ਬੁੜੈਲ ਜੇਲ ''ਚ ਦਰਾਣੀ ਨੂੰ ਹੈਰੋਇਨ ਦੇਣ ਜਾ ਰਹੀ ਔਰਤ ਗ੍ਰਿਫ਼ਤਾਰ

11/25/2019 12:45:32 PM

ਚੰਡੀਗੜ੍ਹ (ਸੁਸ਼ੀਲ) : ਬੁੜੈਲ ਜੇਲ 'ਚ ਬੰਦ ਦਰਾਣੀ ਨੂੰ ਹੈਰੋਇਨ ਦੇਣ ਜਾ ਰਹੀ ਔਰਤ ਨੂੰ ਚੈਕਿੰਗ ਦੌਰਾਨ ਜੇਲ ਸਟਾਫ਼ ਨੇ ਦਬੋਚ ਲਿਆ। ਤਲਾਸ਼ੀ ਦੌਰਾਨ ਉਸ ਤੋਂ 50.5 ਗ੍ਰਾਮ ਹੈਰੋਇਨ ਬਰਾਮਦ ਹੋਈ। ਫੜ੍ਹੀ ਗਈ ਔਰਤ ਦੀ ਪਛਾਣ ਸੈਕਟਰ-38 ਵਾਸੀ ਸੁਨੀਤਾ ਦੇ ਰੂਪ 'ਚ ਹੋਈ। ਸੈਕਟਰ-49 ਥਾਣਾ ਪੁਲਸ ਨੇ ਜੇਲ ਸਟਾਫ਼ ਦੀ ਸ਼ਿਕਾਇਤ 'ਤੇ ਸੁਨੀਤਾ ਖਿਲਾਫ਼ ਮਾਮਲਾ ਦਰਜ ਕਰ ਕੇ ਉਸ ਨੂੰ ਜ਼ਿਲਾ ਅਦਾਲਤ 'ਚ ਪੇਸ਼ ਕੀਤਾ, ਜਿਥੋਂ ਅਦਾਲਤ ਨੇ ਉਸ ਨੂੰ ਕਾਨੂੰਨੀ ਹਿਰਾਸਤ 'ਚ ਭੇਜ ਦਿੱਤਾ।
ਦਰਾਣੀ ਨੂੰ ਵੀ ਐੱਨ. ਡੀ. ਪੀ. ਐੱਸ. ਕੇਸ 'ਚ ਫੜ੍ਹਿਆ ਸੀ
ਸੈਕਟਰ-38 ਵਾਸੀ ਸੁਨੀਤਾ ਬੁੜੈਲ ਜੇਲ 'ਚ ਬੰਦ ਦਰਾਣੀ ਨੂੰ ਮਿਲਣ ਜੇਲ 'ਚ ਗਈ ਸੀ। ਜੇਲ ਦੇ ਅੰਦਰ ਜਾਣ ਤੋਂ ਪਹਿਲਾਂ ਸਟਾਫ਼ ਨੇ ਸੁਨੀਤਾ ਦੀ ਚੈਕਿੰਗ ਕੀਤੀ ਤਾਂ ਉਸ ਦੇ ਕੱਪੜਿਆਂ ਦੇ ਅੰਦਰ ਲੁਕਾ ਕੇ ਰੱਖਿਆ ਪਲਾਸਟਿਕ ਦਾ ਲਿਫਾਫਾ ਬਰਾਮਦ ਹੋਇਆ। ਜੇਲ ਸਟਾਫ਼ ਨੇ ਜਦੋਂ ਲਿਫਾਫਾ ਖੋਲ੍ਹਿਆ ਤਾਂ ਅੰਦਰ ਹੈਰੋਇਨ ਸੀ। ਉਸ ਦੀ ਦਰਾਣੀ ਨੂੰ ਵੀ ਪੁਲਸ ਨੇ ਕੁਝ ਮਹੀਨੇ ਪਹਿਲਾਂ ਐੱਨ. ਡੀ. ਪੀ. ਐੱਸ. ਕੇਸ 'ਚ ਫੜ੍ਹਿਆ ਸੀ, ਉਦੋਂ ਤੋਂ ਦਰਾਣੀ ਜੇਲ 'ਚ ਬੰਦ ਹੈ। ਸੈਕਟਰ-49 ਥਾਣਾ ਪੁਲਸ ਨੇ ਸੁਨੀਤਾ ਤੋਂ ਹੈਰੋਇਨ ਲਿਆਉਣ ਬਾਰੇ ਪੁੱਛਿਆ ਤਾਂ ਉਹ ਵਾਰ-ਵਾਰ ਆਪਣੇ ਬਿਆਨ ਬਦਲਦੀ ਰਹੀ।
 

Babita

This news is Content Editor Babita