ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਔਰਤ ਦਾ ਗੋਲੀ ਮਾਰ ਕੇ ਕਤਲ

07/26/2016 6:21:48 PM

ਡੇਹਲੋਂ/ਆਲਮਗੀਰ (ਪਰਦੀਪ) : ਇੱਥੋਂ ਦੇ ਪਿੰਡ ਆਲਮਗੀਰ ਵਿਖੇ ਗੁਰਦੁਆਰਾ ਮੰਜੀ ਸਾਹਿਬ ਦੇ ਨਜ਼ਦੀਕ ਮੰਗਲਵਾਰ ਦੀ ਸਵੇਰੇ 8 ਵਜੇ ਪੰਡ ਘਵੱਦੀ ਵਾਸੀ ਇੱਕ ਔਰਤ ਦਾ ਅਣਪਛਾਤੇ ਵਿਅਕਤੀਆਂ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਜਾਣਕਾਰੀ ਮੁਤਾਬਕ ਮ੍ਰਿਤਕਾ ਬਲਵਿੰਦਰ ਕੌਰ ਪਤਨੀ ਅਮਰ ਸਿੰਘ ਵਾਸੀ ਪਿੰਡ ਘਵੱਦੀ ਜਿਲਾ ਲੁਧਿਆਣਾ ''ਤੇ ਬੀਤੇ ਸਾਲ 18 ਅਕਤੂਬਰ ਨੂੰ ਪਿੰਡ ਘਵੱਦੀ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦਬੀ ਕਰਨ ਦਾ ਦੋਸ਼ ਲੱਗਾ ਸੀ ਅਤੇ ਇਸ ਸਬੰਧੀ ਕੇਸ ਵੀ ਚੱਲ ਰਿਹਾ ਹੈ, ਜਿਸ ਵਿੱਚ ਉਕਤ ਔਰਤ ਜ਼ਮਾਨਤ ''ਤੇ ਸੀ ਅਤੇ ਇਸੇ  ਘਟਨਾ ਨੂੰ ਬਲਵਿੰਦਰ ਕੌਰ ਦੇ ਕਤਲ ਦਾ ਕਾਰਨ ਸਮਝਿਆ ਜਾ ਰਿਹਾ ਹੈ। 
ਆਪਣੀ ਜਾਨ ਨੂੰ ਖਤਰਾ ਸਮਝ ਕੇ ਉਹ ਜ਼ਮਾਨਤ ਮਿਲਣ ਤੋਂ ਬਾਅਦ ਅਪਣੀ ਭੈਣ ਕੋਲ ਢੋਲੇਵਾਲ ਵਿਖੇ ਰਹਿ ਰਹੀ ਸੀ। ਮੰਗਲਵਾਰ ਸਵੇਰੇ ਹੀ ਉਸ ਨੂੰ ਕਿਸੇ ਵਿਅਕਤੀ ਦਾ ਫੋਨ ਆਇਆ ਜਿਸ ਨੇ ਕਿਹਾ ਕਿ ਬੇਅਦਬੀ ਵਾਲੇ ਕੇਸ ਵਿੱਚ ਉਹ ਉਸ ਦੀ ਮਦਦ ਕਰਨੀ ਚਾਹੁੰਦਾ ਹੈ। ਉਸ ਵਿਅਕਤੀ ਵਲੋਂ ਮਦਦ ਦਾ ਭਰੋਸਾ ਦੇਣ ''ਤੇ ਬਲਵਿੰਦਰ ਕੌਰ ਅਪਣੇ ਲੜਕੇ ਨੂੰ ਨਾਲ ਲੈ ਕੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਆ ਗਈ, ਜਿੱਥੇ ਉਸ ਨੂੰ ਫੋਨ ਕਰਨ ਵਾਲਾ ਅਤੇ ਉਸ ਦਾ ਸਾਥੀ ਮਿਲੇ। ਉਨ੍ਹਾਂ ਨੇ ਬਲਵਿੰਦਰ ਕੌਰ ਨੂੰ ਗੱਲਬਾਤ ਕਰਨ ਦੇ ਬਹਾਨੇ ਇੱਕ ਆਟੋ ''ਚ ਬਿਠਾ ਲਿਆ ਅਤੇ ਛਾਤੀ ''ਚ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਗੋਲੀ ਚਲਾਉਣ ਵਾਲੇ ਵਿਅਕਤੀ ਘਟਨਾ ਨੂੰ ਅੰਜ਼ਾਮ ਦੇਣ ਤੋਂ ਬਾਅਦ ਮੋਟਰਸਾਈਕਲ ''ਤੇ ਫਰਾਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਜਤਿੰਦਰ ਸਿੰਘ ਔਲਖ ਪੁਲਸ ਕਮਿਸ਼ਨਰ ਲੁਧਿਆਣਾ, ਏ. ਡੀ. ਸੀ. ਪੀ ਪਰਮਜੀਤ ਸਿੰਘ ਪੰਨੂ, ਸੁਰਿੰਦਰ ਮੋਹਨ ਏ. ਸੀ.ਪੀ. ਹਲਕਾ ਗਿੱਲ, ਥਾਣਾ ਮੁਖੀ ਡੇਹਲੋਂ ਇੰਸਪੈਕਟਰ ਅਮਨਦੀਪ ਸਿੰਘ ਬਰਾੜ, ਇੰਸਪੈਕਟਰ ਇੰਦਰਜੀਤ ਸਿੰਘ ਬੋਪਾਰਾਏ ਮੌਕੇ ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸੰਬੰਧੀ ਪੁੱਛ-ਗਿਛ ਕੀਤੀ ਜਾ ਰਹੀ ਹੈ ਅਤੇ ਸੀ.ਸੀ.ਟੀ.ਵੀ. ਦੀ ਫੁਟੇਜ ਵੀ ਦੇਖੀ ਜਾ ਰਹੀ ਹੈ। ਥਾਣਾ ਮੁਖੀ ਡੇਹਲੋਂ ਅਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਇਸ ਸਬੰਧ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Babita Marhas

This news is News Editor Babita Marhas