ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕੱਢਣ ਲਈ ਪਿੰਡ ਵਾਸੀਆ ਨੇ ਮੁੱਦਕੀ–ਬਾਘਾਪੁਰਾਣਾ ਰੋਡ ਕੀਤਾ ਜਾਮ

04/25/2018 7:06:15 PM

ਨੱਥੂਵਾਲਾ ਗਰਬੀ (ਰਾਜਵੀਰ) : ਪਿੰਡ ਲੰਗੇਆਣਾ ਪੁਰਾਣਾ ਦੀ ਸੱਥ ਵਿਚ ਸਥਿਤ ਸ਼ਰਾਬ ਦੇ ਠੇਕੇ ਨੂੰ ਪਿੰਡੋਂ ਬਾਹਰ ਕੱਢਣ ਲਈ ਪਿਛਲੇ ਚਾਰ ਦਿਨ ਪਹਿਲਾਂ ਪਿੰਡ ਦੇ ਨੌਜਵਾਨ ਲਖਵੀਰ ਸਿੰਘ ਨੇ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਸੀ ਜਿਸ ਨੂੰ ਪੁਲਸ ਨੇ ਚਾਰ ਘੰਟਿਆਂ ਬਾਅਦ ਹੇਠਾਂ ਉਤਾਰ ਕੇ ਮੰਗਾਂ ਮੰਨਣ ਦੀ ਗੱਲ ਕੀਤੀ ਸੀ ਪਰ ਅੱਜ ਇਹ ਮਾਮਲਾ ਉਸ ਸਮੇਂ ਹੋਰ ਗੰਭੀਰ ਹੋ ਗਿਆ ਜਦੋਂ ਉਕਤ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਦੇ ਮੋਹਤਵਾਰਾਂ ਨੂੰ ਨਾਲ ਲੈ ਕੇ ਮੁੱਦਕੀ-ਬਾਘਾਪੁਰਾਣਾ ਰੋਡ 'ਤੇ ਧਰਨਾ ਲਗਾ ਕੇ ਜਾਮ ਲਗਾ ਦਿੱਤਾ।
ਇਸ ਮੌਕੇ ਨੌਜਵਾਨ ਲਖਵੀਰ ਸਿੰਘ ਦੀ ਪਤਨੀ ਰਜਨਦੀਪ ਕੌਰ, ਮਾਤਾ ਚਰਨਜੀਤ ਕੌਰ ਨੇ ਪਿੰਡ ਦੇ ਸਾਬਕਾ ਸਰਪੰਚ ਜੋਗਿੰਦਰ ਸਿੰਘ, ਪੰਚ ਕੁਲਦੀਪ ਸਿੰਘ, ਪੰਚ ਠਾਣਾ ਸਿੰਘ ਪੰਚ ਬੇਅੰਤ ਸਿੰਘ, ਨੰਬਰਦਾਰ ਹਰਦੇਵ ਸਿੰਘ, ਕਲੱਬ ਪ੍ਰਧਾਨ ਸੁਖਦੇਵ ਸਿੰਘ, ਮਲਕੀਤ ਸਿੰਘ, ਸਤਨਾਮ ਸਿੰਘ, ਦਾਰਾ ਸਿੰਘ (ਜੋ ਕਿ ਧਰਨੇ ਦੀ ਅਗਵਾਈ ਕਰ ਰਹੇ ਸਨ) ਆਦਿ ਪਿੰਡ ਦੇ ਮੋਹਤਵਾਰਾ ਦੀ ਹਾਜ਼ਰੀ ਵਿਚ ਦੱਸਿਆ ਕਿ ਲਖਵੀਰ ਸਿੰਘ ਦਾ ਬੀਤੇ 31 ਮਾਰਚ ਨੂੰ ਸ਼ਰਾਬ ਠੇਕੇ ਦੇ ਕਰਿੰਦਿਆਂ ਨਾਲ ਝਗੜਾ ਹੋ ਗਿਆ ਸੀ ਉਨ੍ਹਾਂ ਨੇ ਲਖਵੀਰ ਦਾ ਮੋਟਰਸਾਈਕਲ ਅਤੇ ਕੁਝ ਨਕਦੀ ਵੀ ਖੋਹ ਲਈ ਸੀ ਜਿਸ ਦੀ ਸ਼ਿਕਾਇਤ ਕਈ ਵਾਰ ਉਸ ਨੇ ਪੁਲਸ ਅਤੇ ਪੰਚਾਇਤ ਨੂੰ ਵੀ ਦਿੱਤੀ ਸੀ ਪਰ ਉਸ ਦੀ ਕੋਈ ਸੁਣਵਾਈ ਨਹੀਂ ਹੋਈ। ਜਿਸ ਕਰਕੇ ਉਕਤ ਨੌਜਵਾਨ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਰਹਿਣ ਲੱਗ ਪਿਆ ਸੀ।ਚਾਰ ਦਿਨ ਪਹਿਲਾਂ ਉਸ ਨੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਚੜ੍ਹ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੌਕੇ 'ਤੇ ਪਹੁੰਚੇ ਪੁਲਸ ਮੁਲਾਜ਼ਮਾਂ ਨੇ ਠੇਕੇ ਦੇ ਕਰਿੰਦਿਆਂ ਨਾਲ ਝਗੜਾ ਨਬੇੜਨ ਦਾ ਭਰੋਸਾ ਵੀ ਦਿੱਤਾ ਸੀ ਪਰ ਪੁਲਸ ਨੇ ਅੱਜ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਜਿਸ ਕਾਰਨ ਮਜਬੂਰਨ ਅੱਜ ਧਰਨਾ ਲਗਾਉਣਾ ਪਿਆ।
ਸਵੇਰੇ 10 ਵਜੇ ਦੇ ਕਰੀਬ ਸ਼ੁਰੂ ਹੋਏ ਧਰਨੇ ਨੂੰ ਥਾਣਾ ਬਾਘਾਪੁਰਾਣਾ ਦੇ ਐੱਸ.ਅੱੈਚ.ਓ. ਜੰਗਜੀਤ ਸਿੰਘ ਨੇ ਕਰੀਬ ਡੇਢ ਘੰਟੇ ਬਾਅਦ ਮੰਗਾਂ ਮੰਨਣ ਅਤੇ ਬਣਦੀ ਕਾਰਵਾਈ ਕਰਨ ਦਾ ਭਰੋਸਾ ਦੇ ਕੇ ਚੁਕਵਾਇਆ।ਐੱਸ.ਐੱਚ.ਓ. ਨੇ ਮੌਕੇ 'ਤੇ ਹੀ ਠੇਕੇਦਾਰ ਦੇ ਕਰਿੰਦਿਆਂ ਕੋਲੋ ਮੋਟਰਸਾਈਕਲ ਲੈ ਕੇ ਦੇ ਦਿੱਤਾ ਅਤੇ ਨਕਦੀ ਆਦਿ ਖੋਹਣ ਦੀ ਪੜਤਾਲ ਕਰਨ ਦਾ ਪੂਰਾ ਭਰੋਸਾ ਦਿਵਾਇਆ।ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਕੱਢਣ ਦਾ ਮੋਹਤਵਰਾਂ ਨੂੰ ਐੱਸ.ਡੀ.ਐੱਮ ਸਾਹਿਬ ਨੂੰ ਮਿਲਣ ਲਈ ਕਿਹਾ। ਇਸ ਮੌਕੇ ਪਿੰਡ ਵਾਸੀਆਂ ਨੇ ਸ਼ਰਾਬ ਦੇ ਠੇਕੇ ਨੂੰ ਜਿੰਦਰਾ ਮਾਰ ਦਿੱਤਾ। ਪ੍ਰੈੱਸ ਨਾਲ ਗੱਲ ਕਰਦੇ ਹੋਏ ਪਿੰਡ ਵਾਸੀਆ ਨੇ ਕਿਹਾ ਕਿ ਬੇਸ਼ੱਕ ਅੱਜ ਉਨ੍ਹਾਂ ਨੇ ਧਰਨਾ ਚੁੱਕ ਦਿੱਤਾ ਹੈ ਪਰ ਜੇਕਰ ਉਕਤ ਨੌਜਵਾਨ ਨੂੰ ਇਨਸਾਫ ਨਾ ਮਿਲਿਆ ਅਤੇ ਸ਼ਰਾਬ ਦਾ ਠੇਕਾ ਪਿੰਡੋਂ ਬਾਹਰ ਨਾ ਕੱਢਿਆ ਗਿਆ ਤਾਂ ਉਹ ਦੋਬਾਰਾ ਫਿਰ ਸੰਘਰਸ਼ ਕਰਨ ਵਾਸਤੇ ਮਜਬੂਰ ਹੋਣਗੇ ਅਤੇ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸ਼ਨ ਦੀ ਹੋਵੇਗੀ।