ਇਹ ਹੈ ਥਾਣਾ ਸਦਰ ਦੀਆਂ ਪੁਲਸ ਚੌਕੀਆਂ ਦਾ ਹਾਲ, ਮਹਿਲਾ ਕਰਮਚਾਰੀਆਂ ਲਈ ਨਹੀਂ ਹਨ ਪਖਾਨੇ

09/20/2017 11:37:54 AM

ਜਲੰਧਰ(ਮਹੇਸ਼)— ਕਮਿਸ਼ਨਰੇਟ ਦੇ ਥਾਣਾ ਸਦਰ ਵਿਚ ਪੈਂਦੀਆਂ ਚਾਰੇ ਪੁਲਸ ਚੌਕੀਆਂ ਪਰਾਗਪੁਰ, ਜਲੰਧਰ ਹਾਈਟਸ, ਜੰਡਿਆਲਾ ਅਤੇ ਫਤਿਹਪੁਰ ਵਿਚ ਮਹਿਲਾ ਪੁਲਸ ਕਰਮਚਾਰੀਆਂ ਲਈ ਪਖਾਨਿਆਂ ਦੀ ਵਿਵਸਥਾ ਨਹੀਂ ਹੈ, ਜਿਸ ਕਾਰਨ ਮਹਿਲਾ ਕਰਮਚਾਰੀਆਂ ਨੂੰ ਮੁਸ਼ਕਿਲ ਪੇਸ਼ ਆਉਂਦੀ ਹੈ। ਪਰਾਗਪੁਰ ਅਤੇ ਜੰਡਿਆਲਾ ਵਿਚ 1-1 ਮਹਿਲਾ ਪੁਲਸ ਕਰਮਚਾਰੀ ਤਾਇਨਾਤ ਹੈ, ਜਦੋਂਕਿ 66 ਫੁੱਟ ਰੋਡ 'ਤੇ ਬਣੀ ਜਲੰਧਰ ਹਾਈਟਸ ਪੁਲਸ ਚੌਕੀ ਵਿਚ  ਬਤੌਰ ਇੰਚਾਰਜ ਮਹਿਲਾ ਪੁਲਸ ਅਧਿਕਾਰੀ ਪਰਮਜੀਤ ਕੌਰ ਸਬ-ਇੰਸਪੈਕਟਰ ਤਾਇਨਾਤ ਹੈ। 
ਅਜਿਹਾ ਹੀ ਹਾਲ ਪੁਲਸ ਚੌਕੀ ਫਤਿਹਪੁਰ (ਪ੍ਰਤਾਪਪੁਰਾ) ਦਾ ਹੈ ਪਰ ਇਥੇ ਮਹਿਲਾ ਪੁਲਸ ਕਰਮਚਾਰੀ ਪੱਕੇ ਤੌਰ 'ਤੇ ਕੋਈ ਵੀ ਨਹੀਂ ਹੈ। ਪੁਲਸ ਚੌਕੀ ਵਿਚ ਔਰਤਾਂ ਨਾਲ ਸੰਬੰਧਤ ਕੇਸ ਆਉਣ 'ਤੇ ਥਾਣਾ ਸਦਰ ਤੋਂ ਮਹਿਲਾ ਪੁਲਸ ਕਰਮਚਾਰੀ ਨੂੰ ਬੁਲਾਉਣਾ ਪੈਂਦਾ ਹੈ।
ਹੋਰ ਤਾਂ ਹੋਰ ਇਨ੍ਹਾਂ ਪੁਲਸ ਚੌਕੀਆਂ ਵਿਚ ਆਪਣੇ ਮਸਲਿਆਂ ਨੂੰ ਲੈ ਕੇ ਆਉਣ ਵਾਲੀਆਂ ਔਰਤਾਂ ਨੂੰ ਵੀ ਪਖਾਨੇ ਨਾ ਹੋਣ ਕਾਰਨ ਪਰੇਸ਼ਾਨੀ ਝੱਲਣੀ ਪੈਂਦੀ ਹੈ। ਪਰਾਗਪੁਰ ਪੁਲਸ ਚੌਕੀ ਵਿਚ ਤਾਂ ਜੋ ਪਖਾਨੇ ਮਰਦਾਂ ਲਈ ਬਣੇ ਹਨ, ਉਨ੍ਹਾਂ ਦੀ ਹਾਲਤ ਵੀ ਸਹੀ ਨਹੀਂ ਹੈ। ਜੰਡਿਆਲਾ ਪੁਲਸ ਚੌਕੀ ਦੇ ਇੰਚਾਰਜ ਮੇਜਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਚੌਕੀ ਵਿਚ 2 ਪਖਾਨੇ ਹਨ, ਜਿਨ੍ਹਾਂ 'ਚੋਂ ਉਨ੍ਹਾਂ ਨੇ ਇਕ ਪਖਾਨਾ ਮਹਿਲਾ ਪੁਲਸ ਕਰਮਚਾਰੀਆਂ ਨੂੰ ਦਿੱਤਾ ਹੋਇਆ ਹੈ, ਉਸ ਦੀ ਚਾਬੀ ਵੀ ਮਹਿਲਾ ਕਰਮਚਾਰੀ ਕੋਲ ਹੀ ਹੁੰਦੀ ਹੈ। ਇਸੇ ਤਰ੍ਹਾਂ ਜੰਡੂਸਿੰਘਾ ਪੁਲਸ ਚੌਕੀ ਵਿਚ ਵੀ ਮਹਿਲਾ ਪੁਲਸ ਕਰਮਚਾਰੀਆਂ ਲਈ ਪਖਾਨੇ ਨਹੀਂ ਹੈ। ਇਸ ਚੌਕੀ ਦੇ ਅਧੀਨ ਇਲਾਕੇ ਦੇ ਕਈ ਪਿੰਡ ਪੈਂਦੇ ਹਨ। ਜਲੰਧਰ ਹਾਈਟਸ ਅਤੇ ਫਤਿਹਪੁਰ ਚੌਕੀਆਂ ਨੂੰ ਛੱਡ ਕੇ ਪਰਾਗਪੁਰ, ਜੰਡਿਆਲਾ ਅਤੇ ਜੰਡੂਸਿੰਘਾ ਚੌਕੀਆਂ ਕਾਫੀ ਪੁਰਾਣੀਆਂ ਬਣੀਆਂ ਹਨ। ਕਮਿਸ਼ਨਰੇਟ ਦੇ ਤਿੰਨੇ ਥਾਣਿਆਂ ਥਾਣਾ ਸਦਰ (ਜਮਸ਼ੇਰ), ਥਾਣਾ ਰਾਮਾ ਮੰਡੀ (ਸੂਰਿਆ ਇਨਕਲੇਵ), ਥਾਣਾ ਕੈਂਟ ਤੇ ਚੌਕੀ ਦਹੋਕਾ (ਨੰਗਲਸ਼ਾਮਾ) ਤੋਂ ਇਲਾਵਾ ਦਿਹਾਤੀ ਪੁਲਸ ਦੇ ਥਾਣਾ ਪਤਾਰਾ ਆਦਿ ਦੀਆਂ ਬਿਲਡਿੰਗਾਂ ਨਵੀਆਂ ਬਣੀਆਂ ਹੋਣ ਕਾਰਨ ਇਥੇ ਮਹਿਲਾ ਪੁਲਸ ਕਰਮਚਾਰੀਆਂ ਲਈ ਵੱਖਰੇ ਪਖਾਨੇ ਦੀ ਸਹੂਲਤ ਹੈ।