CAA ਖਿਲਾਫ ਮਾਲੇਰਕੋਟਲਾ ''ਚ ਔਰਤਾਂ ਨੇ ਦਿੱਤਾ ਜ਼ਬਰਦਸਤ ਧਰਨਾ

12/22/2019 3:33:47 PM

ਮਾਲੇਰਕੋਟਲਾ (ਯਾਸੀਨ ਅਲੀ)—ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮਾਲੇਰਕੋਟਲਾ 'ਚ ਲਗਾਤਾਰ ਧਰਨੇ ਮੁਜ਼ਾਹਰੇ ਚੱਲ ਰਹੇ ਹਨ। ਲੋਕ ਇਸ ਗੱਲ 'ਤੇ ਅੜੇ ਹੋਏ ਹਨ ਕਿ ਇਹ ਧਰਨੇ ਮੁਜ਼ਹਾਰੇ ਉਦੋਂ ਤੱਕ ਚੱਲਦੇ ਰਹਿਣਗੇ, ਜਦੋਂ ਤੱਕ ਕੇਂਦਰ ਸਰਕਾਰ ਉਕਤ ਕਾਨੂੰਨ ਨੂੰ ਵਾਪਿਸ ਨਹੀਂ ਲੈ ਲੈਂਦੀ।ਇਸੇ ਕੜੀ ਤਹਿਤ ਅੱਜ ਸ਼ਹਿਰ ਦੀਆਂ ਸਮੂਹ ਔਰਤਾਂ ਵੱਲੋਂ ਸਥਾਨਕ ਸਰਹੰਦੀ ਗੇਟ ਤੋਂ ਸ਼ੁਰੂ ਕਰਕੇ ਸੱਟਾ ਚੌਕ ਤੱਕ ਜ਼ਬਰਦਸਤ ਧਰਨਾ ਮੁਜ਼ਾਹਰਾ ਕੀਤਾ ਗਿਆ।

ਇਸਤਰੀ ਜਾਗ੍ਰਿਤੀ ਮੰਚ ਦੀ ਜਨਰਲ ਸਕੱਤਰ ਅਮਨਦੀਪ ਕੌਰ ਦਿਓਲ ਨੇ ਗੱਲਬਾਤ ਦੌਰਾਨ ਦੱਸਿਆ ਕਿ ਨਾਗਰਿਕਤਾ ਸੋਧ ਕਾਨੂੰਨ ਸੰਵਿਧਾਨ ਨਾਲ ਛੇੜ ਛਾੜ ਕਰਨ ਵਾਲਾ, ਹਿੰਦੂ ਮੁਸਲਿਮ ਸਿੱਖ ਭਾਈਚਾਰੇ ਨੂੰ ਤੋੜਨ ਵਾਲਾ ਅਤੇ ਭਾਜਪਾ 'ਤੇ ਆਰ.ਐਸ.ਐਸ. ਦਾ ਏਜੰਡਾ ਹਿੰਦੂ ਰਾਸ਼ਟਰ ਕਾਇਮ ਕਰਨ ਵੱਲ ਚੁੱਕਿਆ ਗਿਆ ਇੱਕ ਕਦਮ ਹੈ।ਸਮਾਜ ਸੇਵੀ ਸ਼ਹਿਬਾਨਾ ਨੇ ਕਿਹਾ ਕਿ ਪਾਸ ਕੀਤਾ ਗਿਆ ਕਾਨੂੰਨ ਘੱਟ ਗਿਣਤੀਆਂ 'ਤੇ ਹੱਕਾਂ 'ਤੇ ਮਾਰਿਆ ਗਿਆ ਕੇਂਦਰ ਸਰਕਾਰ ਵੱਲੋਂ ਡਾਕਾ  ਹੈ। ਉਨਾਂ ਕਿਹਾ ਕਿ ਅਸੀਂ ਪੜ੍ਹੀਆਂ-ਲਿਖੀਆਂ ਹਾਂ ਅਸੀਂ ਤਾਂ ਐਨ.ਆਰ.ਸੀ. ਤਹਿਤ ਆਪਣੀ ਨਾਗਰਿਕਤਾ ਦੇ ਸਬੂਤ ਦੇ ਦਿਆਂਗੇ ਪਰ ਸਾਡੀ ਜ਼ਿਆਦਾਤਰ ਜਨਸੰਖਿਆ ਅਨਪੜ੍ਹ ਹੈ, ਉਹ ਕਿੱਥੋਂ ਅਜਿਹੇ ਸਬੂਤ ਲਿਆਂਉਣਗੇ।

ਇਸ ਮੌਕੇ ਨਵੀਲਾ ਬੇਗਮ ਨੇ ਕਿਹਾ ਕਿ ਇੱਕ ਪਾਸੇ ਦੇਸ਼ ਆਰਥਿਕ ਪੱਖੋਂ ਬੈਕ ਫੁੱਟ 'ਤੇ ਆ ਗਿਆ ਹੈ, ਬੇਰੋਜ਼ਗਾਰੀ ਵਧ ਰਹੀ ਹੈ, ਫੈਕਟਰੀਆਂ ਬੰਦ ਹੋ ਰਹੀਆਂ ਹਨ ਅਤੇ ਮੋਦੀ 'ਤੇ ਅਮਿਤ ਸ਼ਾਹ ਲੋਕਾਂ ਦਾ ਧਿਆਨ ਇਨਾਂ ਮੁੱਦਿਆਂ ਤੋਂ ਹਟਾ ਕੇ ਨਾਗਰਿਕਤਾ ਦੇ ਸਬੂਤ ਮੰਗ ਰਹੀ ਹੈ।ਉਨਾਂ ਕਿਹਾ ਵਾਹ ਸਾਡੀ ਸਰਕਾਰ, ਦੇਸ਼ ਦੇ ਨਾਗਰਿਕਾਂ ਨੂੰ ਬਾਹਰ ਕੱਢਣਾ ਚਾਹੁੰਦੀ ਹੈ ਅਤੇ ਬਾਹਰਲੇ ਲੋਕਾਂ ਨੂੰ ਨਾਗਰਿਕਤਾ ਦੇਣ ਨੂੰ ਫਿਰਦੀ ਹੈ। ਉਨਾਂ ਕਿਹਾ ਕਿ ਪਹਿਲਾਂ ਮੋਦੀ ਆਪਣੀ ਡਿਗਰੀ ਦਿਖਾਵੇ।ਉਨਾਂ ਕਿਹਾ ਸਾਡਾ ਮਰਨਾ ਜਿਉਣਾ ਇਸੇ ਮੁਲਕ ਨਾਲ ਹੈ ਅਤੇ ਅਸੀਂ ਦੇਸ਼ ਨੂੰ ਛੱਡ ਕੇ ਕਿਤੇ ਵੀ ਨਹੀਂ ਜਾਵਾਂਗੇ। ਇਸ ਮੌਕੇ ਤਰਾਂ-ਤਰਾਂ ਦੇ ਨਾਅਰੇ ਵੀ ਲਾਏ ਗਏ।ਆਖਰ 'ਚ ਸੱਟਾ ਚੌਕ ਵਿਖੇ ਐਸ.ਡੀ.ਐਮ. ਵਿਕਰਮਜੀਤ ਸਿੰਘ ਪਾਂਥੇ ਨੂੰ ਮੰਗ ਪੱਤਰ ਦਿੱਤਾ ਗਿਆ।

Iqbalkaur

This news is Content Editor Iqbalkaur