ਜਗ ਬਾਣੀ ਐਕਸਪੋਜ਼ : ਲੋਕਾਂ ਦੀ ਮੌਤ ਨਾਲ ਖੇਡ ਰਹੀਆਂ ਹਨ ਬਿਨਾਂ ਲਾਇਸੈਂਸ ਚੱਲ ਰਹੀਆਂ ਫੈਕਟਰੀਆਂ

10/24/2018 2:43:50 PM

ਜਲੰਧਰ (ਰਵਿੰਦਰ ਸ਼ਰਮਾ) - ਨਕਲੀ ਪੀਣ ਵਾਲੇ ਪਦਾਰਥਾਂ ਅਤੇ ਨਕਲੀ ਸੌਸ ਬਣਾਉਣ ਦੀ ਖੇਡ 'ਚ ਪੰਜਾਬ ਸਰਕਾਰ ਨੇ ਆਪਣੀ ਨੀਂਦ ਨੂੰ ਤੋੜਿਆ ਹੈ। ਮਹਾਨਗਰ 'ਚ ਪਿਛਲੇ ਲੰਬੇ ਸਮੇਂ ਤੋਂ ਨਕਲੀ ਪੀਣ ਵਾਲੇ ਪਦਾਰਥ ਬਣਾਉਣ ਦੀ ਖੇਡ ਚੱਲ ਰਹੀ ਹੈ, ਜੋ ਲੋਕਾਂ ਦੀ ਜਾਨ ਲਈ ਖਤਰਾ ਹੈ। ਬਿਨਾਂ ਲਾਈਸੈਂਸ ਚੱਲ ਰਹੀਆਂ ਇਨ੍ਹਾਂ ਫੈਕਟਰੀਆਂ ਨੂੰ ਲੋਕਾਂ ਦੀ ਜਾਨ ਨਾਲ ਖੇਡਣ ਦਾ ਲਾਇਸੈਂਸ ਮਿਲਿਆ ਹੋਇਆ ਹੈ। ਹਰ ਰੋਜ਼ ਲੱਖਾਂ ਲੋਕਾਂ ਦੀ ਜਾਨ ਨਾਲ ਸ਼ਰੇਆਮ ਇਸ ਤਰ੍ਹਾਂ ਖੇਡ ਕੇ ਉਨ੍ਹਾਂ ਮਾਸੂਮ ਲੋਕਾਂ ਨੂੰ ਗੰਭੀਰ ਬੀਮਾਰੀਆਂ ਵੱਲ ਧੱਕਿਆ ਜਾ ਰਿਹਾ ਹੈ। 'ਜਗ ਬਾਣੀ' ਨੇ ਇਸ ਮਾਮਲੇ ਦਾ ਪਰਦਾਫਾਸ਼ ਕੀਤਾ ਸੀ, ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ ਹੁਣ ਇਸ ਤਰ੍ਹਾਂ ਦੀਆਂ ਫੈਕਟਰੀਆਂ 'ਤੇ ਸ਼ਿਕੰਜਾ ਕੱਸਣ ਦਾ ਮਨ ਬਣਾ ਲਿਆ ਹੈ।

ਤਿਉਹਾਰੀ ਸੀਜ਼ਨਾਂ 'ਚ ਇਸ ਤਰ੍ਹਾਂ ਦੀਆਂ ਫੈਕਟਰੀਆਂ ਦੀ ਪੌਂ ਬਾਰਾਂ ਹੁੰਦੀ ਹੈ, ਇਸ ਲਈ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ-ਪਹਿਲਾਂ ਇਨ੍ਹਾਂ ਫੈਕਟਰੀਆਂ 'ਤੇ ਕਾਰਵਾਈ ਕਰ ਕੇ ਇਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ। ਅਜਿਹਾ ਨਹੀਂ ਕਿ ਸਿਹਤ ਵਿਭਾਗ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਨੋਟਾਂ ਦੀ ਚਮਕ ਸਾਹਮਣੇ ਇਨ੍ਹਾਂ ਨੂੰ ਲੋਕਾਂ ਦੀ ਮੌਤ ਨਾਲ ਖੇਡਣ ਦੀ ਇਜ਼ਾਜਤ ਦੇ ਦਿੱਤੀ ਜਾਂਦੀ ਹੈ। ਸ਼ਹਿਰ ਦੇ ਕੋਈ ਸਫੈਦਪੋਸ਼ ਕਾਫੀ ਲੰਬੇ ਸਮੇਂ ਤੋਂ ਇਸ ਗੋਰਖ-ਧੰਦੇ 'ਚ ਸ਼ਾਮਲ ਹਨ। ਇਸ ਡੁਪਲੀਕੇਸੀ 'ਚ ਕਾਫੀ ਕਮਾਈ ਹੈ, ਇਸ ਲਈ ਸ਼ਹਿਰ ਦੇ ਕਾਫੀ ਵੱਡੇ ਲੋਕ ਇਸ 'ਚ ਸ਼ਾਮਲ ਹਨ। ਹੁਣ ਇਹ ਲੋਕ ਸਰਕਾਰ ਦੀ ਰਾਡਾਰ 'ਤੇ ਆ ਚੁੱਕੇ ਹਨ। ਕਈ ਸ਼ਿਕਾਇਤਾਂ ਆਉਣ ਤੋਂ ਬਾਅਦ ਸਰਕਾਰ ਹੁਣ ਮਾਮਲੇ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਸਰਕਾਰ ਨੇ ਆਪਣੀ ਵਿਸ਼ੇਸ਼ ਟੀਮ ਦੇ ਜ਼ਰੀਏ ਚੱਲ ਰਹੀਆਂ ਡੁਪਲੀਕੇਟ ਫੈਕਟਰੀਆਂ ਦਾ ਸਰਵੇ ਕਰਨਾ ਸ਼ੁਰੂ ਕਰ ਦਿੱਤਾ ਹੈ।  

ਬਖਸ਼ੇ ਨਹੀਂ ਜਾਣਗੇ ਡੁਪਲੀਕੇਸੀ ਦਾ ਧੰਦਾ ਕਰਨ ਵਾਲੇ : ਮੁੱਖ ਮੰਤਰੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਡੁਪਲੀਕੇਸੀ ਨੂੰ ਲੈ ਕੇ ਸਰਕਾਰ ਗੰਭੀਰ ਹੈ। ਇਸ ਗੰਦੀ ਖੇਡ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। ਸਰਕਾਰ ਆਪਣੇ ਪੱਧਰ 'ਤੇ ਕਾਰਵਾਈ ਕਰ ਰਹੀ ਹੈ ਅਤੇ ਸਰਕਾਰ ਇਨ੍ਹਾਂ ਡੁਪਲੀਕੇਸੀ ਅਤੇ ਮਿਲਾਵਟ ਦੇ ਮਾਮਲਿਆਂ 'ਚ ਵੱਡੇ ਫੈਸਲੇ ਲੈਣ ਜਾ ਰਹੀ ਹੈ। ਇਸ 'ਚ ਸਜ਼ਾ ਨੂੰ ਵਧਾਉਣ ਦਾ ਪ੍ਰਬੰਧ ਹੈ ਅਤੇ ਆਉਣ ਵਾਲੇ ਸਮੇਂ 'ਚ ਜ਼ਿਲਾ ਪ੍ਰਸ਼ਾਸਨ 'ਚ ਇਸ ਤਰ੍ਹਾਂ ਦੇ ਕੇਸਾਂ ਦੀ ਸੁਣਵਾਈ ਦੀ ਬਜਾਏ ਸੈਸ਼ਨ ਅਦਾਲਤਾਂ 'ਚ ਇਸ ਤਰ੍ਹਾਂ ਦੇ ਕੇਸਾਂ ਨੂੰ ਜਲਦ ਟਰਾਂਸਫਰ ਕਰ ਦਿੱਤਾ ਜਾਵੇਗਾ।

ਮਿਲਾਵਟਖੋਰੀ ਕਰਨ ਵਾਲੀਆਂ ਫੈਕਟਰੀਆਂ ਦੀ ਲਿਸਟਿੰਗ ਸ਼ੁਰੂ
ਮਿਲਾਵਟਖੋਰੀ ਅਤੇ ਡੁਪਲੀਕੇਸੀ ਕਰਨ ਵਾਲੀਆਂ ਫੈਕਟਰੀਆਂ ਦੀ ਸਰਕਾਰ ਨੇ ਲਿਸਟਿੰਗ ਸ਼ੁਰੂ ਕਰ ਦਿੱਤੀ ਹੈ। ਮਹਾਨਗਰ 'ਚ ਕਈ ਇਸ ਤਰ੍ਹਾਂ ਦੀਆਂ ਫੈਕਟਰੀਆਂ ਸਰਕਾਰ ਦੀ ਰਾਡਾਰ 'ਤੇ ਆ ਗਈਆਂ ਹਨ। ਆਉਣ ਵਾਲੇ ਦਿਨਾਂ 'ਚ ਨਾ ਸਿਰਫ ਇਸ ਤਰ੍ਹਾਂ ਦੀਆਂ ਫੈਕਟਰੀਆਂ ਨੂੰ ਤਾਲਾ ਲੱਗੇਗਾ ਸਗੋਂ ਇਨ੍ਹਾਂ ਦੇ ਮਾਲਕਾਂ ਨੂੰ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇਗਾ।

ਮਿਲਾਵਟਖੋਰਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਕਈ ਅਧਿਕਾਰੀ ਸ਼ਾਮਲ
ਮਿਲਾਵਟਖੋਰਾਂ ਨੂੰ ਬਚਾਉਣ ਲਈ ਸਿਹਤ ਵਿਭਾਗ ਦੇ ਕਈ ਅਧਿਕਾਰੀ ਸ਼ਾਮਲ ਹਨ। ਸ਼ਿਕਾਇਤ ਹੋਣ ਤੋਂ ਬਾਅਦ ਇਸ ਤਰ੍ਹਾਂ ਦੀਆਂ ਫੈਕਟਰੀਆਂ ਦੇ ਸੈਂਪਲ ਤਾਂ ਇਕੱਠੇ ਕੀਤੇ ਜਾਂਦੇ ਹਨ ਪਰ ਜਾਂਚ ਲਈ ਮੋਟੀ ਸੈਂਟਿੰਗ ਕਰਕੇ ਇਨ੍ਹਾਂ ਸੈਂਪਲਾਂ ਦੀ ਥਾਂ ਠੀਕ ਮਾਰਕੇ ਵਾਲੇ ਸੈਂਪਲ ਭੇਜ ਦਿੱਤੇ ਜਾਂਦੇ ਹਨ। ਲੈਬ 'ਚ ਤਾਂ ਇਹ ਸੈਂਪਲ ਪਾਸ ਹੋ ਜਾਂਦੇ ਹਨ ਪਰ ਇਨ੍ਹਾਂ ਅੱਗੇ ਲੋਕਾਂ ਦੀ ਜਾਨ ਫੇਲ ਹੋ ਜਾਂਦੀ ਹੈ।