ਔਰਤਾਂ ਨੇ ਡਿਊਟੀ ''ਚ ਪਾਇਆ ਵਿਘਨ ਬਿਜਲੀ ਕਰਮਚਾਰੀਆਂ ਨੇ ਦਿੱਤਾ ਧਰਨਾ

09/25/2017 4:26:06 AM

ਕਪੂਰਥਲਾ, (ਮਲਹੋਤਰਾ)- ਸਰਕਾਰੀ ਡਿਊਟੀ 'ਚ ਦਖਲ ਅੰਦਾਜ਼ੀ ਕਰਨ ਤੇ ਡਿਊਟੀ 'ਤੇ ਤਾਇਨਾਤ ਬਿਜਲੀ ਅਧਿਕਾਰੀ ਨਾਲ ਗਾਲੀ-ਗਲੋਚ ਕਰਨ ਵਾਲੀਆਂ ਦੋਸ਼ੀ ਔਰਤਾਂ ਵਿਰੁੱਧ ਕਾਰਵਾਈ ਦੀ ਮੰਗ ਨੂੰ ਲੈ ਕੇ ਸਹਾਇਕ ਇੰਜੀਨੀਅਰ ਸਿਟੀ-2 ਕਪੂਰਥਲਾ ਮਦਨ ਸਿੰਘ ਦੀ ਪ੍ਰਧਾਨਗੀ 'ਚ ਬਿਜਲੀ ਕਰਮਚਾਰੀਆਂ ਨੇ ਬਿਜਲੀ ਦਫਤਰ ਦੇ ਸਾਹਮਣੇ ਰੋਸ ਪ੍ਰਦਰਸ਼ਨ ਕੀਤਾ। ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ 'ਚ ਸਹਾਇਕ ਇੰਜੀਨੀਅਰ ਮਦਨ ਸਿੰਘ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਸ਼ਿਕਾਇਤ ਘਰ ਕਚਹਿਰੀ 'ਚ ਦੋ ਔਰਤਾਂ ਆਈਆਂ ਤੇ ਬਿਜਲੀ ਕਰਚਮਾਰੀਆਂ ਵਲੋਂ ਉਨ੍ਹਾਂ ਦੇ ਘਰ ਦਾ ਬਿਜਲੀ ਕੁਨੈਕਸ਼ਨ ਕੱਟਣ ਦੀ ਗੱਲ ਨੂੰ ਲੈ ਕੇ ਹੰਗਾਮਾ ਕਰਨ ਲੱਗੀਆਂ। ਉਨ੍ਹਾਂ ਦੱਸਿਆ ਕਿ ਉਕਤ ਔਰਤਾਂ ਨੇ ਡਿਊਟੀ 'ਤੇ ਤਾਇਨਾਤ ਜੇ. ਈ. ਨਾਲ ਵੀ ਬਦਸਲੂਕੀ ਕੀਤੀ ਤੇ ਉਨ੍ਹਾਂ ਨਾਲ ਕਥਿਤ ਤੌਰ 'ਤੇ ਗਾਲੀ-ਗਲੋਚ ਕਰਨਾ ਸ਼ੁਰੂ ਕਰ ਦਿੱਤਾ। ਧਰਨਾ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਸਰਕਾਰੀ ਕੰਮ 'ਚ ਵਿਘਨ ਪਾਉਣ ਵਾਲੀਆਂ ਔਰਤਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਤਾਂਕਿ ਕਰਮਚਾਰੀ ਤੇ ਅਧਿਕਾਰੀ ਆਪਣੀ ਡਿਊਟੀ ਤਨਦੇਹੀ ਨਾਲ ਨਿਭਾ ਸਕੇ। ਮੌਕੇ 'ਤੇ ਪਹੁੰਚੀ ਥਾਣਾ ਸਿਟੀ ਪੁਲਸ ਨੇ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਕਰਨ ਦਾ ਭਰੋਸਾ ਦਿੱਤਾ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।