ਸੜਕ ਹਾਦਸੇ ਵਿਚ ਔਰਤ ਦੀ ਮੌਤ, ਦੋ ਜ਼ਖਮੀ

02/12/2018 6:30:39 PM

ਜਲਾਲਾਬਾਦ/ਮੰਡੀ ਲਾਧੂਕਾ (ਸੇਤੀਆ/ਸੰਧੂ) : ਐੱਫ.ਐੱਫ. ਰੋਡ 'ਤੇ ਪਿੰਡ ਮੌਜੇ ਵਾਲਾ ਨਜ਼ਦੀਕ ਅੱਜ ਬਾਅਦ ਦੁਪਿਹਰ ਹੋਏ ਸੜਕ ਹਾਦਸੇ ਵਿਚ ਕਾਰ ਅਤੇ ਦੋ ਮੋਟਰਸਾਈਕਲਾਂ ਦੀ ਹੋਈ ਟੱਕਰ ਵਿਚ ਇਕ ਔਰਤ ਦੀ ਮੌਤ ਅਤੇ ਦੋ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀਆਂ 'ਚ ਜੋਧ ਸਿੰਘ ਪੁੱਤਰ ਚੰਨ ਸਿੰਘ ਵਾਸੀ ਲਮੋਚੜ, ਰਾਜ ਸਿੰਘ ਵਾਸੀ ਪੱਲਾ ਮੇਘਾ (ਫਿਰੋਜ਼ਪੁਰ) ਸ਼ਾਮਿਲ ਹਨ ਜਦਕਿ ਪਿਆਰੋ ਪਤਨੀ ਕਸ਼ਮੀਰ ਸਿੰਘ ਵਾਸੀ ਘੁਬਾਇਆ ਦੀ ਮੌਕੇ 'ਤੇ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਅੰਗਰੇਜ਼ ਸਿੰਘ ਪੁੱਤਰ ਸਾਧੂ ਸਿੰਘ ਕਾਰ ਨੰਬਰ ਐੱਚ.ਆਰ.03ਪੀ 1345 ਸ਼੍ਰੀ ਗੰਗਾਨਗਰ ਤੋਂ ਆ ਰਿਹਾ ਸੀ ਕਿ ਪਿੰਡ ਟਰਿਆ ਤੋਂ ਰਾਜ ਸਿੰਘ ਆਪਣੀ ਮਾਤਾ ਪਰਮਜੀਤ ਕੌਰ ਨਾਲ ਜਿਵੇਂ ਹੀ ਮੌਜੇ ਵਾਲਾ ਰੋਡ 'ਤੇ ਚੜ੍ਹਿਆ ਤਾਂ ਕਾਰ ਚਾਲਕ ਨੇ ਉਕਤ ਮੋਟਰਸਾਈਕਲ ਨੂੰ ਬਚਾਉਣ ਦੀ ਖਾਤਿਰ ਅਚਾਨਕ ਕੱਟ ਮਾਰ ਦਿੱਤਾ ਅਤੇ ਕਾਰ ਸਾਮਹਣੇ ਤੋਂ ਆ ਰਹੇ ਡੀਲਕਸ ਮੋਟਰਸਾਈਕਲ ਜਿਸ 'ਤੇ ਸਵਾਰ ਜੋਧ ਸਿੰਘ ਪੁੱਤਰ ਚੰਨ ਸਿੰਘ ਅਤੇ ਪਿਆਰੋ ਪੁੱਤਰ ਕਸ਼ਮੀਰ ਸਿੰਘ ਨਾਲ ਜਾ ਟਕਰਾਈ। ਇਸ ਘਟਨਾ ਵਿਚ ਰਾਜ ਸਿੰਘ ਅਤੇ ਜੋਧ ਸਿੰਘ ਜ਼ਖਮੀ ਹੋ ਗਏ ਜਦਕਿ ਪਿਆਰੋ ਬਾਈ ਦੀ ਮੌਕੇ 'ਤੇ ਮੌਤ ਹੋ ਗਈ ਅਤੇ ਤਿੰਨੇ ਵਹੀਕਲ ਵੀ ਨੁਕਸਾਨੇ ਗਏ।