ਫਗਵਾੜਾ ''ਚ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ

09/18/2019 11:55:44 PM

ਫਗਵਾੜਾ (ਹਰਜੋਤ)-ਅੱਜ ਇੱਥੇ ਸਵੇਰੇ ਸੁਖਚੈਨ ਨਗਰ ਵਿਖੇ ਲੁਟੇਰਿਆਂ ਨੇ ਇਕ ਘਰ 'ਚ ਦਾਖ਼ਲ ਹੋ ਕੇ ਤੇਜ਼ਧਾਰ ਹਥਿਆਰਾਂ ਨਾਲ ਔਰਤ ਦਾ ਕਤਲ ਕਰ ਦਿੱਤਾ। ਮ੍ਰਿਤਕ ਔਰਤ ਦੀ ਪਛਾਣ ਕੁਲਦੀਪ ਕੌਰ (40) ਪਤਨੀ ਨਰਿੰਦਰ ਸਿੰਘ ਵਾਸੀ ਸੁਖਚੈਨ ਨਗਰ ਵਜੋਂ ਹੋਈ ਹੈ।
ਜਾਣਕਾਰੀ ਅਨੁਸਾਰ ਮ੍ਰਿਤਕ ਔਰਤ ਆਪਣੇ ਘਰ 'ਚ ਆਪਣੇ 12 ਸਾਲਾ ਪੁੱਤਰ ਸਾਹਿਲਦੀਪ ਨਾਲ ਰਹਿੰਦੀ ਸੀ ਅਤੇ ਉਸ ਦਾ ਪਤੀ ਦੁਬਈ ਵਿਖੇ ਰਹਿੰਦਾ ਹੈ। ਮ੍ਰਿਤਕ ਔਰਤ ਅੱਜ ਸਵੇਰੇ ਆਪਣੇ ਲੜਕੇ ਨੂੰ ਸਕੂਲ ਦੀ ਬੱਸ ਤੱਕ ਛੱਡਣ ਲਈ ਗਲੀ ਤੋਂ ਬਾਹਰ ਗਈ ਸੀ ਅਤੇ ਆਪਣੇ ਘਰ ਦੇ ਦਰਵਾਜ਼ੇ ਨੂੰ ਤਾਲਾ ਲਾ ਕੇ ਗਈ ਸੀ। ਜਦੋਂ ਉਹ ਵਾਪਸ ਆ ਕੇ ਅੰਦਰ ਗਈ ਤਾਂ ਉਸ ਦੀ ਆਪਣੀ ਭਰਜਾਈ ਮਨਜੀਤ ਕੌਰ ਨਾਲ ਫ਼ੋਨ 'ਤੇ ਗੱਲਬਾਤ ਚੱਲ ਰਹੀ ਸੀ ਤਾਂ ਅਚਾਨਕ ਲੁਟੇਰਿਆਂ ਨੇ ਉਸ ਨੂੰ ਦਬੋਚ ਲਿਆ ਤੇ ਉਸ 'ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਉਸ ਦੀਆਂ ਚੀਕਾਂ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਫ਼ੋਨ ਸੁਣ ਰਹੀ ਉਸ ਦੀ ਭਰਜਾਈ ਨੇ ਚੀਕਾਂ ਸੁਣ ਲਈਆਂ।

ਉਸ ਦੀ ਭਰਜਾਈ ਮਨਜੀਤ ਕੌਰ ਜੋ ਨਜ਼ਦੀਕ ਪੈਂਦੇ ਪਿੰਡ ਨਾਨਕ ਨਗਰ ਵਿਖੇ ਰਹਿੰਦੀ ਸੀ ਉਹ ਆਪਣੇ ਘਰ ਵਾਲੇ ਮਨਜੀਤ ਸਿੰਘ ਜੋ ਖੇਤਾਂ 'ਚ ਕੰਮ ਕਰ ਰਿਹਾ ਸੀ ਉਸ ਨੂੰ ਜਲਦੀ ਨਾਲ ਲੈ ਕੇ ਜਦੋਂ ਕੁਲਦੀਪ ਕੌਰ ਦੇ ਘਰ ਪੁੱਜੀ ਤਾਂ ਦੇਖਿਆ ਕਿ ਦਰਵਾਜ਼ਾ ਬੰਦ ਸੀ ਤਾਂ ਉਸ ਦਾ ਪਤੀ ਦਰਵਾਜ਼ਾ ਟੱਪ ਕੇ ਅੰਦਰ ਦਾਖਲ ਹੋ ਗਿਆ ਅਤੇ ਦੇਖਿਆ ਕਿ ਉਹ ਅੰਦਰ ਸੀ, ਜਿਸ ਨੂੰ ਚੁੱਕ ਕੇ ਜਦੋਂ ਹਸਪਤਾਲ ਲੈ ਗਏ ਜਿੱਥੇ ਲੁਟੇਰਿਆਂ ਵਲੋਂ ਮਾਰੇ ਤੇਜ਼ਧਾਰ ਹਥਿਆਰਾਂ ਕਾਰਣ ਉਸ ਦੀ ਮੌਤ ਹੋ ਚੁੱਕੀ ਸੀ।

ਘਟਨਾ ਦੀ ਸੂਚਨਾ ਮਿਲਦੇ ਸਾਰ ਐੱਸ. ਪੀ. ਮਨਵਿੰਦਰ ਸਿੰਘ, ਡੀ. ਐੱਸ. ਪੀ. ਸੁਰਿੰਦਰ ਚਾਂਦ ਤੇ ਐੱਸ. ਐੱਚ. ਓ. ਸਦਰ ਮਨਮੋਹਨ ਸਿੰਘ, ਐੱਸ. ਐੱਚ. ਓ. ਰਾਵਲਪਿੰਡੀ ਊਸ਼ਾ ਰਾਣੀ ਘਟਨਾ ਸਥਾਨ 'ਤੇ ਪੁੱਜੇ ਅਤੇ ਜਾਂਚ ਸ਼ੁਰੂ ਕੀਤੀ। ਇਸ ਮੌਕੇ ਫ਼ਿੰਗਰ ਪ੍ਰਿੰਟ ਮਾਹਿਰ ਵੀ ਬੁਲਾਏ ਗਏ ਅਤੇ ਉਨ੍ਹਾਂ ਵਲੋਂ ਵੀ ਸੈਂਪਲ ਲਏ ਗਏ ਹਨ। ਐੱਸ. ਪੀ. ਨੇ ਦੱਸਿਆ ਕਿ ਸਦਰ ਪੁਲਸ ਥਾਣੇ 'ਚ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਕੁੱਝ ਕੁ ਮਿੰਟਾਂ 'ਚ ਘਟਨਾ ਨੂੰ ਅੰਜਾਮ ਦੇ ਕੇ ਤੁਰਦੇ ਬਣੇ ਲੁਟੇਰੇ
ਲੁਟੇਰੇ ਉਸ ਜਗ੍ਹਾ ਤੋਂ ਆਏ ਜਿਸ ਪਾਸੇ ਕੋਈ ਵੀ ਸੀ. ਸੀ. ਟੀ. ਵੀ. ਕੈਮਰਾ ਨਹੀਂ ਸੀ ਅਤੇ ਉਹ ਆਪਣੀ ਘਟਨਾ ਨੂੰ ਕੁੱਝ ਕੁ ਮਿੰਟਾਂ 'ਚ ਅੰਜਾਮ ਦੇ ਕੇ ਤੁਰਦੇ ਬਣੇ। ਮ੍ਰਿਤਕ ਦੀ ਭਰਜਾਈ ਮਨਜੀਤ ਕੌਰ ਤੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਕੁਲਦੀਪ ਕੌਰ ਦਾ ਫ਼ੋਨ ਉਸ ਨੂੰ ਕਰੀਬ 7.15 ਵਜੇ ਆਇਆ ਸੀ ਤੇ ਉਨ੍ਹਾਂ ਦੀ ਆਪਸ 'ਚ ਗੱਲਬਾਤ ਚੱਲ ਰਹੀ ਸੀ ਜਦੋਂ 7.20 'ਤੇ ਉਨ੍ਹਾਂ ਨੂੰ ਅਚਾਨਕ ਚੀਕ ਸੁਣਾਈ ਦਿੱਤੀ ਤੇ ਦੁਬਾਰਾ ਗੱਲ ਨਹੀਂ ਹੋ ਸਕੀ।

4 ਅਕਤੂਬਰ ਨੂੰ ਮ੍ਰਿਤਕ ਦੇ ਪਤੀ ਨੇ ਵਿਦੇਸ਼ ਤੋਂ ਆਉਣਾ ਸੀ
ਮ੍ਰਿਤਕ ਕੁਲਦੀਪ ਕੌਰ ਦਾ ਵਿਆਹ ਸੰਨ 1999 'ਚ ਹੋਇਆ ਸੀ ਤੇ ਪ੍ਰਮਾਤਮਾ ਨੇ 8 ਸਾਲ ਬਾਅਦ ਉਸ ਨੂੰ ਲੜਕਾ ਸਾਹਿਲਦੀਪ ਦਿੱਤਾ ਸੀ। ਮ੍ਰਿਤਕ ਔਰਤ ਤਿੰਨ ਭੈਣਾਂ ਜਿਨ੍ਹਾਂ 'ਚੋਂ ਇਕ ਭੈਣ ਲੁਧਿਆਣਾ, ਇਕ ਭੈਣ ਕੈਨੇਡਾ ਤੇ ਕੁਲਦੀਪ ਕੌਰ ਇੱਥੇ ਰਹਿ ਰਹੀ ਸੀ ਤੇ ਇਨ੍ਹਾਂ ਦਾ ਭਰਾ ਮਨਜੀਤ ਸਿੰਘ ਪਿੰਡ ਨਾਨਕ ਨਗਰ ਵਿਖੇ ਰਹਿ ਰਿਹਾ ਹੈ।
ਮ੍ਰਿਤਕ ਦਾ ਲੜਕਾ ਸਾਹਿਲਦੀਪ 8ਵੀਂ ਕਲਾਸ 'ਚ ਐਪਲਅੋਰਚਿਡ ਸਕੂਲ ਵਿਖੇ ਪੜ੍ਹਦਾ ਸੀ ਅਤੇ ਪਤੀ ਪਿਛਲੇ ਕਰੀਬ 10 ਸਾਲਾਂ ਤੋਂ ਦੁਬਈ 'ਚ ਰਹਿ ਰਿਹਾ ਹੈ ਅਤੇ ਉਸ ਦੇ ਪਤੀ ਨੇ 4 ਅਕਤੂਬਰ ਨੂੰ ਇੰਡੀਆ ਆਉਣਾ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ ਕਿ ਉਨ੍ਹਾਂ ਦਾ ਆਪਸ 'ਚ ਮੇਲ ਹੋਣ ਤੋਂ ਪਹਿਲਾਂ ਹੀ ਉਹ ਖੁਦਾ ਨੂੰ ਪਿਆਰੀ ਹੋ ਗਈ। ਮ੍ਰਿਤਕਾ ਦੇ ਭਰਾ ਮਨਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਭੈਣ ਨੇ ਗਲੇ 'ਚ ਸੋਨੇ ਦੀ ਚੈਨੀ, ਦੋ ਵਾਲੀਆਂ ਤੇ ਮੁੰਦਰੀਆਂ ਪਾਈਆਂ ਹੋਈਆਂ ਸਨ ਜੋ ਕਿ ਗਾਇਬ ਹਨ, ਜਿਸ ਤੋਂ ਇਹ ਮਾਮਲਾ ਲੁੱਟ ਦਾ ਹੀ ਜਾਪ ਰਿਹਾ ਹੈ।

ਪੁਲਸ ਨੇ ਕੀਤੀ ਆਲੇ-ਦੁਆਲੇ ਪਲਾਟਾਂ 'ਚ ਚੈਕਿੰਗ
ਕਤਲ ਦੇ ਮਾਮਲੇ ਨੂੰ ਲੈ ਕੇ ਪੁਲਸ ਨੇ ਘਰ ਦੇ ਆਲੇ-ਦੁਆਲੇ ਪੈਂਦੇ ਪਲਾਟਾਂ 'ਚ ਚੈਕਿੰਗ ਕੀਤੀ ਤਾਂ ਜੋ ਲੁਟੇਰੇ ਵਾਰਦਾਤ ਸਮੇਂ ਵਰਤੇ ਜਾਣ ਵਾਲੇ ਹਥਿਆਰ ਇੱਥੇ ਹੀ ਤਾਂ ਨਹੀਂ ਸੁੱਟ ਗਏ ਪਰ ਇਨ੍ਹਾਂ ਪਲਾਟਾਂ 'ਚੋਂ ਪੁਲਸ ਨੂੰ ਕੁੱਝ ਵੀ ਨਹੀਂ ਮਿਲ ਸਕਿਆ।

ਘਟਨਾ ਕਾਰਣ ਲੋਕਾਂ 'ਚ ਸਹਿਮ
ਲੁਟੇਰਿਆਂ ਦਾ ਟਾਰਗੈੱਟ ਫਗਵਾੜਾ ਹੀ ਕਿਓਂ?
ਇਸ ਘਟਨਾ ਨੂੰ ਲੈ ਕੇ ਜਿਥੇ ਲੋਕਾਂ 'ਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਫਗਵਾੜਾ ਸ਼ਹਿਰ 'ਚ ਕਿਹੋ ਜਿਹਾ ਰਾਜ ਭਾਗ ਹੈ ਅਤੇ ਕਿਹੋ ਜਿਹਾ ਪੁਲਸ ਪ੍ਰਸ਼ਾਸਨ ਹੈ ਕਿ ਨਿੱਤ ਦਿਨ ਕੋਈ ਨਾ ਕੋਈ ਘਟਨਾ ਵਾਪਰ ਰਹੀ ਹੈ ਪਰ ਪੁਲਸ ਇਨ੍ਹਾਂ ਘਟਨਾਵਾਂ 'ਚ ਲੁਟੇਰਿਆਂ ਨੂੰ ਕਾਬੂ ਕਰਨ 'ਚ ਨਾ-ਕਾਮਯਾਬ ਹੀ ਰਹੀ ਹੈ।
ਪਿਛਲੇ ਲੰਬੇ ਸਮੇਂ ਤੋਂ ਫਗਵਾੜਾ ਸ਼ਹਿਰ 'ਚ ਲੁੱਟਾਂ-ਖੋਹਾਂ ਤੇ ਅਜਿਹੀਆਂ ਵਾਰਦਾਤਾਂ 'ਚ ਕਾਫ਼ੀ ਵਾਧਾ ਹੋਇਆ ਹੈ ਅਤੇ ਹਰ ਇਕ ਵੱਡਾ ਕਾਂਡ ਕਰਨ ਲਈ ਲੁਟੇਰੇ ਫਗਵਾੜਾ ਸ਼ਹਿਰ ਨੂੰ ਹੀ ਨਿਸ਼ਾਨਾ ਬਣਾਉਂਦੇ ਹਨ ਅਤੇ ਲੁਟੇਰੇ ਇਨ੍ਹਾਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਪਹਿਲਾਂ ਰੇਕੀ ਤਾਂ ਜ਼ਰੂਰ ਕਰਦੇ ਹਨ ਕਿ ਉਸ ਸਮੇਂ ਵੀ ਪੁਲਸ ਨੂੰ ਇਨ੍ਹਾਂ ਬਾਰੇ ਕੋਈ ਸੂਚਨਾ ਹੀ ਨਹੀਂ ਮਿਲ ਪਾਉਂਦੀ?
ਲੋਕਾਂ ਦਾ ਕਹਿਣਾ ਹੈ ਕਿ ਭਾਵੇਂ ਪੁਲਸ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਚਨਬੱਧ ਹੈ ਪਰ ਹਾਲਾਤ ਇਹ ਹਨ ਕਿ ਹੁਣ ਤਾਂ ਲੁਟੇਰੇ ਦਿਨ ਦਿਹਾੜੇ ਲੋਕਾਂ ਦੇ ਘਰਾਂ 'ਚ ਦਾਖਲ ਹੋ ਕੇ ਲੋਕਾਂ ਨੂੰ ਮਾਰਨ ਲੱਗ ਪਏ ਹਨ ਅਤੇ ਲੁੱਟਣਾ ਸ਼ੁਰੂ ਕਰ ਦਿੱਤਾ ਹੈ ਤੇ ਫ਼ਿਰ ਘਟਨਾ ਨੂੰ ਅੰਜਾਮ ਦੇਣ ਮਗਰੋਂ ਫ਼ਰਾਰ ਹੋ ਜਾਂਦੇ ਹਨ ਅਤੇ ਪੁਲਸ ਸਿਰਫ ਕੇਸ ਦਰਜ ਕਰਕੇ ਕੁਝ ਕੁ ਦਿਨ ਤਾਂ ਇਸ ਦੀ ਜਾਂਚ ਬੜੀ ਤੇਜ਼ੀ ਨਾਲ ਕਰਦੀ ਹੈ ਅਤੇ ਨਵਾਂ ਕੇਸ ਆਉਣ 'ਤੇ ਪੁਰਾਣੇ ਕੇਸਾਂ ਦੀਆਂ ਫ਼ਾਈਲਾਂ ਸਾਈਡ ਨੂੰ ਠੰਡੇ ਬਸਤੇ 'ਚ ਪਾ ਦਿੰਦੀ ਹੈ।

ਲੁੱਟਾਂ ਅਤੇ ਕਤਲ ਦੇ ਕੇਸਾਂ ਦੀਆਂ ਫ਼ਾਈਲਾਂ ਸਿਰਫ਼ ਥਾਣਿਆਂ ਦਾ ਸ਼ਿੰਗਾਰ ਬਣ ਕੇ ਰਹੀਆਂ!
ਸ਼ਹਿਰ 'ਚ ਪਿਛਲੇ ਸਾਲਾਂ ਤੇ ਮਹੀਨਿਆਂ 'ਚ ਅਜਿਹੀਆਂ ਵਾਪਰੀਆਂ ਘਟਨਾਵਾਂ ਦੀਆਂ ਫ਼ਾਈਲਾਂ ਅਜੇ ਤੱਕ ਕਿਸੇ ਨਤੀਜੇ 'ਤੇ ਨਹੀਂ ਪੁੱਜ ਸਕੀਆਂ ਅਤੇ ਇਹ ਫ਼ਾਈਲਾਂ ਸਿਰਫ਼ ਥਾਣਿਆਂ 'ਚ ਹੀ ਪਈਆਂ ਹਨ ਅਤੇ ਇਨ੍ਹਾਂ 'ਚ ਕੋਈ ਵੀ ਦੋਸ਼ੀ ਪੁਲਸ ਦੇ ਹੱਥ ਨਹੀਂ ਲੱਗ ਸਕਿਆ।
9 ਜਨਵਰੀ 2014 ਨੂੰ ਫਗਵਾੜਾ ਸ਼ਹਿਰ ਦੇ ਹਰਗੋਬਿੰਦ ਨਗਰ 'ਚੋਂ ਚਾਰ ਅਣਪਛਾਤੇ ਲੁਟੇਰੇ ਪਿਸਤੌਲ ਦੀ ਨੋਕ 'ਤੇ 50 ਲੱਖ ਦੀ ਨਕਦੀ ਲੁੱਟ ਕੇ ਫ਼ਰਾਰ ਹੋ ਗਏ ਸਨ ਪਰ 68 ਮਹੀਨੇ ਬੀਤ ਜਾਣ ਦੇ ਬਾਵਜੂਦ ਵੀ ਇਸ ਕੇਸ 'ਚ ਪੁਲਸ ਦੇ ਹੱਥ ਫ਼ਿਲਹਾਲ ਖ਼ਾਲੀ ਹੀ ਹਨ।
16 ਨਵੰਬਰ 2005 'ਚ ਦੋ ਮੋਟਰਸਾਈਕਲ ਸਵਾਰ ਲੁਟੇਰੇ 33,35,705 ਦੀ ਨਕਦੀ ਦੋ ਬੈਂਕ ਦੇ ਮੁਲਾਜ਼ਮਾਂ ਕੋਲੋਂ ਲੈ ਕੇ ਫ਼ਰਾਰ ਹੋ ਗਏ, ਜਿਸ ਨੂੰ ਕਰੀਬ 14 ਸਾਲ ਹੋ ਚੁੱਕੇ ਹਨ ਪਰ ਇਸ ਕੇਸ 'ਚ ਵੀ ਪੁਲਸ ਦੇ ਹੱਥ ਖ਼ਾਲੀ ਹੀ ਹਨ।
ਹਰਗੋਬਿੰਦ ਨਗਰ ਖੇਤਰ 'ਚ ਇਕ ਔਰਤ ਦੇ ਦਿਨ-ਦਿਹਾੜੇ ਹੋਏ ਕਤਲ ਦੇ ਮਾਮਲੇ 'ਚ ਵੀ ਪੁਲਸ ਦੇ ਹੱਥ ਖਾਲੀ ਹੀ ਹਨ ਅਤੇ ਲੁਟੇਰੇ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ, ਜਦਕਿ ਇਸ ਘਟਨਾ 'ਚ ਕਈ ਉੱਚ ਅਧਿਕਾਰੀ ਵੀ ਜਾਂਚ ਕਰਨ ਲਈ ਮੌਕਾ ਦੇਖ ਚੁੱਕੇ ਹਨ।
3 ਸਤੰਬਰ 2019 ਨੂੰ ਇੱਥੋਂ ਦੇ ਹੁਸ਼ਿਆਰਪੁਰ ਰੋਡ 'ਤੇ ਦਿਨ-ਦਿਹਾੜੇ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਵੀ ਲੁਟੇਰਿਆਂ ਨੇ ਦਾਖ਼ਲ ਹੋ ਕੇ ਰਿਵਾਲਵਰ ਦੀ ਨੋਕ 'ਤੇ 7 ਲੱਖ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਸੀ ਪਰ ਪੁਲਸ ਨੇ ਇਸ ਮਾਮਲੇ 'ਚ ਵੀ ਕੇਸ ਤਾਂ ਭਾਵੇਂ ਦਰਜ ਕਰ ਲਿਆ ਸੀ ਅਤੇ ਦੋਸ਼ੀਆਂ ਦੀ ਪਛਾਣ ਹੋਣ ਦਾ ਉੱਚ ਅਧਿਕਾਰੀਆਂ ਨੇ ਦਾਅਵਾ ਵੀ ਕੀਤਾ ਸੀ ਪਰ ਇਸ ਦੇ ਬਾਵਜੂਦ ਵੀ ਹੱਥ ਖਾਲੀ ਹਨ।

ਲੁਟੇਰੇ ਲੁੱਟ ਕਰਨ ਦੀ ਨੀਅਤ ਨਾਲ ਆਏ ਸਨ ਜਾਂ ਕੋਈ ਨਿੱਜੀ ਰੰਜਿਸ਼?
ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਔਰਤ ਦਾ ਕਤਲ ਕਰਨ ਲਈ ਲੁਟੇਰੇ ਆਏ ਸਨ ਜਾਂ ਫ਼ਿਰ ਲੁੱਟ ਲਈ ਆਏ ਸਨ ਇਸ ਸਬੰਧ 'ਚ ਅਜੇ ਵੀ ਪੁਲਸ ਨੇ ਚੁੱਪੀ ਧਾਰੀ ਹੋਈ ਹੈ ਅਤੇ ਪੁਲਸ ਨੇ ਸਿਰਫ਼ ਕਤਲ ਦੀ ਧਾਰਾ 302 ਤਹਿਤ ਕੇਸ ਦਰਜ ਕਰ ਲਿਆ ਹੈ ਪਰ ਇਸ 'ਚ ਅਜੇ ਇਹ ਗੱਲ ਨਹੀਂ ਸਾਫ਼ ਹੋ ਸਕੀ ਕਿ ਕਾਤਲ ਸਿਰਫ਼ ਕਤਲ ਕਰਨ ਲਈ ਆਏ ਸਨ ਜਾਂ ਲੁੱਟ-ਮਾਰ ਕਰਨ ਦੀ ਨੀਅਤ ਨਾਲ ਆਏ ਸਨ। ਪਰਿਵਾਰਕ ਮੈਂਬਰਾਂ ਅਨੁਸਾਰ ਉਨ੍ਹਾਂ ਦੀ ਕਿਸੇ ਨਾਲ ਨਾ ਹੀ ਕੋਈ ਨਿੱਜੀ ਰੰਜਿਸ਼ ਸੀ।

ਡਾਕਟਰਾਂ ਦੇ ਬੋਰਡ ਨੇ ਕੀਤਾ ਲਾਸ਼ ਦਾ ਪੋਸਟਮਾਰਟਮ
ਮ੍ਰਿਤਕ ਔਰਤ ਦਾ ਪੋਸਟਮਾਰਟਮ ਕਰਨ ਲਈ ਡਾਕਟਰਾਂ ਦਾ ਤਿੰਨ ਮੈਂਬਰੀ ਬੋਰਡ ਬਣਾਇਆ ਗਿਆ, ਜਿਸ 'ਚ ਡਾਕਟਰ ਵਰਿੰਦਰ ਸਿੰਘ, ਧੀਰਜ, ਡਾ. ਐੱਚ. ਐੱਸ. ਸੇਠੀ ਨੇ ਮ੍ਰਿਤਕ ਔਰਤ ਦਾ ਪੋਸਟਮਾਰਟਮ ਕੀਤਾ। ਐੱਸ. ਐੱਮ. ਓ. ਡਾ. ਕਮਲ ਕਿਸ਼ੋਰ ਨੇ ਦੱਸਿਆ ਕਿ ਹਮਲਾਵਰਾਂ ਵਲੋਂ ਕੀਤੇ ਹਮਲੇ ਕਾਰਣ ਇਕ ਚਾਕੂ ਉਸ ਦੇ ਫ਼ੇਫੜੇ 'ਚ ਵੱਜਾ, ਜਿਸ ਕਾਰਣ ਉਸ ਦੇ ਫ਼ੇਫੜੇ ਨੂੰ ਨੁਕਸਾਨ ਪੁੱਜਾ ਤੇ ਉਸ ਨੂੰ ਸਾਹ ਲੈਣ 'ਚ ਸਮੱਸਿਆ ਆ ਗਈ, ਜਿਸ ਕਾਰਣ ਉਸ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੇ ਪੇਟ 'ਤੇ 15 ਤੋਂ ਵੱਧ ਥਾਵਾਂ 'ਤੇ ਚਾਕੂਆਂ ਦੇ ਨਿਸ਼ਾਨ ਸਨ ਤੇ ਇਕ ਚਾਕੂ ਉਸ ਦੀ ਗਰਦਨ 'ਤੇ ਵੀ ਮਾਰਿਆ। ਮ੍ਰਿਤਕ ਦੀ ਲਾਸ਼ ਮੌਰਚਰੀ 'ਚ ਰਖਵਾ ਦਿੱਤੀ ਗਈ ਹੈ। ਜਾਂਚ ਅਧਿਕਾਰੀ ਬਲਵਿੰਦਰ ਰਾਏ ਨੇ ਦੱਸਿਆ ਕਿ ਮ੍ਰਿਤਕ ਔਰਤ ਦੇ ਪਤੀ ਨਰਿੰਦਰ ਸਿੰਘ ਦੇ ਵਿਦੇਸ਼ ਆਉਣ ਤੋਂ ਬਾਅਦ ਹੀ ਸੰਸਕਾਰ ਕੀਤਾ ਜਾਵੇਗਾ।

ਗਹਿਣੇ ਹੀ ਔਰਤ ਨੂੰ ਮੌਤ ਦੀ ਬਲੀ ਚੜ੍ਹਾ ਕੇ ਲੈ ਗਏ
ਮੌਕੇ 'ਤੇ ਮੌਜੂਦ ਮੁਹੱਲਾ ਵਾਸੀਆਂ ਨੇ ਦੱਸਿਆ ਕਿ ਉਕਤ ਮਹਿਲਾ ਗਹਿਣਿਆਂ ਦਾ ਸ਼ਿੰਗਾਰ ਕਰਨ ਦੀ ਸ਼ੋਕੀਨ ਸੀ ਉਹ ਅਕਸਰ ਹੀ ਆਪਣੇ ਗਲੇ 'ਚ ਚੇਨ ਤੇ ਮੁੰਦਰੀਆਂ ਪਾ ਕੇ ਰੱਖਦੀ ਸੀ ਅਜਿਹਾ ਜਾਪਦਾ ਹੈ ਕਿ ਉਸ ਦੇ ਗਹਿਣਿਆਂ, ਉਸ ਦੇ ਚੰਗੇ ਘਰਬਾਰ 'ਤੇ ਨਜ਼ਰ ਲੁਟੇਰਿਆਂ ਦੀ ਰਹੀ ਹੋਵੇ। ਘਰ ਤੋਂ ਲੜਕੇ ਨੂੰ ਬੱਸ ਚੜ੍ਹਾਉਣ ਗਈ ਦੌਰਾਨ ਉਨ੍ਹਾਂ ਦਾ ਮੌਕਾ ਲੱਗਣ ਕਾਰਣ ਜਾਪਦਾ ਹੈ ਕਿ ਉਹ ਘਰ 'ਚ ਪਹਿਲਾਂ ਹੀ ਕੰਧ ਟੱਪ ਕੇ ਅੰਦਰ ਚਲੇ ਗਏ ਅਤੇ ਜਦੋਂ ਉਹ ਆ ਕੇ ਘਰ ਦੇ ਅੰਦਰ ਦਾਖ਼ਲ ਹੋਈ ਤਾਂ ਲੁਟੇਰਿਆਂ ਨੇ ਤੁਰੰਤ ਉਸ 'ਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਕਿਉਂ ਕਿ ਲੁਟੇਰੇ ਜਾਂਦੇ ਹੋਏ ਉਸ ਦੇ ਗਹਿਣੇ ਤਾਂ ਲੈ ਗਏ ਅਤੇ ਸਸਤੀ ਕੀਮਤ ਦੀ ਘੜ੍ਹੀ ਛੱਡ ਗਏ ਜਦਕਿ ਕੰਨਾਂ 'ਚ ਪਾਏ ਕੋਕਿਆਂ ਨੂੰ ਲੱਗਾ ਹੋਇਆ ਲਾਕ ਉਨ੍ਹਾਂ ਕੋਲੋਂ ਨਾ ਖੁੱਲ੍ਹਣ ਕਾਰਣ ਉਹ ਛੱਡ ਗਏ ਅਤੇ ਜਾਂਦੇ ਸਮੇਂ ਘਰ ਦੀਆਂ ਚਾਬੀਆਂ ਦਾ ਗੁੱਛਾ ਗੇਟ ਵਿਚਕਾਰ ਸੁੱਟ ਕੇ ਚਲੇ ਗਏ ਸਨ।

Karan Kumar

This news is Content Editor Karan Kumar