ਖਾਲੀ ਹੱਥ ਨਿਕਲਿਆ ਸੀ ਦੁਸਹਿਰਾ, ਕੀ ਦੀਵਾਲੀ ''ਤੇ ਮਿਲੇਗਾ ਜੇਬ ਖਰਚ?

10/08/2017 10:59:04 AM


ਲੁਧਿਆਣਾ (ਹਿਤੇਸ਼)-ਨਗਰ ਨਿਗਮ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਦੁਸਹਿਰਾ ਤਾਂ ਖਾਲੀ ਹੱਥ ਮਨਾਉਣਾ ਪਿਆ ਸੀ ਤੇ ਹੁਣ ਉਨ੍ਹਾਂ ਦਾ ਸਵਾਲ ਹੈ ਕਿ ਕੀ ਦੀਵਾਲੀ 'ਤੇ ਜੇਬ ਖਰਚ ਮਿਲੇਗਾ ਕਿ ਨਹੀਂ। ਕਿਉਂਕਿ ਉਨ੍ਹਾਂ ਸਾਰਿਆਂ ਨੂੰ ਅਗਸਤ ਦੀ ਤਨਖਾਹ ਤੇ ਪੈਨਸ਼ਨ ਪੂਰੇ ਇਕ ਮਹੀਨੇ ਬਾਅਦ ਮਿਲੀ ਹੈ, ਜਿਸ ਕਾਰਨ ਕੇਂਦਰ ਤੋਂ ਜੀ. ਐੱਸ. ਟੀ. ਦਾ ਸ਼ੇਅਰ ਨਾ ਮਿਲਣਾ ਰਹੀ। ਇਸ ਦੇ ਮੱਦੇਨਜ਼ਰ ਇਕ ਵਾਰ ਤਾਂ ਸੂਬਾ ਸਰਕਾਰ ਵੱਲੋਂ ਦਿੱਤੀ ਗਈ ਮਦਦ ਅਤੇ ਨਿਗਮ ਦੀ ਆਪਣੀ ਰਿਕਵਰੀ ਦੇ ਪੈਸੇ ਨਾਲ ਕੰਮ ਚੱਲ ਗਿਆ ਪਰ ਅੱਗੇ ਸਤੰਬਰ ਦੀ ਤਨਖਾਹ ਮਿਲਣ ਨੂੰ ਲੈ ਕੇ ਤਸਵੀਰ ਸਾਫ ਨਹੀਂ ਹੋ ਪਾ ਰਹੀ ਕਿਉਂਕਿ ਅਗਲੇ ਹਫਤੇ ਵਿਚ ਸਭ ਤੋਂ ਪਹਿਲਾਂ ਬਿਜਲੀ ਦੇ ਬਿੱਲ ਦੇਣ ਲਈ 4 ਕਰੋੜ ਦੀ ਲੋੜ ਹੈ ਅਤੇ ਜੋ ਮੁਲਾਜ਼ਮ ਸਤੰਬਰ ਤਕ ਰਿਟਾਇਰ ਹੋ ਚੁੱਕੇ ਹਨ। ਉਨ੍ਹਾਂ ਨੂੰ ਦੇਣ ਲਈ ਕਰੀਬ ਡੇਢ ਕਰੋੜ ਦੀ ਮੰਗ ਦੇ ਬਿੱਲ ਅਕਾਊਂਟ ਸ਼ਾਖਾ ਵਿਚ ਪਹੁੰਚ ਚੁੱਕੇ ਹਨ। ਇਸੇ ਤਰ੍ਹਾਂ ਕੂੜੇ ਦੀ ਲਿਫਟਿੰਗ ਅਤੇ ਤੇਲ ਦੇ ਬਿੱਲਾਂ ਦੀ ਅਦਾਇਗੀ ਕਰਨ ਦਾ ਵੀ ਦਬਾ ਹੈ। ਇਸ ਦੌਰ ਵਿਚ ਜੇਕਰ ਕੇਂਦਰ ਜਾਂ ਸੂਬਾ ਸਰਕਾਰ ਤੋਂ ਮਦਦ ਨਾ ਮਿਲੀ ਤਾਂ ਨਿਗਮ ਦੀ ਆਪਣੀ ਆਮਦਨ ਨਾਲ ਤਾਂ ਇਹ ਖਰਚੇ ਹੀ ਪੂਰੇ ਨਹੀਂ ਹੋ ਸਕਣਗੇ।

ਸਾਬਕਾ ਕੌਂਸਲਰਾਂ ਦਾ ਵੀ ਖੜ੍ਹਾ ਹੈ ਬਕਾਇਆ
ਨਿਗਮ ਤੋਂ ਬਕਾਇਆ ਤਨਖਾਹ ਮਿਲਣ ਦੀ ਉਡੀਕ ਕਰਨ ਵਾਲਿਆਂ ਵਿਚ ਮੁਲਾਜ਼ਮਾਂ ਅਤੇ ਪੈਨਸ਼ਨਭੋਗੀਆਂ ਤੋਂ ਇਲਾਵਾ ਸਾਬਕਾ ਕੌਂਸਲਰ ਵੀ ਸ਼ਾਮਲ ਹਨ ਜਿਨ੍ਹਾਂ ਦਾ ਕਾਰਜਕਾਲ 20 ਸਤੰਬਰ ਨੂੰ ਖਤਮ ਹੋ ਚੁੱਕਾ ਹੈ ਜਿਨ੍ਹਾਂ ਨੂੰ ਅਗਸਤ ਮਹੀਨੇ ਦਾ ਭੱਤਾ ਹੁਣ ਜਾ ਕੇ ਮਿਲਿਆ ਹੈ ਅਤੇ ਆਖਰੀ 20 ਦਿਨ ਦੇ ਬਣਦੇ ਬਕਾਏ ਲਈ ਉਨ੍ਹਾਂ ਨੂੰ ਵੀ ਮੁਲਾਜ਼ਮਾਂ ਅਤੇ ਪੈਨਸ਼ਨਭੋਗੀਆਂ ਦੇ ਨਾਲ ਹੀ ਇੰਤਜ਼ਾਰ ਕਰਨਾ ਪਵੇਗਾ।

ਨਿਗਮ ਦੇ ਆਰਥਿਕ ਹਾਲਾਤ 'ਤੇ ਇਕ ਨਜ਼ਰ
. ਨਿਗਮ ਵਿਚ ਹੈ 10 ਹਜ਼ਾਰ ਛੋਟੇ ਵੱਡੇ ਮੁਲਾਜ਼ਮ
. ਤਨਖਾਹ ਦੇਣ ਲਈ ਚਾਹੀਦੇ 22.50 ਕਰੋੜ
. 4 ਕਰੋੜ ਬਣਦਾ ਹੈ ਪੈਨਸ਼ਨ ਦਾ ਅੰਕੜਾ