ਔਰਤ ਨੇ ਲਾਇਆ ਛੇੜਛਾੜ ਦਾ ਦੋਸ਼, ਗ੍ਰੰਥੀ ਨੇ ਫਾਹਾ ਲਗਾ ਕੀਤੀ ਆਤਮਹੱਤਿਆ

08/25/2017 12:07:55 AM

ਭੁਲੱਥ/ਨਡਾਲਾ  (ਰਜਿੰਦਰ, ਭੂਪੇਸ਼, ਸ਼ਰਮਾ) - ਨੇੜਲੇ ਪਿੰਡ ਖਲੀਲ ਵਿਖੇ ਔਰਤ ਵਲੋਂ ਛੇੜਛਾੜ ਦਾ ਦੋਸ਼ ਲਗਾਉਣ ਤੋਂ ਦੁੱਖੀ ਹੋ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਆਪਣੇ ਘਰ ਵਿਚ ਗਾਡਰ ਨਾਲ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਦੂਜੇ ਪਾਸੇ ਮੌਕੇ 'ਤੇ ਥਾਣਾ ਭੁਲੱਥ ਦੇ ਏ. ਐੱਸ. ਪੀ. ਗੌਰਵ ਤੂਰਾ, ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ, ਸਬ ਇੰਸਪੈਕਟਰ ਬਲਜੀਤ ਸਿੰਘ, ਏ. ਐੱਸ. ਆਈ. ਬਲਜਿੰਦਰ ਸਿੰਘ ਤੇ ਵੱਡੀ ਗਿਣਤੀ ਵਿਚ ਪੁਲਸ ਫੋਰਸ ਨੇ ਪਹੁੰਚ ਕੇ ਘਟਨਾ ਸਥਾਨ ਤੋਂ ਗ੍ਰੰਥੀ ਵਲੋਂ ਲਿਖਿਆ ਸੁਸਾਈਡ ਨੋਟ ਵੀ ਬਰਾਮਦ ਕੀਤਾ।
ਇਕੱਤਰ ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਖਲੀਲ ਜੋ ਕਿ ਪਿੰਡ ਬਗਵਾਨਪੁਰ ਦਾ ਨਿਵਾਸੀ ਸੀ ਤੇ ਪਿਛਲੇ 10 ਸਾਲਾਂ ਤੋਂ ਪਿੰਡ ਖਲੀਲ ਦੇ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਦੀਆਂ ਸੇਵਾਵਾਂ ਨਿਭਾ ਰਿਹਾ ਸੀ। ਇਸ ਲਈ ਗ੍ਰੰਥੀ ਭਾਈ ਜੋਗਿੰਦਰ ਸਿੰਘ ਹੁਣ ਪਿੰਡ ਖਲੀਲ ਵਿਖੇ ਹੀ ਰਹਿੰਦਾ ਸੀ। ਜੋ ਅੱਜ ਸਵੇਰੇ ਪਿੰਡ ਵਿਚ ਕਮਲਜੀਤ ਕੌਰ ਉਰਫ ਕੁਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਦਾ ਫਾਂਡਾ ਕਰਨ ਲਈ ਉਸ ਦੇ ਘਰ ਗਿਆ ਸੀ ਤੇ ਇਸ ਦੌਰਾਨ ਕਮਲਜੀਤ ਕੌਰ ਨੇ ਗ੍ਰੰਥੀ ਸਿੰਘ 'ਤੇ ਛੇੜਛਾੜ ਦਾ ਦੋਸ਼ ਲਗਾ ਦਿੱਤਾ ਅਤੇ ਇਸੇ ਦੌਰਾਨ ਪਿੰਡ ਦੀ ਪੰਚਾਇਤ ਵਿਚ ਗ੍ਰੰਥੀ ਜੋਗਿੰਦਰ ਸਿੰਘ ਨੂੰ ਬੁਲਾਇਆ ਗਿਆ, ਜਿਥੇ ਕਮਲਜੀਤ ਕੌਰ ਨੇ ਗ੍ਰੰਥੀ ਜੋਗਿੰਦਰ ਸਿੰਘ ਦੀ ਦਾੜ੍ਹੀ ਫੜ ਕੇ ਉਸ ਦੀ ਬੇਇੱਜ਼ਤੀ ਕਰ ਦਿੱਤੀ। ਜਿਸ ਉਪਰੰਤ ਬੇਇੱਜ਼ਤੀ ਨੂੰ ਬਰਦਾਸ਼ਤ ਨਾ ਕਰਦੇ ਹੋਏ ਗ੍ਰੰਥੀ ਸਿੰਘ ਨੇ ਆਪਣੇ ਘਰ ਵਿਚ ਜਾ ਕੇ ਛੱਤ ਦੇ ਗਾਡਰ ਨਾਲ ਫਾਹਾ ਲਗਾ ਕੇ ਆਪਣੀ ਜੀਵਨ-ਲੀਲਾ ਖਤਮ ਕਰਦਿਆਂ ਖੁਦਕੁਸ਼ੀ ਕਰ ਲਈ।
ਗ੍ਰੰਥੀ ਨੇ ਲਿਖਿਆ ਸੁਸਾਈਡ ਨੋਟ
ਆਪਣੀ ਜੀਵਨ-ਲੀਲਾ ਖਤਮ ਕਰਨ ਤੋਂ ਪਹਿਲਾਂ ਗ੍ਰੰਥੀ ਜੋਗਿੰਦਰ ਸਿੰਘ ਨੇ ਸੁਸਾਈਡ ਨੋਟ ਲਿਖਿਆ ਸੀ, ਜਿਸ ਵਿਚ ਲਿਖਿਆ ਹੈ ਕਿ ਉਹ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਨਾ ਸਹਾਰਦੇ ਹੋਏ ਖੁਦਕੁਸ਼ੀ ਕਰਨ ਲੱਗਾ ਹੈ ਤੇ ਇਸ ਲਈ ਦੋਸ਼ ਲਗਾਉਣ ਵਾਲੀ ਔਰਤ ਜ਼ਿੰਮੇਵਾਰ ਹੈ।
ਫਾਹਾ ਲੈਣ ਤੋਂ ਪਹਿਲਾਂ ਪਤਨੀ ਨੂੰ ਬੁਲਾਈ ਆਖਰੀ 'ਸਤਿ ਸ੍ਰੀ ਅਕਾਲ'
ਗ੍ਰੰਥੀ ਜੋਗਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਅੱਜ ਸਵੇਰੇ ਹੀ ਅੰਮ੍ਰਿਤਸਰ ਵਿਖੇ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਗਈ ਸੀ, ਜਿਸ ਦੌਰਾਨ ਪਿੱਛੋਂ ਪਿੰਡ ਵਿਚ ਵਾਪਰੀ ਘਟਨਾ ਤੋਂ ਬਾਅਦ ਗ੍ਰੰਥੀ ਨੇ ਆਪਣੀ ਪਤਨੀ ਨੂੰ ਫੋਨ ਕੀਤਾ ਕਿ ਕਮਲਜੀਤ ਕੌਰ ਨੇ ਮੈਨੂੰ ਪੰਚਾਇਤ ਵਿਚ ਬੁਲਾ ਕੇ ਪੰਚਾਇਤ ਸਾਹਮਣੇ ਮੇਰੀ ਦਾੜ੍ਹੀ ਫੜ ਕੇ ਮੇਰੀ ਬੇਇੱਜ਼ਤੀ ਕੀਤੀ ਹੈ, ਜਿਸ ਨੂੰ ਮੈਂ ਬਰਦਾਸ਼ਤ ਨਹੀਂ ਕਰ ਸਕਦਾ, ਮੇਰੀ ਇਹ ਆਪ ਨੂੰ ਆਖਰੀ ਸਤਿ ਸ੍ਰੀ ਅਕਾਲ ਹੈ ਅਤੇ ਫਿਰ ਫੋਨ ਕੱਟ ਦਿੱਤਾ ਗਿਆ।
ਭੁਲੱਥ ਪੁਲਸ ਨੂੰ ਗ੍ਰੰਥੀ ਜੋਗਿੰਦਰ ਸਿੰਘ ਦੀ ਪਤਨੀ ਬਲਵਿੰਦਰ ਕੌਰ ਨੇ ਦੱਸਿਆ ਕਿ ਕਮਲਜੀਤ ਕੌਰ ਉਰਫ ਕੁਲਜੀਤ ਕੌਰ ਪਤਨੀ ਲਖਵਿੰਦਰ ਸਿੰਘ ਪਹਿਲਾਂ ਵੀ 2-3 ਵਾਰੀ ਗੁਰਦੁਆਰਾ ਸਾਹਿਬ ਵਿਚ ਗਈ ਸੀ ਅਤੇ ਮੇਰੇ ਪਤੀ ਜੋਗਿੰਦਰ ਸਿੰਘ ਨੂੰ ਕਹਿਣ ਲੱਗੀ ਕਿ ਮੇਰਾ ਲੜਕਾ ਤੁਹਾਡੇ ਪਾਸੋਂ ਫਾਂਡਾ ਕਰਾ ਕੇ ਠੀਕ ਹੋ ਗਿਆ ਹੈ, ਮੇਰੀ ਵੀ ਸਿਹਤ ਠੀਕ ਨਹੀਂ ਰਹਿੰਦੀ, ਮੇਰਾ ਵੀ ਫਾਂਡਾ ਕਰ ਦਿਓ ਤੇ ਮੇਰੇ ਪਤੀ ਨੇ ਇਸ ਨੂੰ ਵੀ ਸ਼ਬਦ ਪੜ੍ਹ ਕੇ ਸੁਣਾ ਦਿੱਤਾ ਸੀ। ਇਸ ਸੰਬੰਧ ਵਿਚ ਜਦੋਂ ਐੱਸ. ਐੱਚ. ਓ. ਭੁਲੱਥ ਇੰਸਪੈਕਟਰ ਅਮਰਨਾਥ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਕਤ ਘਟਨਾ ਸੰਬੰਧੀ ਥਾਣਾ ਭੁਲੱਥ ਵਿਖੇ ਔਰਤ ਕਮਲਜੀਤ ਕੌਰ ਉਰਫ ਕੁਲਜੀਤ ਕੌਰ ਵਾਸੀ ਪਿੰਡ ਖਲੀਲ ਦੇ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ-ਪੜਤਾਲ ਚੱਲ ਰਹੀ ਹੈ।