ਨਗਰ ਕੌਂਸਲ ਦੇ ਪ੍ਰਧਾਨ ਨੇ ਔਰਤ ਨਾਲ ਕੀਤਾ ਬਲਾਤਕਾਰ, ਐੱਸ. ਆਈ. ਟੀ. ਦਾ ਗਠਨ

05/05/2019 12:51:15 PM

ਕਪੂਰਥਲਾ (ਮੱਲ੍ਹੀ)— ਸੁਲਤਾਨਪੁਰ ਲੋਧੀ ਦੇ ਨਗਰ ਕੌਂਸਲ ਪ੍ਰਧਾਨ ਅਤੇ ਉਸ ਦੇ ਇਕ ਸਾਥੀ 'ਤੇ ਨੌਕਰੀ ਦੇਣ ਬਹਾਨੇ ਇਕ ਔਰਤ ਵੱਲੋਂ ਸਰੀਰਕ ਸ਼ੋਸ਼ਣ ਕਰਨ ਦੇ ਲਗਾਏ ਦੋਸ਼ਾਂ ਦੀ ਜਾਂਚ ਲਈ ਐੱਸ. ਐੱਸ. ਪੀ. ਕਪੂਰਥਲਾ ਵੱਲੋਂ ਐੱਸ. ਪੀ. ਆਪ੍ਰੇਸ਼ਨ ਦੀ ਅਗਵਾਈ 'ਚ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਜਿਸ 'ਚ ਡੀ. ਐੱਸ. ਪੀ. ਸੁਲਤਾਨਪੁਰ ਲੋਧੀ ਅਤੇ ਵੂਮੈਨ ਸੈੱਲ ਸੁਲਤਾਨਪੁਰ ਲੋਧੀ ਨੂੰ ਸ਼ਾਮਲ ਕੀਤਾ ਗਿਆ ਹੈ। ਦੂਜੇ ਪਾਸੇ ਦੋਸ਼ਾਂ 'ਚ ਘਿਰੇ ਨਗਰ ਕੌਂਸਲ ਦੇ ਪ੍ਰਧਾਨ ਦੇ ਅਸਤੀਫੇ ਦੀ ਅਫਵਾਹ ਨੂੰ ਹਲਕਾ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਨਕਾਰਦਿਆਂ ਕਿਹਾ ਕਿ ਪੁਲਸ ਹਾਲੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਅਤੇ ਜਾਂਚ ਮੁਕੰਮਲ ਹੋਣ ਤੋਂ ਪਹਿਲਾਂ ਅਸਤੀਫਾ ਲੈਣ ਦੀ ਕੋਈ ਤੁੱਕ ਨਹੀਂ ਬਣਦੀ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੇ ਹਲਕਾ ਇੰਚਾਰਜ ਅਕਾਲੀ ਆਗੂ ਨੇ ਵੀ ਮੁੱਖ ਮੰਤਰੀ ਪੰਜਾਬ ਅਤੇ ਡੀ. ਜੀ. ਪੀ. ਪਾਸੋਂ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਮੁਲਜ਼ਮਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ। 
ਸ਼ੁੱਕਰਵਾਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਦਫਤਰ 'ਚ ਦਰਜਾ ਚਾਰ ਕਰਮਚਾਰੀ ਦੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਕੌਂਸਲ ਦੇ ਦਫਤਰ 'ਚ ਕਈ ਵਾਰ ਉਸ ਨਾਲ ਕੌਂਸਲ ਦੇ ਪ੍ਰਧਾਨ ਅਤੇ ਉਸ ਦੇ ਇਕ ਸਾਥੀ ਵੱਲੋਂ ਜਬਰ-ਜ਼ਨਾਹ ਕਰਨ ਦੇ ਮਾਮਲੇ ਸਬੰਧੀ ਐੱਸ. ਐੱਸ. ਪੀ. ਸਤਿੰਦਰ ਸਿੰਘ ਨੇ 'ਜਗ ਬਾਣੀ' ਨੂੰ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ, ਜਿਸ ਦੀ ਰਿਪੋਰਟ ਜਲਦ ਦੇਣ ਲਈ ਤਿੰਨ ਮੈਂਬਰੀ ਐੱਸ. ਆਈ. ਟੀ. ਕਮੇਟੀ ਨੂੰ ਹੁਕਮ ਜਾਰੀ ਕੀਤੇ ਗਏ ਹਨ। ਪੀੜਤ ਔਰਤ ਵੱਲੋਂ ਸੁਲਤਾਨਪੁਰ ਲੋਧੀ ਦੀ ਪੁਲਸ ਵੱਲੋਂ ਕਈ ਦਿਨਾਂ ਤੱਕ ਉਸ ਦੀ ਕੋਈ ਸੁਣਵਾਈ ਨਾ ਕਰਨ ਦੇ ਮਾਮਲੇ 'ਚ ਪੁੱਛਣ 'ਤੇ ਉਨ੍ਹਾਂ ਕਿਹਾ ਕਿ ਐੱਸ. ਆਈ. ਟੀ. ਦੀ ਅਗਵਾਈ ਐੱਸ. ਪੀ. (ਆਪ੍ਰੇਸ਼ਨ) ਕਰ ਰਹੇ ਹਨ ਅਤੇ ਨਿਰਪੱਖ ਜਾਂਚ ਹੀ ਹੋਵੇਗੀ। 
ਜ਼ਿਕਰਯੋਗ ਹੈ ਕਿ ਸੁਲਤਾਨਪੁਰ ਲੋਧੀ ਹਲਕੇ ਨੇੜਲੇ ਖੇਤਰ ਦੇ ਇਕ ਪਿੰਡ ਦੀ ਰਹਿਣ ਵਾਲੀ ਔਰਤ ਨੇ ਐੱਸ. ਐੱਸ. ਪੀ. ਕਪੂਰਥਲਾ ਸਤਿੰਦਰ ਸਿੰਘ ਨੂੰ ਸ਼ੁੱਕਰਵਾਰ ਇਕ ਲਿਖਤੀ ਸ਼ਿਕਾਇਤ 'ਚ ਦੱਸਿਆ ਸੀ ਕਿ ਉਹ ਗਰੀਬ ਹੈ ਅਤੇ ਪਰਿਵਾਰ ਪਾਲਣ ਲਈ ਉਸ ਨੂੰ ਨੌਕਰੀ ਦੀ ਬੇਹੱਦ ਲੋੜ ਸੀ ਅਤੇ ਉਸ ਨੂੰ ਪਤਾ ਲੱਗਾ ਸੀ ਕਿ ਨਗਰ ਕੌਂਸਲ ਸੁਲਤਾਨਪੁਰ ਲੋਧੀ ਦਫਤਰ 'ਚ ਦਰਜਾ ਚਾਰ ਕਰਮਚਾਰੀਆਂ ਦੀਆਂ ਕੁਝ ਨੌਕਰੀਆਂ ਨਿਕਲੀਆਂ ਹਨ। ਇਸ ਸਬੰਧੀ ਜਦੋਂ ਉਹ ਨਗਰ ਕੌਂਸਲ ਦੇ ਪ੍ਰਧਾਨ ਨੂੰ ਮਿਲੀ ਤਾਂ ਜਿਨ੍ਹਾਂ ਨੂੰ ਨੌਕਰੀ ਸਬੰਧੀ ਪੁੱਛਿਆ ਤਾਂ ਇਸ ਦੌਰਾਨ ਉਨ੍ਹਾਂ ਨੇ ਆਪਣਾ ਮੋਬਾਇਲ ਨੰਬਰ ਨੋਟ ਕਰਵਾਇਆ ਅਤੇ ਉਸ ਦਾ ਮੋਬਾਇਲ ਨੰਬਰ ਲੈ ਗਿਆ। ਪੀੜਤ ਔਰਤ ਅਨੁਸਾਰ ਕੁਝ ਦਿਨਾਂ ਬਾਅਦ ਸ਼ਾਮ ਨੂੰ ਫੋਨ ਕਰਕੇ ਨਗਰ ਕੌਂਸਲ ਦੇ ਦਫਤਰ ਸੁਲਤਾਨਪੁਰ ਲੋਧੀ ਆਉਣ ਲਈ ਕਿਹਾ ਗਿਆ, ਉੱਥੇ ਪਹਿਲਾਂ ਤੋਂ ਹੀ ਇਕ ਵਿਅਕਤੀ ਬੈਠਾ ਸੀ ਅਤੇ ਦੋਹਾਂ ਨੇ ਮੇਰੀ ਮਜਬੂਰੀ ਦਾ ਨਾਜਾਇਜ਼ ਫਾਇਦਾ ਉਠਾਉਂਦਿਆਂ ਹੋਇਆਂ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਜਲਦੀ ਹੀ ਨੌਕਰੀ ਦਾ ਨਿਯੁਕਤੀ ਪੱਤਰ ਦੇਣ ਦੀ ਗੱਲ ਆਖੀ ਪਰ ਉਸ ਦੇ ਬਾਅਦ ਤੋਂ ਦੋਵਾਂ ਨੇ ਹਰ ਰੋਜ਼ ਸ਼ਾਮ ਉਸ ਨੂੰ ਬੁਲਾ ਕੇ ਹਵਸ ਦਾ ਸ਼ਿਕਾਰ ਬਣਾਉਂਦੇ ਰਹੇ ਉਪਰੰਤ 27 ਅਪ੍ਰੈਲ ਨੂੰ ਦੋਹਾਂ ਨੇ ਉਸ ਨੂੰ ਫਿਰ ਬੁਲਾਇਆ ਅਤੇ ਜਦੋਂ ਉਸ ਨੇ ਨਿਯੁਕਤੀ ਪੱਤਰ ਮੰਗਿਆ ਤਾਂ ਉਨ੍ਹਾਂ ਕਿਹਾ ਕਿ ਨਿਯੁਕਤੀ ਪੱਤਰ ਨਹੀਂ ਹੈ। ਪੀੜਤ ਔਰਤ ਨੇ ਕਿਹਾ ਕਿ ਉਹ ਦੋ ਦਿਨ ਸੁਲਤਾਨਪੁਰ ਲੋਧੀ ਦੀ ਪੁਲਸ ਕੋਲ ਸ਼ਿਕਾਇਤ ਲੈ ਕੇ ਜਾਂਦੀ ਰਹੀ ਪਰ ਕਿਸੇ ਨੇ ਵੀ ਮੇਰੀ ਕੋਈ ਗੱਲ ਨਹੀਂ ਸੁਣੀ। ਜਦਕਿ ਅਸੀਂ ਐੱਸ. ਐੱਸ. ਪੀ. ਕਪੂਰਥਲਾ ਨੂੰ ਲਿਖਤੀ ਸ਼ਿਕਾਇਤ ਪੱਤਰ ਦੇ ਕੇ ਇਨਸਾਫ/ਨਿਆਂ ਦੀ ਗੁਹਾਰ ਲਗਾਈ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਖੂਬ ਵਾਇਰਲ ਹੋ ਰਿਹਾ ਹੈ।
ਦੂਜੇ ਪਾਸੇ ਪੀੜਤ ਔਰਤ ਦੇ ਵਕੀਲ ਐਡਵੋਕੇਟ ਚੰਦਰ ਸ਼ੇਖਰ ਦਾ ਕਹਿਣਾ ਹੈ ਕਿ ਉਹ ਇਸ ਬਾਬਤ ਖੁਦ ਐੱਸ. ਐੱਸ. ਪੀ. ਨੂੰ ਮਿਲ ਕੇ ਉਨ੍ਹਾਂ ਨੂੰ ਉਕਤ ਘਟਨਾ ਸਬੰਧੀ ਕਈ ਸਬੂਤ ਸੌਂਪ ਚੁੱਕੇ ਹਨ ਅਤੇ ਆਸ ਹੈ ਕਿ ਪੁਲਸ ਜਲਦ ਕਾਰਵਾਈ ਕਰੇਗੀ। ਇਸੇ ਤਰ੍ਹਾਂ ਨਗਰ ਕੌਂਸਲ ਪ੍ਰਧਾਨ ਸੁਲਤਾਨਪੁਰ ਲੋਧੀ ਦਾ ਪੱਖ ਜਾਨਣ ਲਈ ਪੱਤਰਕਾਰਾਂ ਵੱਲੋਂ ਸੰਪਰਕ ਕਰਨ 'ਤੇ ਸੰਪਰਕ ਨਹੀ ਹੋ ਸਕਿਆ ਕਿਉਂਕਿ ਉਨ੍ਹਾਂ ਦਾ ਫੋਨ ਲਗਾਤਾਰ ਬੰਦ ਆ ਰਿਹਾ ਹੈ। ਦੂਜੇ ਪਾਸੇ ਉਨ੍ਹਾਂ ਦੇ ਸਾਥੀ ਜਿਸ 'ਤੇ ਔਰਤ ਨੇ ਜਬਰ-ਜ਼ਨਾਹ ਸਮੇਂ ਸ਼ਾਮਲ ਹੋਣ ਦੇ ਦੋਸ਼ ਲਗਾਏ ਸਨ ਨੇ ਪੀੜਤ ਔਰਤ ਵੱਲੋਂ ਲਗਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਉਹ ਨਾ ਉਕਤ ਔਰਤ ਨੂੰ ਕਦੇ ਮਿਲਿਆ ਹੈ ਨਾ ਹੀ ਉਸ ਨੇ ਔਰਤ ਨੂੰ ਕਦੇ ਫੋਨ ਕੀਤਾ ਹੈ ਜਦਕਿ ਉਸ ਨੂੰ ਪੀੜਤ ਔਰਤ ਵੱਲੋਂ ਕਿਸੇ ਸਾਜ਼ਿਸ਼ ਤਹਿਤ ਬਦਨਾਮ ਕੀਤਾ ਜਾ ਰਿਹਾ ਹੈ।

shivani attri

This news is Content Editor shivani attri