ਮਹਿਲਾ ਨੇ ਜੇ. ਈ. ''ਤੇ ਲਾਏ ਅਸ਼ਲੀਲ ਮੈਸੇਜ ਭੇਜਣ ਦੇ ਦੋਸ਼

10/31/2017 5:59:18 AM

ਚੰਡੀਗੜ੍ਹ, (ਸੁਸ਼ੀਲ)- ਟਿਊਬਵੈੱਲ ਆਪਰੇਟਰ ਦੀ ਭੈਣ ਨੂੰ ਵਟਸਐਪ 'ਤੇ ਪ੍ਰਸ਼ਾਸਨ ਦੇ ਜੇ. ਈ. ਨੇ ਅਸ਼ਲੀਲ ਮੈਸੇਜ ਭੇਜ ਦਿੱਤੇ। ਆਪਰੇਟਰ ਦੀ ਭੈਣ ਨੇ ਇਸ ਮਾਮਲੇ ਦੀ ਸ਼ਿਕਾਇਤ ਸਬ ਡਵੀਜ਼ਨ ਨੰਬਰ-1 ਦੇ ਐਕਸੀਅਨ ਤੇ ਐੱਸ. ਡੀ. ਓ. ਨੂੰ ਦਿੱਤੀ। ਦੋਵਾਂ ਨੇ ਮਹਿਲਾ, ਉਸਦੇ ਪਤੀ ਤੇ ਭਰਾ ਨੂੰ ਜ਼ਲੀਲ ਕਰਕੇ ਦਫਤਰ ਤੋਂ ਬਾਹਰ ਕੱਢ ਦਿੱਤਾ। ਇਸ ਤੋਂ ਬਾਅਦ ਮਹਿਲਾ ਨੇ ਉਕਤ ਜੇ. ਈ. ਖਿਲਾਫ ਅਸ਼ਲੀਲ ਮੈਸੇਜ ਭੇਜਣ ਤੇ ਐਕਸੀਅਨ ਖ਼ਿਲਾਫ ਦੁਰਵਿਵਹਾਰ ਕਰਨ ਦੀ ਸ਼ਿਕਾਇਤ ਐੱਸ. ਐੱਸ. ਪੀ. ਚੰਡੀਗੜ੍ਹ ਨੂੰ ਦਿੱਤੀ। 
ਐੱਸ. ਐੱਸ. ਪੀ. ਨੇ ਮਾਮਲੇ ਦੀ ਜਾਂਚ ਸਾਈਬਰ ਸੈੱਲ ਨੂੰ ਦਿੱਤੀ । ਮਹਿਲਾ ਨੇ ਦੋਸ਼ ਲਾਇਆ ਕਿ ਸਾਈਬਰ ਸੈੱਲ ਵੀ ਉਕਤ ਜੇ. ਈ. ਖਿਲਾਫ ਕਾਨੂੰਨੀ ਕਾਰਵਾਈ ਕਰਨ ਦੀ ਥਾਂ ਉਸਨੂੰ ਬਚਾਉਣ 'ਚ ਲੱਗਾ ਹੋਇਆ ਹੈ। 15 ਦਿਨਾਂ ਤੋਂ ਪੁਲਸ ਨੂੰ ਉਕਤ ਜੇ. ਈ., ਐਕਸੀਅਨ ਤੇ ਐੱਸ. ਡੀ. ਓ. ਦੀ ਸ਼ਿਕਾਇਤ ਦਿੱਤੀ ਤਾਂ ਉਨ੍ਹਾਂ ਨੇ ਉਸ ਦੇ ਪਤੀ ਤੇ ਭਰਾ ਨੂੰ ਟਿਊਬਵੈੱਲ ਆਪਰੇਟਰ ਦੀ ਨੌਕਰੀ ਤੋਂ ਕੱਢ ਦਿੱਤਾ। ਮਨੀਮਾਜਰਾ ਨਿਵਾਸੀ ਮਹਿਲਾ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਉਸਦਾ ਪਤੀ ਤੇ ਭਰਾ ਆਈ. ਟੀ. ਪਾਰਕ 'ਚ ਟਿਊਬਵੈੱਲ ਆਪਰੇਟਰ ਹਨ, ਕੁਝ ਦਿਨ ਪਹਿਲਾਂ ਉਸਦੇ ਭਰਾ ਨੇ ਆਪਣੀ ਤਨਖਾਹ ਨੂੰ ਲੈ ਕੇ ਉਸਦੇ ਮੋਬਾਇਲ ਫੋਨ ਤੋਂ ਉਕਤ ਜੇ. ਈ.  ਨੂੰ ਫੋਨ ਕਰ ਦਿੱਤਾ। ਉਸਦੇ ਮੋਬਾਇਲ ਨੰਬਰ ਦੇ ਵਟਸਐਪ 'ਤੇ ਉਸਦੀ ਫੋਟੋ ਲੱਗੀ ਹੋਈ ਸੀ। ਮਹਿਲਾ ਨੇ ਦੋਸ਼ ਲਾਇਆ ਕਿ ਉਕਤ ਜੇ. ਈ. ਨੇ ਉਸ ਨੂੰ ਅਸ਼ਲੀਲ ਮੈਸੇਜ ਭੇਜਣੇ ਸ਼ੁਰੂ ਕਰ ਦਿੱਤੇ ਸਨ। ਕਈ ਦਿਨ ਉਸਨੇ ਇਨ੍ਹਾਂ ਨੂੰ ਅਣਦੇਖਿਆ ਕੀਤਾ ਤੇ ਫਿਰ ਉਸਨੇ ਤੰਗ ਆ ਕੇ ਵਟਸਐਪ ਚਲਾਉਣਾ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਕਤ ਜੇ. ਈ. ਮਿਸ ਕਾਲ ਕਰਨ ਲੱਗਾ। ਇਕ ਦਿਨ ਮਹਿਲਾ ਦੇ ਭਰਾ ਨੇ ਫੋਨ 'ਤੇ ਮਿਸ ਕਾਲ ਦੇਖ ਕੇ ਉਸ ਨਾਲ ਗੱਲ ਕੀਤੀ। 
ਭਰਾ ਨੇ ਉਕਤ ਜੇ. ਈ. ਨੂੰ ਮਿਲ ਕੇ ਇਸਦਾ ਕਾਰਨ ਪੁੱਛਿਆ ਤਾਂ ਉਹ ਕਹਿਣ ਲੱਗਾ ਕਿ ਜੇ ਕਿਸੇ ਕੋਲ ਗੱਲ ਕੀਤੀ ਤਾਂ ਤੇਰੀ ਨੌਕਰੀ ਚਲੀ ਜਾਵੇਗੀ। ਇਸ ਤੋਂ ਬਾਅਦ ਮਹਿਲਾ ਤੇ ਉਸਦੇ ਭਰਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ। ਉਧਰ ਉਕਤ  ਜੇ. ਈ. ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਹ ਮੀਟਿੰਗ ਵਿਚ ਹਨ।