ਪਤਨੀ ਵਲੋਂ ਐੱਨ. ਆਰ. ਆਈ. ਪਤੀ ਦੀ ਸ਼ਿਕਾਇਤ ''ਤੇ ਵਿਦੇਸ਼ ਮੰਤਰਾਲੇ ਨੇ ਕੀਤੀ ਕਾਰਵਾਈ, ਮੰਗੇ ਦਸਤਾਵੇਜ਼

04/12/2017 1:57:22 PM

ਚੰਡੀਗੜ੍ਹ— ਐੱਨ. ਆਰ. ਆਈ. ਪਤੀ ਤੋਂ ਪਰੇਸ਼ਾਨ ਪਤਨੀ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਤੋਂ ਮਦਦ ਮੰਗੀ ਹੈ। ਚਾਂਦਦੀਪ ਨਾਂ ਦੀ ਔਰਤ ਨੇ ਟਵੀਟ ਕਰ ਕੇ ਵਿਦੇਸ਼ ਮੰਤਰੀ ਨੂੰ ਦੱਸਿਆ ਕਿ ਉਸ ਦਾ ਵਿਆਹ 2 ਜੁਲਾਈ, 2015 ਨੂੰ ਜਲੰਧਰ ਨਿਵਾਸੀ ਰਮਨਦੀਪ ਸਿੰਘ ਨਾਲ ਹੋਇਆ ਸੀ ਅਤੇ ਵਿਆਹ ਤੋਂ ਬਾਅਦ 1 ਅਗਸਤ ਨੂੰ ਰਮਨਦੀਪ ਸਿੰਘ ਨਿਊਜ਼ੀਲੈਂਡ ਚਲਾ ਗਿਆ। ਔਤਰ ਨੇ ਕਿਹਾ ਕਿ ਪਤੀ ਨੂੰ ਨਿਊਜ਼ੀਲੈਂਡ ਤੋਂ ਡਿਪੋਰਟ ਕਰਾਉਣ ''ਚ ਸਰਕਾਰ ਉਸ ਦੀ ਮਦਦ ਕਰੇ। ਇਸ ਦੇ ਨਾਲ ਹੀ ਕਿਹਾ ਕਿ ਮੈਂ ਤਲਾਕ ਲੈ ਕੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਚਾਹੁੰਦੀ ਹਾਂ। ਇਸ ਲਈ ਪਤੀ ਦਾ ਪਾਸਪੋਰਟ ਰੱਦ ਕੀਤਾ ਜਾਵੇ, ਤਾਂਕਿ ਅੱਗੇ ਤੋਂ ਕੋਈ ਵੀ ਐੱਨ. ਆਰ. ਆਈ. ਪਤਨੀ ਨੂੰ ਧੋਖਾ ਨਾ ਦੇ ਸਕੇ। ਕੌਰ ਵਲੋਂ ਲਿਖੇ ਗਏ ਪੱਤਰ ''ਤੇ ਧਿਆਨ ਦਿੰਦੇ ਹੋਏ ਨਿਊਜ਼ੀਲੈਂਡ ''ਚ ਭਾਰਤੀ ਉੱਚ ਕਮਿਸ਼ਨ ਨੇ ਸਿੰਘ ਵਿਰੁੱਧ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਿਸ ਤੋਂ ਬਾਅਦ ਵਿਦੇਸ਼ ਮੰਤਰਾਲੇ ਨੇ ਫੋਨ ਕਰ ਕੇ ਔਰਤ ਤੋਂ ਕੇਸ ਨਾਲ ਜੁੜੇ ਦਸਤਾਵੇਜ਼ ਮੰਗੇ ਹਨ। 
ਦੱਸਣਯੋਗ ਹੈ ਕਿ ਕਪੂਰਥਲਾ ਦੀ ਚਾਂਦਦੀਪ ਕੌਰ (29 ਸਾਲ) ਨੇ ਦੱਸਿਆ ਕਿ ਜੁਲਾਈ, 2015 ''ਚ ਮੇਰਾ ਜਲੰਧਰ ਦੇ ਰਮਨਦੀਪ ਸਿੰਘ ਨਾਲ ਵਿਆਹ ਹੋਇਆ ਸੀ। ਉਹ ਆਕਲੈਂਡ ''ਚ ਅਕਾਊਟੈਂਟ ਦੀ ਨੌਕਰੀ ਕਰਦਾ ਹੈ। ਵਿਆਹ ਤੋਂ ਕੁਝ ਦਿਨ ਬਾਅਦ ਹੀ ਰਮਨਦੀਪ ਨਿਊਜ਼ੀਲੈਂਡ ਚਲਾ ਗਿਆ। ਜਦੋਂ ਕਿ ਮੈਂ ਉਸ ਦੇ ਮਾਤਾ-ਪਿਤਾ ਨਾਲ ਸਹੁਰੇ ਘਰ ''ਚ ਹੀ ਰਹੀ। ਦਸੰਬਰ ''ਚ ਪਤੀ ਕੁਝ ਦਿਨਾਂ ਲਈ ਘਰ ਆਇਆ। ਜਨਵਰੀ ''ਚ ਫਿਰ ਵਿਦੇਸ਼ ਚਲਾ ਗਿਆ। ਵਿਆਹ ਤੋਂ ਬਾਅਦ ਸਿਰਫ 40 ਤੋਂ 45 ਦਿਨ ਹੀ ਪਤੀ ਨਾਲ ਰਹਿ ਸਕੀ। ਰਮਨਦੀਪ ਦੇ ਜਾਂਦੇ ਹੀ ਮੇਰੇ ਸਹੁਰੇ ਪਰਿਵਾਰ ਦਾ ਨਜ਼ਰੀਆਂ ਅਚਾਨਕ ਬਦਲ ਗਿਆ। ਇਕ ਦਿਨ ਸਹੁਰੇ ਨੇ ਕਿਹਾ ਕਿ ਅਸੀਂ ਰਮਨ ਨੂੰ ਜ਼ਾਇਦਾਦ ਤੋਂ ਬੇ-ਦਖਲ ਕਰ ਦਿੱਤਾ ਹੈ। ਇਸ ਲਈ ਤੈਨੂੰ ਵੀ ਆਪਣੇ ਮਾਤਾ-ਪਿਤਾ ਦੇ ਘਰ ਜਾ ਕੇ ਰਹਿਣਾ ਚਾਹੀਦਾ ਹੈ। ਇਸ ਤੋਂ ਬਾਅਦ ਮੈਂ ਕਈ ਦਿਨ ਤੱਕ ਪਤੀ ਨੂੰ ਫੋਨ ਕਰਦੀ ਰਹੀ ਪਰ ਕੋਈ ਜਵਾਬ ਨਹੀਂ ਮਿਲਿਆ। ਚਾਂਦਦੀਪ ਨੇ 7 ਅਪ੍ਰੈਲ ਨੂੰ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੇ ਟਵਿੱਟਰ ਹੈਂਡਲ ''ਤੇ ਆਪਣੀ ਸ਼ਿਕਾਇਤ ਅਤੇ ਕੇਸ ਨਾਲ ਜੁੜੇ ਕਾਗਜ਼ਾਤ ਪੋਸਟ ਕੀਤੇ ਹਨ।