ਔਰਤ ਨੂੰ ਕੁੱਟਿਆ, ਪਾੜੇ ਕੱਪੜੇ

03/14/2018 12:19:41 PM

ਲੁਧਿਆਣਾ (ਮਹੇਸ਼) : ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇਕ ਔਰਤ ਨੂੰ ਖੇਤ ਵਿਚ ਘੜੀਸ ਕੇ ਉਸ ਨੂੰ ਕੁੱਟਣ, ਕੱਪੜੇ ਪਾੜਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਵਿਚ ਹੈਬੋਵਾਲ ਪੁਲਸ ਨੇ ਪੀੜਤਾ ਦੀ ਸ਼ਿਕਾਇਤ 'ਤੇ ਉਸ ਦੀਆਂ ਦੋ ਭੈਣਾਂ ਸਮੇਤ ਅੱਧੀ ਦਰਜਨ ਦੇ ਕਰੀਬ ਵਿਅਕਤੀਆਂ 'ਤੇ ਪਰਚਾ ਦਰਜ ਕੀਤਾ ਹੈ। ਨਾਮਜ਼ਦ ਕੀਤੇ ਗਏ ਦੋਸ਼ੀਆਂ ਵਿਚ ਔਰਤ ਦਾ ਜੀਜਾ ਵੀ ਸ਼ਾਮਲ ਹੈ। ਹੁਣ ਤੱਕ ਕਿਸੇ ਦੀ ਗ੍ਰਿਫਤਾਰੀ ਦੀ ਪੁਸ਼ਟੀ ਨਹੀਂ ਕੀਤੀ ਗਈ।
ਹੈਬੋਵਾਲ ਕਲਾਂ ਇਲਾਕੇ ਦੀ 47 ਸਾਲਾ ਪੀੜਤਾ ਨੇ ਦੱਸਿਆ ਕਿ ਉਹ ਘਰੇਲੂ ਔਰਤ ਹੈ। ਉਸ ਦਾ ਪਤੀ ਚੌੜਾ ਬਾਜ਼ਾਰ ਸਥਿਤ ਇਕ ਸਰਕਾਰੀ ਬੈਂਕ 'ਚ ਕੈਸ਼ੀਅਰ ਦੇ ਅਹੁਦੇ 'ਤੇ ਤਾਇਨਾਤ ਹੈ। ਉਸ ਦੀਆਂ 3 ਭੈਣਾਂ ਹਨ। ਸਾਰੀਆਂ ਭੈਣਾਂ ਵਿਆਹੁਤਾ ਹਨ। 2008 ਵਿਚ ਉਸ ਦੇ ਪਤੀ ਨੇ ਆਪਣੇ ਅਕਾਊਂਟ 'ਚੋਂ ਉਸ ਦੇ ਪਿਤਾ ਦੇ ਖਾਤੇ ਵਿਚ 42 ਲੱਖ ਰੁਪਏ ਟ੍ਰਾਂਸਫਰ ਕੀਤੇ ਸਨ। ਇਸ ਪੈਸੇ ਨਾਲ ਉਸ ਦੇ ਪਿਤਾ ਨੇ 6 ਪਲਾਟ ਖਰੀਦੇ ਜਿਸ ਵਿਚੋਂ 2-2 ਪਲਾਟ ਉਸ ਦੀਆਂ 2 ਭੈਣਾਂ ਦੇ ਨਾਂ ਕਰ ਦਿੱਤੇ।
ਪੀੜਤਾ ਨੇ ਦੱਸਿਆ ਕਿ ਜਦੋਂ ਉਸ ਨੇ ਆਪਣੇ ਹਿੱਸੇ ਦੇ ਪੈਸੇ ਪਿਤਾ ਤੋਂ ਮੰਗੇ ਤਾਂ ਉਸ ਦੀਆਂ 2 ਭੈਣਾਂ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਪਿਛਲੇ ਮਹੀਨੇ 11 ਫਰਵਰੀ ਦੀ ਸ਼ਾਮ ਨੂੰ ਕਰੀਬ 7.30 ਵਜੇ ਜਦੋਂ ਉਹ ਦੁੱਧ ਦੀ ਡੇਅਰੀ ਤੋਂ ਦੁੱਧ ਲੈਣ ਲਈ ਜਾ ਰਹੀ ਸੀ ਤਾਂ ਕਾਰ ਵਿਚ ਸਵਾਰ ਹੋ ਕੇ ਆਏ ਦੋਸ਼ੀਆਂ ਨੇ ਉਸ ਨੂੰ ਰਸਤੇ 'ਚ ਘੇਰ ਲਿਆ। ਦੋਸ਼ੀ ਉਸ ਨੂੰ ਖਿੱਚ ਕੇ ਨਾਲ ਲਗਦੇ ਖੇਤ ਵਿਚ ਲੈ ਗਏ, ਜਿੱਥੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਉਸ ਨੇ ਜਾਨ ਬਚਾਉਣ ਲਈ ਰੌਲਾ ਪਾਇਆ। ਜਦੋਂ ਆਲੇ-ਦੁਆਲੇ ਦੇ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਤਾਂ ਦੋਸ਼ੀ ਮੌਕਾ ਪਾ ਕੇ ਉੱਥੋਂ ਫਰਾਰ ਹੋ ਗਏ। ਜਾਂਦੇ ਸਮੇਂ ਉਹ ਉਸ ਨੂੰ ਵਾਰ-ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਕੇ ਗਏ।   ਲੋਕਾਂ ਦੀ ਮਦਦ ਨਾਲ ਉਸ ਦੇ ਪਤੀ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਦਰਜ ਕਰਵਾਈ। ਪੁਲਸ ਦਾ ਕਹਿਣਾ ਹੈ ਕਿ ਪੀੜਤਾ ਦੀ ਸ਼ਿਕਾਇਤ 'ਤੇ ਚੰਡੀਗੜ੍ਹ ਦੀ ਰਹਿਣ ਵਾਲੀ ਉਸ ਦੀ ਭੈਣ ਸ਼ਿਵਾਨੀ ਸ਼ਰਮਾ, ਸ਼ਿਵਾਨੀ ਦੇ ਪਤੀ ਵਿਨੇ ਸ਼ਰਮਾ, ਬਿੰਦੂ ਸ਼ਰਮਾ ਅਤੇ ਇਨ੍ਹਾਂ ਦੇ 3 ਅਣਪਛਾਤੇ ਸਾਥੀਆਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।