ਕਲਯੁਗੀ ਦਿਓਰ ਬਣਿਆ ਕਸਾਈ, ਕੈਂਚੀਆਂ ਮਾਰ ਕਤਲ ਕੀਤੀ ਭਰਜਾਈ

06/18/2019 12:57:28 PM

ਚੰਡੀਗੜ੍ਹ (ਸੰਦੀਪ) : ਇੱਥੇ ਇੰਦਰਾ ਕਾਲੋਨੀ 'ਚ ਇਕ ਕਲਯੁਗੀ ਦਿਓਰ ਨੇ ਆਪਣੀ ਭਰਜਾਈ ਨੂੰ ਤੜਫਾ-ਤੜਫਾ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਇਸ ਵਾਰਦਾਤ 'ਚ ਉਸ ਦੇ ਪਿਓ ਅਤੇ ਮਾਂ ਨੇ ਵੀ ਉਸ ਦਾ ਸਾਥ ਦਿੱਤਾ। ਫਿਲਹਾਲ ਤਿੰਨਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮ੍ਰਿਤਕਾ ਲਲਿਤਾ ਨੇ ਆਪਣੇ ਹੀ ਦਿਓਰ 'ਤੇ ਕੁਝ ਸਾਲ ਪਹਿਲਾਂ ਸਰੀਰਕ ਸ਼ੋਸ਼ਣ ਦੇ ਦੋਸ਼ ਲਾਏ ਸਨ, ਜਿਸ ਦਾ ਬਦਲਾ ਲੈਣ ਲਈ ਹੀ ਉਸ ਦਾ ਕਤਲ ਕੀਤਾ ਗਿਆ। ਫਿਲਹਾਲ ਪੁਲਸ ਨੇ ਮ੍ਰਿਤਕਾ ਲਲਿਤਾ ਦੇ ਸਹੁਰੇ ਸੀਤਾ ਰਾਮ, ਸੱਸ ਸੰਤਰਾ ਦੇਵੀ ਅਤੇ ਦਿਓਰ ਮੁਕੇਸ਼ ਕੁਮਾਰ ਖਿਲਾਫ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ।
ਪਤੀ ਤੋਂ ਵੀ ਕੀਤੀ ਜਾ ਰਹੀ ਪੁੱਛਗਿੱਛ
ਵਿਆਹ ਤੋਂ ਕੁਝ ਸਮਾਂ ਬਾਅਦ ਹੀ ਲਲਿਤਾ ਦਾ ਆਪਣੇ ਪਤੀ ਮਹਿੰਦਰ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਵਿਵਾਦ ਚੱਲਦਾ ਰਹਿੰਦਾ ਸੀ। 6 ਸਾਲ ਪਹਿਲਾਂ ਲਲਿਤਾ ਨੇ ਆਪਣੇ ਦਿਓਰ ਮੁਕੇਸ਼ 'ਤੇ ਉਸ ਦਾ ਸਰੀਰਕ ਸ਼ੋਸਣ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਹੀ ਮੁਕੇਸ਼ ਆਪਣੇ ਪਰਿਵਾਰ ਤੋਂ ਵੱਖ ਪਿੰਜੌਰ 'ਚ ਰਹਿੰਦਾ ਸੀ। ਇਸ ਗੱਲ ਨੂੰ ਲੈ ਕੇ ਹੀ ਮੁਕੇਸ਼ ਅਤੇ ਪਰਿਵਾਰ ਦੇ ਹੋਰ ਮੈਂਬਰ ਲਲਿਤਾ ਦੇ ਖਿਲਾਫ ਬਦਲੇ ਦੀ ਭਾਵਨਾ ਰੱਖਣ ਲੱਗੇ ਸਨ। ਮੁਕੇਸ਼ ਨੇ ਭਰਜਾਈ ਤੋਂ ਬਦਲਾ ਲੈਣ ਲਈ ਹੀ ਸੋਮਵਾਰ ਸ਼ਾਮ ਨੂੰ ਆਪਣੇ ਪਿਤਾ ਅਤੇ ਮਾਂ ਨਾਲ ਮਿਲ ਕੇ ਲਲਿਤਾ ਦਾ ਕਤਲ ਕਰ ਦਿੱਤਾ। ਇਸ ਵਾਰਦਾਤ ਨੂੰ ਲੈ ਕੇ ਪੁਲਸ ਲਲਿਤਾ ਦੇ ਪਤੀ ਮਹਿੰਦਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਜਾਂਚ 'ਚ ਸਾਹਮਣੇ ਆਇਆ ਹੈ ਕਿ ਮਹਿੰਦਰ ਵੀ ਲਲਿਤਾ ਦੇ ਨਾਲ ਨਹੀਂ ਰਹਿੰਦਾ ਸੀ, ਸਗੋਂ ਆਪਣੇ ਪਿਤਾ ਨਾਲ ਰਹਿੰਦਾ ਸੀ।
ਝਗੜੇ ਦੀ ਸੂਚਨਾ 'ਤੇ ਪੁੱਜੀ ਪੁਲਸ
ਸੋਮਵਾਰ ਸ਼ਾਮ 4.30 ਵਜੇ ਪੁਲਸ ਨੂੰ ਕੰਟਰੋਲ ਰੂਮ 'ਤੇ ਇੰਦਰਾ ਕਾਲੋਨੀ ਦੇ ਮਕਾਨ ਨੰਬਰ 1315 'ਚ ਝਗੜੇ ਦੀ ਸੂਚਨਾ ਮਿਲੀ ਸੀ। ਬੀਟ 'ਚ ਤਾਇਨਾਤ ਹੌਲਦਾਰ ਅਸ਼ੋਕ ਕੁਮਾਰ ਮੌਕੇ 'ਤੇ ਪੁੱਜਿਆ। ਅਸ਼ੋਕ ਜਿਵੇਂ ਹੀ ਘਰ ਦੀ ਦੂਜੀ ਮੰਜ਼ਿਲ 'ਤੇ ਪੁੱਜਿਆ ਤਾਂ ਉਸ ਨੇ ਦੇਖਿਆ ਕਿ 3 ਲੋਕ ਇਕ ਔਰਤ ਦਾ ਗਲਾ ਘੁੱਟ ਰਹੇ ਸਨ। ਔਰਤ ਦੇ ਸਰੀਰ 'ਤੇ ਸੱਟਾਂ ਲੱਗੀਆਂ ਸਨ ਅਤੇ ਲਹੂ-ਲੁਹਾਨ ਸੀ। ਆਈ. ਟੀ. ਪਾਰਕ ਥਾਣੇ ਤੋਂ ਸਬ ਇੰਸਪੈਕਟਰ ਟੀਕਾ ਰਾਮ ਵੀ ਮੌਕੇ 'ਤੇ ਪੁੱਜੇ। ਤਿੰਨਾਂ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਅਤੇ ਅਚੇਤ ਹਾਲਤ 'ਚ ਔਰਤ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸ. ਐੱਸ. ਪੀ. ਨਿਲਾਂਬਰੀ ਜਗਦਲੇ, ਡੀ. ਐੱਸ. ਪੀ. ਈਸਟ ਅਮਰਾਵ ਸਿੰਘ, ਆਈ. ਟੀ. ਪਾਰਕ ਥਾਣਾ ਇੰਚਾਰਜ ਲਖਬੀਰ ਸਿੰਘ ਮੌਕੇ 'ਤੇ ਪੁੱਜੇ ਸਨ।
ਕੱਪੜੇ ਨਾਲ ਘੁੱਟਿਆ ਗਲਾ, ਕੈਂਚੀਆਂ ਨਾਲ ਵੀ ਕੀਤੇ ਵਾਰ
ਪੁਲਸ ਨੇ ਪਾਇਆ ਕਿ ਲਲਿਤਾ ਦਾ ਕਤਲ ਤਿੰਨਾਂ ਮੁਲਜ਼ਮਾਂ ਨੇ ਉਸ ਦਾ ਗਲਾ ਘੁੱਟ ਕੇ ਕੀਤਾ ਹੈ। ਪੁਲਸ ਨੂੰ ਲਲਿਤਾ ਦੇ ਮੋਢੇ, ਗੋਡੇ ਤੇ ਪਿੱਠ 'ਤੇ ਕੈਂਚੀ ਨਾਲ ਕੀਤੇ ਗਏ ਡੂੰਘੇ ਜ਼ਖਮ ਮਿਲੇ ਹਨ। ਮੁਲਜ਼ਮਾਂ ਨੇ ਲਲਿਤਾ ਦੇ ਸਰੀਰ 'ਤੇ ਕੈਂਚੀ ਨਾਲ ਕੁੱਲ 3 ਹਮਲੇ ਕੀਤੇ ਹਨ, ਜਦੋਂ ਕਿ ਇਸ ਦੌਰਾਨ ਉਸ ਦੇ ਸਰੀਰ 'ਤੇ ਹੋਰ ਜ਼ਖਮ ਵੀ ਮਿਲੇ ਹਨ। ਲਲਿਤਾ ਆਪਣੇ ਘਰ 'ਤੇ ਸਿਲਾਈ ਦਾ ਕੰਮ ਕਰਦੀ ਸੀ। ਉਹ ਆਪਣੇ 9 ਸਾਲ ਅਤੇ 7 ਸਾਲਾ ਬੱਚਿਆਂ ਨਾਲ ਘਰ ਦੀ ਦੂਜੀ ਮੰਜ਼ਿਲ 'ਤੇ ਰਹਿੰਦੀ ਸੀ। 

Babita

This news is Content Editor Babita