ਲੁਧਿਆਣਾ 'ਚ ਸ਼ਰਮਨਾਕ ਵਾਰਦਾਤ, 3 ਲੋਕਾਂ ਵਲੋਂ ਔਰਤ ਨਾਲ ਸਮੂਹਕ ਬਲਾਤਕਾਰ

10/04/2018 12:55:09 PM

ਲੁਧਿਆਣਾ (ਅਨਿਲ) : ਇੱਥੇ ਥਾਣਾ ਮਿਹਰਬਾਨ ਅਧੀਨ ਪੈਂਦੇ ਪਿੰਡ ਬਾਜੜਾ 'ਚ ਇਕ ਔਰਤ ਨਾਲ 3 ਲੋਕਾਂ ਵਲੋਂ ਸਮੂਹਕ ਬਲਾਤਕਾਰ ਕਰਨ ਅਤੇ ਉਸ ਕੋਲੋਂ ਸੋਨੇ ਦੇ ਗਹਿਣੇ, ਮੋਬਾਇਲ ਅਤੇ ਨਕਦੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਪੁਲਸ ਨੇ ਉਕਤ 3 ਲੋਕਾਂ ਖਿਲਾਫ ਮਾਮਲਾ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਮੁਤਾਬਕ ਪੁਲਸ ਨੂੰ 28 ਸਾਲਾ ਇਕ ਔਰਤ ਨੇ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਇਕ ਅਕਤੂਬਰ ਦੀ ਰਾਤ ਨੂੰ ਕਰੀਬ 8 ਵਜੇ ਉਹ ਬੱਸ ਸਟੈਂਡ ਲੁਧਿਆਣਾ ਤੋਂ ਥ੍ਰੀਵ੍ਹੀਲਰ 'ਚ ਸਵਾਰ ਹੋਈ। ਇਸ ਥ੍ਰੀਵ੍ਹੀਲਰ 'ਚ 3 ਲੜਕੇ ਵੀ ਬੈਠੇ ਹੋਏ ਸਨ, ਜਿਨ੍ਹਾਂ ਨੇ ਔਰਤ ਨੂੰ ਕੁਝ ਸੁੰਘਾ ਦਿੱਤਾ, ਜਿਸ ਤੋਂ ਬਾਅਦ ਔਰਤ ਬੇਹੋਸ਼ ਹੋ ਗਈ ਅਤੇ ਲੜਕੇ ਉਸ ਨੂੰ ਖਾਲੀ ਪਲਾਟ 'ਚ ਲੈ ਗਏ।

ਇਸ ਤੋਂ ਬਾਅਦ ਔਰਤ ਦੇ ਹੋਸ਼ ਆਉਣ 'ਤੇ ਤਿੰਨਾਂ ਨੇ ਪੀੜਤ ਔਰਤ ਦੀ ਮਰਜ਼ੀ ਖਿਲਾਫ ਵਾਰੀ-ਵਾਰੀ ਉਸ ਨਾਲ ਸਮੂਹਕ ਬਲਾਤਕਾਰ ਕੀਤਾ। ਬਾਅਦ 'ਚ ਉਕਤ ਲੜਕੇ ਪੀੜਤਾ ਦੇ ਪਰਸ 'ਚੋਂ ਸੋਨੇ ਦੇ ਟੋਪਸ, ਮੋਬਾਇਲ ਫੋਨ ਅਤੇ ਨਕਦੀ ਲੈ ਫਰਾਰ ਹੋ ਗਏ। ਥਾਣਾ ਪ੍ਰਭਾਰੀ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਔਰਤ ਦੀ ਸ਼ਿਕਾਇਤ ਮੁਤਾਬਕ ਤਿੰਨੇ ਲੜਕੇ ਇਕ-ਦੂਜੇ ਦਾ ਨਾਂ ਲੈ ਕੇ ਗੱਲਾਂ ਕਰ ਰਹੇ ਸਨ, ਜਿਸ ਤੋਂ ਬਾਅਦ ਗੁਰਿੰਦਰ ਸਿੰਘ, ਸ਼ਮਸ਼ੇਰ ਸਿੰਘ ਅਤੇ ਬੌਬੀ ਦੇ ਖਿਲਾਫ ਬਲਾਤਕਾਰ ਅਤੇ ਚੋਰੀ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਫਿਲਹਾਲ ਪੀੜਤ ਔਰਤ ਦਾ ਮੈਡੀਕਲ ਕਰਾਇਆ ਜਾ ਰਿਹਾ ਹੈ। 
ਬਲਾਤਕਾਰ ਦਾ ਇਕ ਦੋਸ਼ੀ ਗ੍ਰਿਫਤਾਰ
ਥਾਣਾ ਪ੍ਰਭਾਰੀ ਦਵਿੰਦਰ ਸ਼ਰਮਾ ਨੇ ਦੱਸਿਆ ਕਿ ਸਮੂਹਕ ਬਲਾਤਕਾਰ ਦੇ ਮੁੱਖ ਦੋਸ਼ੀ ਗੁਰਿੰਦਰ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਉਸ ਦੇ ਬਾਕੀ ਸਾਥੀਆਂ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾ ਸਕੇ।