ਮਸਕਟ 'ਚ ਫਸੀ ਔਰਤ ਸੰਤ ਸੀਚੇਵਾਲ ਦੇ ਯਤਨਾਂ ਸਦਕਾ 2 ਮਹੀਨਿਆਂ ਬਾਅਦ ਪਰਤੀ ਘਰ

05/21/2023 6:26:27 PM

ਸੁਲਤਾਨਪੁਰ ਲੋਧੀ, ਸ਼ਾਹਕੋਟ (ਧੀਰ, ਤ੍ਰੇਹਨ, ਅਰਸ਼ਦੀਪ) : ਮਸਕਟ ’ਚੋਂ 2 ਮਹੀਨਿਆਂ ਬਾਅਦ ਵਾਪਸ ਆਈ ਪਰਮਿੰਦਰ ਰਾਣੀ ਨੇ ਦੱਸਿਆ ਕਿ ਉੱਥੇ 35 ਦੇ ਕਰੀਬ ਹੋਰ ਪੰਜਾਬ ਦੀਆਂ ਕੁੜੀਆਂ ਵੀ ਫਸੀਆਂ ਹੋਈਆਂ ਹਨ। ਉੱਥੇ ਕੁੜੀਆਂ ਦੀ ਕੁੱਟਮਾਰ ਕੀਤੀ ਜਾਂਦੀ ਹੈ ਤੇ ਉਨ੍ਹਾਂ ਨੂੰ ਗਲਤ ਕੰਮ ਵਿਚ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ। ਭਾਵੁਕ ਮਨ ਨਾਲ ਰੋਂਦੀ ਹੋਈ ਪਰਮਿੰਦਰ ਕੌਰ ਨੇ ਪਤੀ ਹਰਦੀਪ ਸਿੰਘ ਦੀ ਹਾਜ਼ਰੀ ਦੱਸਿਆ ਕਿ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਦੇ ਯਤਨਾਂ ਸਦਕਾ ਹੀ ਉਸਦੀ ਘਰ ਵਾਪਸੀ ਸੰਭਵ ਹੋ ਸਕੀ ਹੈ। ਉਸਨੇ ਦੱਸਿਆ ਕਿ ਉਹ 16 ਮਾਰਚ ਨੂੰ ਮਸਕਟ ਗਈ ਸੀ। ਉਸਦੇ ਮਾਮਾ-ਮਾਮੀ ਨੇ 70 ਹਜ਼ਾਰ ਰੁਪਏ ਲੈ ਕੇ ਟਰੈਵਲ ਏਜੰਟ ਰਾਹੀਂ ਉਸ ਨੂੰ ਮਸਕਟ ਭੇਜਿਆ ਸੀ। ਉੱਥੇ ਉਸਨੂੰ ਹਸਪਤਾਲ ਵਿਚ 30 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਨੌਕਰੀ ਲਗਵਾਉਣ ਦਾ ਝਾਂਸਾ ਦਿੱਤਾ ਗਿਆ ਸੀ ਪਰ ਮਸਕਟ ਜਾ ਕੇ ਉਸਨੂੰ ਪਤਾ ਲੱਗਾ ਕਿ ਟਰੈਵਲ ਏਜੰਟਾਂ ਨੇ ਉਸਨੂੰ 1,50,000 ਵਿੱਚ ਵੇਚ ਦਿੱਤਾ ਸੀ। 

ਇਹ ਵੀ ਪੜ੍ਹੋ- ਵੱਡੀ ਪ੍ਰਾਪਤੀ : 34 ਸਾਲਾਂ ’ਚ 6 ਲੱਖ ਤੋਂ ਵੀ ਵੱਧ ਕਿਲੋਮੀਟਰ ਦੀ ਸਾਈਕਲ ਯਾਤਰਾ ਕਰ ਚੁੱਕੇ ਰਾਜਿੰਦਰ ਗੁਪਤਾ

ਪਰਮਿੰਦਰ ਰਾਣੀ ਨੇ ਦੱਸਿਆ ਕਿ ਉਸਦਾ ਪਾਸਪੋਰਟ ਤੇ ਫੋਨ ਉਸ ਕੋਲੋਂ ਖੋਹ ਲਿਆ ਗਿਆ ਸੀ ਤੇ ਉਸਨੂੰ ਇਕ ਕਮਰੇ ਵਿੱਚ ਬੰਦ ਕਰਕੇ ਰੱਖਿਆ ਜਾ ਰਿਹਾ ਸੀ, ਜਿੱਥੇ ਉਸ ਨਾਲ ਵੀ ਕੁੱਟ ਮਾਰ ਕੀਤੀ ਜਾਂਦੀ ਸੀ ਤੇ ਖਾਣ ਲਈ ਵੀ ਕੁੱਝ ਨਹੀਂ ਦਿੱਤਾ ਜਾਂਦਾ ਸੀ। ਉਸ ਨੇ ਆਖਿਆ ਕਿ ਉਹ ਮਸਕਟ ਇਸ ਕਰਕੇ ਗਈ ਸੀ ਕਿ ਉਸਦੇ ਘਰ ਦੇ ਹਾਲਾਤ ਸੁਧਰ ਜਾਣਗੇ ਤੇ ਉਸਦੀ ਬੱਚੀ ਦਾ ਭਵਿੱਖ ਸੁਨਹਿਰੀ ਹੋ ਜਾਵੇਗਾ। ਉਸਨੇ ਦੱਸਿਆ ਕਿ ਉਹ ਕਪੂਰਥਲਾ ਵਿੱਚ ਕਿਰਾਏ ਤੇ ਰਹਿੰਦੀ ਹੈ ਤੇ ਉਸਦਾ ਪਤੀ ਗੱਡੀ ਚਲਾਉਂਦਾ ਹੈ, ਜਿਸ ਕਾਰਨ ਘਰ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਸੀ। ਇਸ ਮੌਕੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਦੱਸਿਆ ਕਿ 16 ਮਈ ਨੂੰ ਪਰਮਿੰਦਰ ਰਾਣੀ ਦੇ ਪਤੀ ਹਰਦੀਪ ਸਿੰਘ ਨੇ ਪਹੁੰਚ ਕੀਤੀ ਸੀ। ਉਸੇ ਹੀ ਦਿਨ ਉਹਨਾਂ ਵੱਲੋਂ ਵਿਦੇਸ਼ ਮੰਤਰਾਲੇ ਨੂੰ ਪਰਮਿੰਦਰ ਰਾਣੀ ਦੀ ਵਾਪਸੀ ਬਾਰੇ ਪੱਤਰ ਲਿਖਿਆ ਸੀ। ਉਨ੍ਹਾਂ ਵਿਦੇਸ਼ ਮੰਤਰਾਲੇ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਯਤਨਾਂ ਸਦਕਾ 20 ਮਈ ਨੂੰ ਪਰਮਿੰਦਰ ਰਾਣੀ ਆਪਣੇ ਪਰਿਵਾਰ ਵਿੱਚ ਆ ਸਕੀ। 

ਇਹ ਵੀ ਪੜ੍ਹੋ- ਗੁਰੂਘਰ ਨਤਮਸਤਕ ਹੋਣ ਆਏ ਮੁੰਡਿਆਂ ਨਾਲ ਵਾਪਰਿਆ ਭਾਣਾ, ਸਰੋਵਰ 'ਚ ਡੁੱਬਣ ਕਾਰਨ 2 ਦੀ ਮੌਤ

ਸੰਤ ਸੀਚੇਵਾਲ ਨੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਟਰੈਵਲ ਏਜੰਟਾਂ 'ਤੇ ਸਖ਼ਤ ਕਾਰਵਾਈ ਕਰੇ, ਜਿਹੜੇ ਕਿ ਪੰਜਾਬ ਦੀਆਂ ਧੀਆਂ-ਭੈਣਾਂ ਨੂੰ ਸੁਨਹਿਰੀ ਸੁਫ਼ਨੇ ਦੇਖਾ ਕੇ ਉਨ੍ਹਾਂ ਦਾ ਸੋਸ਼ਣ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਟਰੈਵਲ ਏਜੰਟਾਂ 'ਤੇ ਸਖ਼ਤ ਕਾਰਵਾਈ ਨਹੀਂ ਕੀਤੀ ਜਾਂਦੀ ਉਦੋਂ ਤੱਕ ਅਜਿਹੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿਣਗੀਆਂ। ਸੰਤ ਸੀਚੇਵਾਲ ਨੇ ਦੱਸਿਆ ਕਿ ਜਿਹੜੀਆਂ ਕੁੜੀਆਂ ਵਾਪਿਸ ਆਈਆਂ ਹਨ, ਉਨ੍ਹਾਂ ਵਿੱਚ ਬਹੁਤੀਆਂ ਕੁੜੀਆਂ ਕੋਲੋਂ ਟਰੈਵਲ ਏਜੰਟਾਂ ਵੱਲੋਂ ਇਕ ਅਜਿਹੇ ਸਮਝੌਤੇ 'ਤੇ ਦਸਤਖਤ ਕਰਵਾਏ ਜਾਂਦੇ ਹਨ, ਜਿਸ ਨਾਲ ਉਨ੍ਹਾਂ ਵੱਲੋਂ 2 ਸਾਲ ਤੱਕ ਲਡ਼ਕੀਆਂ ਨੂੰ ਫਸਾ ਲਿਆ ਜਾਂਦਾ ਹੈ ਤੇ ਸ਼ਰਤਾਂ ਨਾ ਪੂਰੀਆਂ ਕਰਨ ਦੀ ਹਾਲਤ ਵਿੱਚ ਲੱਖਾਂ ਵਿੱਚ ਪੈਸਿਆਂ ਦੀ ਮੰਗ ਉਨ੍ਹਾਂ ਦੇ ਪਰਿਵਾਰ ਕੋਲੋਂ ਕੀਤੀ ਜਾਂਦੀ ਹੈ।

ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

Simran Bhutto

This news is Content Editor Simran Bhutto