ਕੀ ਜਾਨਲੇਵਾ ਚਾਈਨਾ ਡੋਰ ''ਤੇ ਪ੍ਰਸ਼ਾਸਨ ਕਾਬੂ ਪਾ ਸਕੇਗਾ

12/12/2017 7:55:24 AM

ਬਟਾਲਾ, (ਸੈਂਡੀ)- ਜਿਥੇ ਪਹਿਲਾਂ ਸਰਦ ਰੁੱਤ ਆਉਣ 'ਤੇ ਡੋਰ ਤੇ ਪਤੰਗਾਂ ਨੂੰ ਲੈ ਕੇ ਲੋਕਾਂ 'ਚ ਖ਼ੁਸ਼ੀ ਦਾ ਮਾਹੌਲ ਹੁੰਦਾ ਸੀ। ਉਥੇ ਇਸ ਦੇ ਠੀਕ ਉਲਟ ਚਾਈਨਾ ਡੋਰ ਨੇ ਮਾਰਕੀਟ 'ਚ ਕਦਮ ਰੱਖਿਆ, ਤਾਂ ਲੋਕ ਇਸ ਖ਼ਤਰਨਾਕ ਡੋਰ ਨਾਲ ਵਾਪਰੇ ਜਾਨਲੇਵਾ ਹਾਦਸਿਆਂ ਤੋਂ ਕਾਫ਼ੀ ਡਰ ਗਏ ਹਨ। ਡਿਪਟੀ ਕਮਿਸ਼ਨਰ ਗੁਰਦਾਸਪੁਰ ਨੇ ਸਖ਼ਤ ਹੁਕਮ ਦਿੰਦੇ ਹੋਏ ਚਾਈਨਾ ਡੋਰ ਦੀ ਵਿਕਰੀ, ਇਸ ਦੀ ਵਰਤੋਂ ਤੇ ਸਟੋਰ ਕਰਨ 'ਤੇ ਰੋਕ ਲਾਈ ਹੋਈ ਹੈ ਪਰ ਪ੍ਰਸ਼ਾਸਨ ਦੀ ਲਾਪ੍ਰਵਾਹੀ ਕਾਰਨ ਫਿਰ ਚਾਈਨਾ ਡੋਰ ਦੀ ਵਿਕਰੀ ਸ਼ਹਿਰਾਂ ਤੇ ਪਿੰਡਾਂ 'ਚ ਧੜੱਲੇ ਨਾਲ ਚੱਲ ਰਹੀ ਹੈ ਤੇ ਇਸ ਡੋਰ ਨੇ ਮਾਸੂਮ ਬੱਚਿਆਂ ਤੇ ਰਾਹਗੀਰਾਂ ਨੂੰ ਜ਼ਖ਼ਮੀ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਸਮੇਂ ਚਾਈਨਾ ਡੋਰ ਨੂੰ ਆਯਾਤ ਨਹੀਂ ਕੀਤਾ ਜਾ ਰਿਹਾ ਹੈ ਤੇ ਹੁਣ ਸਿੰਥੈਟਿਕ ਡੋਰ ਇਸ ਦਾ ਰੂਪ ਧਾਰ ਚੁੱਕੀ ਹੈ ਤੇ ਇਸ ਦਾ ਨਿਰਮਾਣ ਵੀ ਦਿੱਲੀ ਤੇ ਆਸ-ਪਾਸ ਦੇ ਰਾਜਾਂ 'ਚ ਕੀਤਾ ਜਾ ਰਿਹਾ ਹੈ। ਪਰ ਇਸ ਦੇ ਕਾਤਲ ਨਤੀਜੇ ਲਗਾਤਾਰ ਸਾਹਮਣੇ ਆ ਰਹੇ ਹਨ। ਸਭ ਤੋਂ ਵੱਡੀ ਗੱਲ ਇਹ ਹੈ ਕਿ ਇਸ ਡੋਰ ਦੀ ਵਿਕਰੀ ਚੋਣਵੇਂ ਲੋਕ ਹੀ ਕਰ ਰਹੇ ਹਨ। ਜਿਨ੍ਹਾਂ ਨੇ ਆਪਣੇ ਘਰਾਂ 'ਚ ਜਾ ਫਿਰ ਗੁਪਤ ਟਿਕਾਣਿਆਂ 'ਤੇ ਇਸ ਡੋਰ ਨੂੰ ਲੁਕਾ ਕੇ ਰੱਖਿਆ ਹੈ।  
ਸੂਤਰ ਦੱਸਦੇ ਹਨ ਕਿ ਇਸ ਡੋਰ ਦੀ ਵਿਕਰੀ ਕਰਨ ਵਾਲੇ ਆਪਣੀ ਦੁਕਾਨ 'ਤੇ ਡੋਰ ਦਾ ਸੌਦਾ ਕਰਦੇ ਹਨ ਪਰ ਡਲਿਵਰੀ ਕਿਸੇ ਦੂਜੀ ਥਾਂ ਤੋਂ ਦਿੱਤੀ ਜਾਂਦੀ ਹੈ। ਸੂਤਰਾਂ ਅਨੁਸਾਰ ਜ਼ਿਲਾ ਗੁਰਦਾਸਪੁਰ ਤੇ ਬਟਾਲਾ 'ਚ ਕਈ ਅਜਿਹੇ ਵਪਾਰੀ ਦੱਸੇ ਜਾ ਰਹੇ ਹਨ ਜੋ ਚਾਈਨਾ ਡੋਰ ਦੀ ਵਿਕਰੀ ਕਰ ਰਹੇ ਹਨ। ਇਹ ਗੱਲ ਇਸ ਲਈ ਵੀ ਸੱਚ ਦਿਖਾਈ ਦਿੰਦੀ ਹੈ, ਕਿਉਂਕਿ ਪਿਛਲੇ ਸਾਲ ਪੁਲਸ ਨੇ ਕੁਝ ਵਿਅਕਤੀਆਂ ਕੋਲੋਂ ਚਾਈਨਾ ਡੋਰ ਬਰਾਮਦ ਕੀਤੀ ਹੈ। ਇਸ ਲਈ ਪੁਲਸ ਪ੍ਰਸ਼ਾਸਨ ਨੂੰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਹੁਣ ਤੋਂ ਹੀ ਕਾਰਵਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਇਹ ਡੋਰ ਨਾ ਸਿਰਫ਼ ਮਨੁੱਖਾਂ ਲਈ ਖ਼ਤਰਨਾਕ ਹੈ ਸਗੋਂ ਪਸ਼ੂ ਪੰਛੀਆਂ ਲਈ ਵੀ ਘਾਤਕ ਹੈ।