ਦੋਬਾਰਾ ਕੌਂਸਲਰ ਬਣਨ ਦੀ ਇੱਛਾ ਲੈ ਕੇ ਦਲ-ਬਦਲ ਕਰਨ ਵਾਲੇ ਆਗੂਆਂ ਦੀ ਇੱਛਾ ਕੀ ਪੂਰੀ ਹੋ ਸਕੇਗੀ?

04/19/2023 2:44:01 PM

ਜਲੰਧਰ (ਖੁਰਾਣਾ)–ਲਗਭਗ 3 ਹਫ਼ਤਿਆਂ ਬਾਅਦ ਜਲੰਧਰ ਵਿਚ ਲੋਕ ਸਭਾ ਦੀ ਜ਼ਿਮਨੀ ਚੋਣ ਹੋਣ ਜਾ ਰਹੀ ਹੈ, ਜਿਸ ਦੇ ਲਈ ਸਾਰੀਆਂ ਸਿਆਸੀ ਪਾਰਟੀਆਂ ਦੇ ਵੱਡੇ-ਵੱਡੇ ਆਗੂਆਂ ਨੇ ਇਨ੍ਹੀਂ ਦਿਨੀਂ ਜਲੰਧਰ ਵਿਚ ਡੇਰੇ ਲਾਏ ਹੋਏ ਹਨ। ਇਸ ਵਾਰ ਇਨ੍ਹਾਂ ਚੋਣਾਂ ’ਚ ਸਿਆਸੀ ਪਾਰਟੀਆਂ ਵਿਚਕਾਰ ਸਖ਼ਤ ਮੁਕਾਬਲਾ ਵੇਖਣ ਨੂੰ ਮਿਲ ਰਿਹਾ ਹੈ। ਇਸੇ ਕਾਰਨ ਹਰ ਪਾਰਟੀ ਇਨ੍ਹਾਂ ਚੋਣਾਂ ਵਿਚ ਆਪਣੀ ਪੂਰੀ ਤਾਕਤ ਲਾ ਰਹੀ ਹੈ। ਇਨ੍ਹਾਂ ਚੋਣਾਂ ਵਿਚ ਖਾਸ ਗੱਲ ਇਹ ਹੈ ਕਿ ਭਾਵੇਂ ਇਹ ਜ਼ਿਮਨੀ ਚੋਣ 9 ਵਿਧਾਨ ਸਭਾ ਸੀਟਾਂ ’ਤੇ ਆਧਾਰਿਤ ਹੋ ਰਹੀ ਹੈ ਪਰ ਸਭ ਤੋਂ ਜ਼ਿਆਦਾ ਸਰਗਰਮੀ ਜਲੰਧਰ ਵਿਚ ਹੀ ਵੇਖਣ ਨੂੰ ਮਿਲ ਰਹੀ ਹੈ, ਜਿੱਥੇ ਹਰ ਆਏ ਦਿਨ ਕਿਸੇ ਨਾ ਕਿਸੇ ਸਿਆਸੀ ਪਾਰਟੀ ਦਾ ਵੱਡਾ ਆਗੂ ਆ ਧਮਕਦਾ ਹੈ।

ਅਜੀਬ ਤਰ੍ਹਾਂ ਦੀ ਸਿਆਸਤ ਦਾ ਗੜ੍ਹ ਬਣਿਆ ਜਲੰਧਰ ਵੈਸਟ
ਇਹ ਜ਼ਿਮਨੀ ਚੋਣ ਭਾਵੇਂ 9 ਵਿਧਾਨ ਸਭਾ ਹਲਕਿਆਂ ਵਿਚ ਹੈ ਪਰ ਜਲੰਧਰ ਵੈਸਟ ਵਿਧਾਨ ਸਭਾ ਹਲਕਾ ਸਭ ਤੋਂ ਅਜੀਬ ਤਰ੍ਹਾਂ ਦੀ ਸਿਆਸਤ ਦਾ ਗੜ੍ਹ ਬਣਿਆ ਹੋਇਆ ਹੈ। ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਮੁੱਖ ਮੁਕਾਬਲਾ ਕਾਂਗਰਸ ਦੇ ਸੁਸ਼ੀਲ ਰਿੰਕੂ, ‘ਆਪ’ ਦੇ ਸ਼ੀਤਲ ਅੰਗੁਰਾਲ ਅਤੇ ਭਾਜਪਾ ਦੇ ਮਹਿੰਦਰ ਭਗਤ ਦੇ ਵਿਚਾਲੇ ਸੀ। ਤਿੰਨਾਂ ਹੀ ਉਮੀਦਵਾਰਾਂ ਨੇ ਦੂਜੀਆਂ ਵਿਰੋਧੀ ਪਾਰਟੀਆਂ ’ਤੇ ਜੰਮ ਕੇ ਹਮਲੇ ਕੀਤੇ ਅਤੇ ਇਕ-ਦੂਜੇ ਨੂੰ ਹਰਾਉਣ ਲਈ ਹਰ ਸੰਭਵ ਯਤਨ ਕੀਤਾ।

ਇਹ ਵੀ ਪੜ੍ਹੋ : ਵਿਜੀਲੈਂਸ ਟੀਮ ਨੇ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਨਾਲ ਜੁੜੀ ਸੰਸਥਾ ’ਤੇ ਮਾਰਿਆ ਛਾਪਾ

ਵੈਸਟ ਵਿਚ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਦੀ ਰਵਾਇਤੀ ਦੁਸ਼ਮਣੀ ਕਿਸੇ ਤੋਂ ਲੁਕੀ ਨਹੀਂ ਹੈ। ਭਾਜਪਾ ਵਿਚ ਰਹਿੰਦੇ ਹੋਏ ਸ਼ੀਤਲ ਅੰਗੁਰਾਲ ਨੇ ਹਰ ਮੌਕੇ ’ਤੇ ਮੋਹਿੰਦਰ ਭਗਤ ਨੂੰ ਮਾਤ ਦੇਣ ਦਾ ਹੀ ਯਤਨ ਕੀਤਾ। ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਲ ਪਹਿਲਾਂ ਇਕ-ਦੂਜੇ ਦੇ ਦੁਸ਼ਮਣ ਰਹੇ ਤਿੰਨੋਂ ਆਗੂ ਅੱਜ ਇਕ-ਦੂਜੇ ਦਾ ਹੱਥ ਫੜੀ ਨਜ਼ਰ ਆਉਂਦੇ ਹਨ। ਸ਼ੀਤਲ ਅੰਗੁਰਾਲ ਅੱਜ ਸੁਸ਼ੀਲ ਰਿੰਕੂ ਲਈ ਵੋਟਾਂ ਮੰਗ ਰਹੇ ਹਨ ਅਤੇ ਮੋਹਿੰਦਰ ਭਗਤ ਆਪਣੇ ਹਲਕੇ ਦੇ ਸਾਬਕਾ ਵਿਧਾਇਕ ਅਤੇ ਹਮੇਸ਼ਾ ਵਿਰੋਧੀ ਰਹੇ ਸੁਸ਼ੀਲ ਰਿੰਕੂ ਦੀ ਸ਼ਾਨ ਵਿਚ ਕਸੀਦੇ ਪੜ੍ਹ ਰਹੇ ਹਨ। ਜਿਹੜੇ ਆਗੂਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਰਿੰਕੂ ਨੂੰ ਹਰਾਉਣ ਲਈ ਜੀ-ਤੋੜ ਮਿਹਨਤ ਕੀਤੀ, ਹੁਣ ਉਨ੍ਹਾਂ ਆਗੂਆਂ ’ਤੇ ਰਿੰਕੂ ਨੂੰ ਜਿਤਾਉਣ ਦੀ ਜ਼ਿੰਮੇਵਾਰੀ ਆਣ ਪਈ ਹੈ। ਇਕ ਹੀ ਸਾਲ ਵਿਚ ਹੋਏ ਦਲ ਬਦਲੀ ਦੇ ਅਜਿਹੇ ਮਾਮਲਿਆਂ ਨੂੰ ਹੁਣ ਇਲਾਕੇ ਦੇ ਵੋਟਰ ਕਿਸ ਭਾਵਨਾ ਨਾਲ ਲੈਂਦੇ ਹਨ, ਇਹ ਤਾਂ ਖੈਰ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੰਨਾ ਤੈਅ ਹੈ ਕਿ ਲੋਕ ਸਭਾ ਦੀ ਜ਼ਿਮਨੀ ਚੋਣ ਦੇ ਨਤੀਜਿਆਂ ’ਤੇ ਨਾ ਸਿਰਫ਼ ਵੈਸਟ ਦੀ ਆਗਾਮੀ ਸਿਆਸਤ ਨਿਰਭਰ ਕਰਦੀ ਹੈ, ਸਗੋਂ ਕੁਝ ਹੀ ਮਹੀਨਿਆਂ ਬਾਅਦ ਹੋਣ ਵਾਲੀਆਂ ਨਿਗਮ ਚੋਣਾਂ ਵੀ ਇਨ੍ਹਾਂ ਨਤੀਜਿਆਂ ਤੋਂ ਕਾਫ਼ੀ ਪ੍ਰਭਾਵਿਤ ਹੋਣਗੀਆਂ।

ਕੀ ਦੋਬਾਰਾ ਕੌਂਸਲਰ ਬਣਨ ਦੀ ਮਨੋਕਾਮਨਾ ਹੋਵੇਗੀ ਪੂਰੀ
ਕੁਝ ਹੀ ਮਹੀਨਿਆਂ ਬਾਅਦ ਹੋਣ ਜਾ ਰਹੀਆਂ ਜਲੰਧਰ ਨਿਗਮ ਦੀਆਂ ਚੋਣਾਂ ਨੂੰ ਵੇਖਦੇ ਹੋਏ ਪਿਛਲੇ ਕੁਝ ਹਫ਼ਤਿਆਂ ਤੋਂ ਸ਼ਹਿਰ ਦੇ ਕਈ ਸਾਬਕਾ ਕੌਂਸਲਰ ਦਲ ਬਦਲ ਕੇ ਦੂਜੀਆਂ ਪਾਰਟੀਆਂ ਵਿਚ ਜਾ ਚੁੱਕੇ ਹਨ। ਵਧੇਰੇ ਕੌਂਸਲਰਾਂ ਨੂੰ ਲਾਲਚ ਜਾਂ ਭਰੋਸਾ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਆਗਾਮੀ ਨਿਗਮ ਚੋਣਾਂ ਵਿਚ ਵੀ ਕੌਂਸਲਰ ਦੀ ਟਿਕਟ ਦੇ ਕੇ ਨਿਵਾਜਿਆ ਜਾਵੇਗਾ। ਹੁਣ ਸਵਾਲ ਇਹ ਉੱਠਦਾ ਹੈ ਕਿ ਦੋਬਾਰਾ ਕੌਂਸਲਰ ਬਣਨ ਦੀ ਇੱਛਾ ਨਾਲ ਦਲ ਬਦਲ ਕਰ ਚੁੱਕੇ ਆਗੂਆਂ ਦੀ ਇੱਛਾ ਕੀ ਪੂਰੀ ਹੋ ਸਕੇਗੀ। ਸਾਲ ਪਹਿਲਾਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਨਵੇਂ-ਨਵੇਂ ਉਭਰੇ ਉਮੀਦਵਾਰਾਂ ਨੇ ਆਪਣੀ ਪਾਰਟੀ ਵਿਚ ਸ਼ਾਮਲ ਕੇਡਰ ਨੂੰ ਕੌਂਸਲਰ ਦੀਆਂ ਟਿਕਟਾਂ ਸਬੰਧੀ ਜੋ ਭਰੋਸੇ ਦਿੱਤੇ ਹੋਏ ਹਨ, ਹੁਣ ਉਨ੍ਹਾਂ ਦਾ ਕੀ ਬਣੇਗਾ?

ਇਹ ਵੀ ਪੜ੍ਹੋ : ਸਮਾਰਟ ਸਿਟੀ ਪ੍ਰਾਜੈਕਟ ਤਹਿਤ ਜਲੰਧਰ ਨੂੰ ਮਿਲੇ 900 ਕਰੋੜ ਤੋਂ ਵਧੇਰੇ ਰੁਪਏ, ਸਰਵੇ ਰਿਪੋਰਟ 'ਚ ਹੋਇਆ ਵੱਡਾ ਖ਼ੁਲਾਸਾ

ਅਜਿਹੇ ਵਿਚ ਕਈ ਵਾਰਡਾਂ ਵਿਚ ਟਿਕਟਾਂ ਨੂੰ ਲੈ ਕੇ ਕਸ਼ਮਕਸ਼ ਵੇਖਣ ਨੂੰ ਮਿਲ ਸਕਦੀ ਹੈ। ਇਹ ਵੀ ਇਕ ਸਵਾਲ ਕਈਆਂ ਦੇ ਮਨ ਵਿਚ ਹੈ ਕਿ ਜੇਕਰ ਦਲ ਬਦਲ ਕਰਨ ਵਾਲੇ ਆਗੂ ਟਿਕਟ ਲੈਣ ਵਿਚ ਕਾਮਯਾਬ ਹੋ ਜਾਂਦੇ ਹਨ ਤਾਂ ਪਾਰਟੀ ਕੇਡਰ ਵਿਚ ਮਿਹਨਤ ਕਰਨ ਵਾਲੇ ਆਗੂ ਕੀ ਉਨ੍ਹਾਂ ਦੀ ਜਿੱਤ ਨੂੰ ਹਜ਼ਮ ਕਰ ਪਾਉਣਗੇ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਆਗਾਮੀ ਨਿਗਮ ਚੋਣਾਂ ਬਹੁਤ ਹੀ ਜ਼ਿਆਦਾ ਦਿਲਚਸਪ, ਹੰਗਾਮਾਪੂਰਨ ਅਤੇ ਬੇਯਕੀਨੀ ਭਰੀਆਂ ਹੋਣਗੀਆਂ।

ਇਹ ਵੀ ਪੜ੍ਹੋ : ਸਪੇਨ ਗਏ ਪੁੱਤ ਦੀ ਘਰ ਪਰਤੀ ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ, ਗਮਗੀਨ ਮਾਹੌਲ 'ਚ ਹੋਇਆ ਸਸਕਾਰ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri