨਰੇਟ ਅਧਿਕਾਰੀਆਂ ਨੇ ਜਾਂਚ ਦੇ ਹੁਕਮ ਦਿੱਤੇ। ਦੇਰ ਸ਼ਾਮ ਏ. ਸੀ. ਪੀ. ਸੈਂਟਰਲ ਸਤਿੰਦਰ ਚੱਢਾ ਨੇ ਦੱਸਿਆ ਕਿ ਉਨ੍ਹਾਂ ਨੇ ਜਾਂਚ ਕੀਤੀ ਅਤੇ ਆਡੀਓ ਕਲਿਪ ਦੇ ਆਧਾਰ 'ਤੇ ਮਹਿਲਾ ਹੈੱਡ ਕਾਂਸਟੇਬਲ ਕੁਲਬੀਰ ਕੌਰ ਖਿਲਾਫ ਵਿਭਾਗੀ ਕਾਰਵਾਈ ਦੀ ਸਿਫਾਰਸ਼ ਕੀਤੀ ਹੈ।