ਸਹੁਰੇ ਪਰਿਵਾਰ ਨੇ ਨੂੰਹ ਦੀ ਕੁੱਟਮਾਰ ਕਰਕੇ ਕੀਤਾ ਜ਼ਖਮੀ

03/17/2018 6:30:34 PM

ਜਲਾਲਾਬਾਦ (ਨਿਖੰਜ)— ਪਿੰਡ ਚੱਕ ਬਲੋਚਾ ਮਹਾਲਮ ਦੀ ਵਿਆਹੁਤਾ ਲੜਕੀ ਦੇ ਦਾਜ ਲੋਭੀ ਲਾਲਚੀ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕਰਕੇ ਜ਼ਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਲੜਕੀ ਨੂੰ ਜ਼ਖਮੀ ਹਾਲਤ 'ਚ ਪੇਕੇ ਪਰਿਵਾਰ ਵੱਲੋਂ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ। 
ਸਿਵਲ ਹਸਪਤਾਲ ਜਲਾਲਾਬਾਦ 'ਚ ਇਲਾਜ ਅਧੀਨ ਵਿਆਹੁਤਾ ਲੜਕੀ ਸਰੋਜ ਰਾਣੀ ਪੁੱਤਰੀ ਕਰਨੈਲ ਸਿੰਘ ਵਾਸੀ ਚੱਕ ਬਲੋਚਾ (ਮਹਾਲਮ) ਨੇ ਦੱਸਿਆ ਕਿ ਉਸ ਦਾ ਵਿਆਹ 4 ਸਾਲ ਪਹਿਲਾਂ ਕੁਲਵੰਤ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀ ਚੱਕ ਟਾਹਲੀਵਾਲਾ ਨਾਲ ਪੂਰੇ ਹਿੰਦੂ ਰੀਤੀ-ਰਿਵਾਜ਼ਾਂ ਨਾਲ ਹੋਇਆ ਸੀ ਅਤੇ ਉਸ ਦੇ ਪੇਕਿਆਂ ਨੇ ਆਪਣੀ ਸਮਰਥਾ ਤੋਂ ਵੱਧ ਦਾਜ ਦੇ ਵਿਚ ਮੋਟਰਸਾਈਕਲ, ਘਰੇਲੂ ਸਾਮਾਨ ਦੇ ਨਾਲ ਸੋਨੇ ਦੇ ਗਹਿਣੇ ਆਦਿ ਦਿੱਤੇ ਸਨ। ਵਿਆਹੁਤਾ ਲੜਕੀ ਸਰੋਜ ਰਾਣੀ ਨੇ ਕਿਹਾ ਕਿ ਉਸ ਦੇ ਦੋ ਬੱਚੇ ਹਨ ਅਤੇ ਉਸ ਨੇ ਆਪਣਾ ਘਰ ਵਸਾਉਣ ਲਈ 4 ਸਾਲਾਂ ਤੋਂ ਸਹੁਰੇ ਪਰਿਵਾਰ ਵੱਲੋਂ ਅਕਸਰ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਘਰੋਂ ਕੱਢ ਦਿੱਤਾ ਜਾਂਦਾ ਰਿਹਾ। ਪੀੜਿਤ ਵਿਆਹੁਤਾ ਲੜਕੀ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਵਿਆਹ ਦੇ ਕੁਝ ਦਿਨਾਂ ਬਾਅਦ ਮੇਰਾ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਹੋਰ ਦਾਜ 'ਚ ਘਰੇਲੂ ਸਾਮਾਨ ਅਤੇ ਪੈਸਿਆਂ ਦੀ ਮੰਗ ਕਰਦੇ ਰਹਿੰਦੇ ਸਨ। ਉਸ ਨੇ ਅੱਗੇ ਦੱਸਿਆ ਕਿ ਬੀਤੇ ਦਿਨੀਂ ਵੀ ਉਸ ਦੇ ਪਤੀ ਨੇ ਆਪਣੇ ਪੇਕਿਆਂ ਦੇ ਕੋਲੋਂ ਕੁਝ  ਪੈਸੇ ਲਿਆ ਕੇ ਦੇਣ ਲਈ ਕਿਹਾ ਤਾਂ ਉਸ ਦੇ ਇਨਕਾਰ ਕਰਨ 'ਤੇ ਉਸ ਦੇ ਪਤੀ ਨੇ ਨਸ਼ੇ 'ਚ ਧੁੱਤ ਹੋ ਕੇ ਆਪਣੇ  ਪਰਿਵਾਰ ਦੇ ਮੈਂਬਰਾਂ ਨਾਲ ਮਿਲ ਕੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕਰ ਦਿੱਤੀ। ਹਸਪਤਾਲ ਦੇ ਡਾਕਟਰਾਂ ਵੱਲੋਂ ਮੁਢੱਲੀ ਸਹਾਇਤਾ ਦੇਣ ਤੋਂ ਬਾਅਦ ਐੱਮ. ਆਰ. ਐੱਲ ਦੀ ਰਿਪੋਰਟ ਸਬੰਧਤ ਥਾਣਾ ਸਦਰ ਜਲਾਲਾਬਾਦ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। 
ਪੀੜਿਤ ਵਿਆਹੁਤਾ ਲੜਕੀ ਨੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਦੇ ਆਲਾ ਉੱਚ ਅਧਿਕਾਰੀਆਂ ਕੋਲੋਂ ਮੰਗ ਕੀਤੀ ਹੈ ਕਿ ਅਜਿਹਾ ਕਰਨ ਵਾਲੇ ਪਤੀ ਸਮੇਤ ਸਹੁਰੇ ਪਰਿਵਾਰ ਖਿਲਾਫ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਮੈਨੂੰ ਇਨਸਾਫ ਦਿਵਾਇਆ ਜਾਵੇ। 
ਵਿਆਹੁਤਾ ਲੜਕੀ ਸਰੋਜ ਰਾਣੀ ਦੇ ਪਤੀ ਕੁਲਵੰਤ ਸਿੰਘ ਨਾਲ ਫੋਨ ਰਾਹੀ ਸਪੰਰਕ ਕੀਤਾ ਗਿਆ ਤਾਂ ਉਸਨੇ ਕੋਈ ਵੀ ਸੰਤੁਸ਼ਟ ਜਵਾਬ ਨਹੀ ਦਿੱਤਾ ਅਤੇ ਟਾਲ ਮਟੋਲ ਕਰਦਾ ਰਿਹਾ ।  
ਚੌਕੀ ਘੁਬਾਇਆ ਦੇ ਇਚਾਰਜ ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਜ਼ਖਮੀ ਲੜਕੀ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਦੋਸ਼ੀ ਪਾਏ ਜਾਣ ਵਾਲੇ ਵਿਅਕਤੀਆਂ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।