ਆਖਰ ਕਿਉਂ ਆਈ ਅਕਾਲੀ-ਭਾਜਪਾ ਦੇ ਰਿਸ਼ਤਿਆਂ 'ਚ ਕੁੜੱਤਣ

01/30/2019 7:19:07 PM

ਜਲੰਧਰ (ਜਸਬੀਰ ਵਾਟਾਂ ਵਾਲੀ) ਸਾਲ 1997 ਤੋਂ ਹੋਂਦ 'ਚ ਆਏ ਅਕਾਲੀ-ਭਾਜਪਾ ਗਠਜੋੜ ਦਾ ਰਿਸ਼ਤਾ, ਨਹੁੰ-ਮਾਸ ਦੇ ਰਿਸ਼ਤੇ ਵਜੋਂ ਮਸ਼ਹੂਰ ਹੈ। ਇਨ੍ਹਾਂ ਦੋਹਾਂ ਦੇ ਰਿਸ਼ਤੇ ਦਰਮਿਆਨ ਭਾਵੇਂ ਕਿ ਅਨੇਕਾਂ ਵਾਰ ਤਰੇੜਾਂ ਆਉਣ ਦੀਆਂ ਵੀ ਖਬਰਾਂ ਵੀ ਆਉਂਦੀਆਂ ਰਹੀਆਂ ਪਰ ਇਸ ਸਭ ਦੇ ਬਾਵਜੂਦ ਇਹ ਗਠਜੋੜ ਲਗਾਤਾਰ ਸਿਆਸੀ ਪਿੜ 'ਚ ਇਕਜੁੱਟ ਹੋ ਕੇ ਨਿੱਤਰਦਾ ਰਿਹਾ। ਹੁਣ ਇਕ ਵਾਰ ਫਿਰ ਇਸ ਗਠਜੋੜ ਵਿਚਾਲੇ ਕੁੜੱਤਣ ਭਰਦੀ ਦਿਖਾਈ ਦੇ ਰਹੀ ਹੈ। ਹੁਣ ਇਹ ਕੁੜੱਤਣ ਉਸ ਮੌਕੇ ਸਾਹਮਣੇ ਆਈ ਜਦੋਂ ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਆਪਣੀ ਹਮਖਿਆਲ ਅਤੇ ਭਾਈਵਾਲ ਪਾਰਟੀ ਭਾਜਪਾ 'ਤੇ ਹੱਲਾ ਬੋਲਿਆ। ਸਿਰਸਾ ਨੇ ਭਾਜਪਾ 'ਤੇ ਦੋਸ਼ ਲਗਾਏ ਅਤੇ ਕਿਹਾ ਕਿ ਇਹ ਸਾਡੇ ਗੁਰਦੁਆਰਿਆਂ ਅਤੇ ਤਖਤ ਸਾਹਿਬਾਨਾਂ ਦੇ ਪ੍ਰਬੰਧਾਂ 'ਚ ਦਖਲ ਅੰਦਾਜ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਥੇ ਹੀ ਬੱਸ ਨਹੀਂ ਸਿਰਸਾ ਨੇ ਤਾਂ ਇਹ ਧਮਕੀ ਵੀ ਦੇ ਦਿੱਤੀ ਕਿ ਜੇਕਰ ਭਾਜਪਾ ਨੇ ਇਹ ਦਖਲ-ਅੰਦਾਜ਼ੀ ਬੰਦ ਨਾ ਕੀਤੀ ਤਾਂ ਉਹ ਅਕਾਲੀ-ਭਾਜਪਾ ਗਠਜੋੜ ਤੋੜਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਸਿਰਸਾ ਨੇ ਅਮਿਤ ਸ਼ਾਹ ਨੂੰ ਅਪੀਲ ਵੀ ਕੀਤੀ ਕਿ ਉਹ ਇਸ ਮੁੱਦੇ 'ਤੇ ਧਿਆਨ ਦੇਣ, ਨਹੀਂ ਤਾਂ ਇਹ ਮੁੱਦਾ ਅਕਾਲੀ ਦਲ ਅਤੇ ਭਾਜਪਾ ਦਰਮਿਆਨ ਤਰੇੜਾਂ ਪੈਦਾ ਕਰ ਦੇਵੇਗਾ। ਸਿਰਸਾ ਦੇ ਇਸ ਬਿਆਨ ਤੋਂ ਬਾਅਦ ਭਾਜਪਾ ਦੇ ਮੁੱਖ ਬੁਲਾਰੇ ਆਰ. ਪੀ. ਸਿੰਘ ਨੇ ਵੀ ਉਸ ਨੂੰ ਲੰਬੇ ਹੱਥੀਂ ਲੈਂਦਿਆ ਕਰੜੀ ਟਿੱਪਣੀ ਕੀਤੀ ਸਿਰਸਾ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ। ਸਿਆਸੀ ਮਾਹਰਾਂ ਦੀ ਮੰਨੀਏ ਤਾਂ ਅਰੁਣ ਜੇਤਲੀ ਦੇ ਅੰਮ੍ਰਿਤਸਰ ਸੀਟ ਹਾਰਨ ਤੋਂ ਬਾਅਦ ਭਾਜਪਾ ਨੇ ਅਕਾਲੀ ਦਲ ਨੂੰ ਇਸ ਦਾ ਜਿੰਮੇਵਾਰ ਸਮਝਣਾ ਸ਼ੁਰੂ ਕਰ ਦਿੱਤਾ ਅਤੇ ਇਸ ਗੱਲ ਦੀ ਕਿੜ ਕੱਢਣੀ ਸ਼ੁਰੂ ਕਰ ਦਿੱਤੀ।

ਅਕਾਲੀ ਦਲ ਨੂੰ ਚੰਗੀ ਨਹੀਂ ਲੱਗੀ ਭਾਜਪਾ ਦੀ 'ਪੰਥਕ ਪਾਲਟਿਕਸ'
ਅਕਾਲੀ-ਭਾਜਪਾ ਦੇ ਰਿਸ਼ਤਿਆਂ ਵਿਚਕਾਰ ਆਈ ਮੌਜੂਦਾ ਤਲਖੀ ਨੂੰ ਸਮਝੀਏ ਤਾਂ ਇਹ ਕੁੜੱਤਣ ਤਖਤ ਸ੍ਰੀ ਹਜ਼ੂਰ ਸਾਹਿਬ ਨਾਂਦੇੜ 'ਚ ਸਰਕਾਰ ਵੱਲੋਂ ਕੀਤੀ ਗਈ ਦਖਲ ਅੰਦਾਜ਼ੀ ਤੋਂ ਬਾਅਦ ਸ਼ੁਰੂ ਹੋਈ। ਜਦੋਂ ਐੱਨ. ਡੀ. ਏ. ਨੇ ਸ੍ਰੀ ਪਟਨਾ ਸਾਹਿਬ 3 ਮੈਂਬਰ ਆਪਣੇ ਥਾਪ ਦਿੱਤੇ ਤਾਂ ਅਕਾਲੀ ਦਲ ਨੇ ਇਸ ਕਾਰਵਾਈ ਨੂੰ ਭਾਜਪਾ ਵੱਲੋਂ ਗੁਰਦੁਆਰਿਆਂ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਦੱਸਿਆ। ਭਾਜਪਾ ਵੱਲੋਂ ਕੀਤੀ ਜਾ ਰਹੀ ਇਹ ਪੰਥਕ ਪਾਲਟਿਕਸ ਅਕਾਲੀ ਦਲ ਨੂੰ ਬਿਲਕੁਲ ਵੀ ਰਾਸ ਨਹੀਂ ਆਈ ਕਿਉਂਕਿ ਪੰਜਾਬ ਦੀ 'ਪੰਥਕ ਪਾਲਟਿਕਸ' ਉੱਤੇ ਹੁਣ ਤੱਕ ਸਿਰਫ ਅਕਾਲੀ ਦਲ ਦਾ ਹੀ ਕਬਜ਼ਾ ਰਿਹਾ ਹੈ।  

ਦਿੱਤੇ ਗਏ ਪਦਮਸ਼੍ਰੀ ਅਤੇ ਪਦਮ ਭੂਸ਼ਣ  
ਭਾਜਪਾ ਅਤੇ ਅਕਾਲੀ ਦਲ ਦੀ ਇਸ ਕੁੜੱਤਣ ਦਾ ਇਕ ਮੁੱਖ ਕਾਰਨ ਅਕਾਲੀ ਦਲ ਦੇ ਸੰਸਦ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੂੰ ਦਿੱਤਾ ਗਿਆ ਪਦਮ ਭੂਸ਼ਣ ਅਤੇ ਹਰਵਿੰਦਰ ਸਿੰਘ ਫੂਲਕਾ ਨੂੰ ਪਦਮ ਸ੍ਰੀ ਐਵਾਰਡ ਵੀ ਬਣਿਆ। ਜਾਣਕਾਰੀ ਮੁਤਾਬਕ ਇਨ੍ਹਾਂ ਆਗੂਆਂ ਨੂੰ ਦਿੱਤੇ ਗਏ ਇਨ੍ਹਾਂ ਐਵਾਰਡਾਂ ਬਾਰੇ ਅਕਾਲੀ ਦਲ ਨੂੰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨਹੀਂ ਸੀ। ਪ੍ਰਕਾਸ਼ ਸਿੰਘ ਬਾਦਲ ਹੁਰਾਂ ਨੇ ਤਾਂ ਇਹ ਗੱਲ ਵੀ ਜੱਗ ਜ਼ਾਹਰ ਕੀਤੀ ਕਿ ਦੋਹਾਂ ਐਵਾਰਡਾਂ ਸਬੰਧੀ ਨਾ ਤਾਂ ਪਾਰਟੀ ਦੇ ਕਿਸੇ ਆਗੂ ਨੂੰ ਪੁੱਛਿਆ ਗਿਆ ਅਤੇ ਨਾ ਹੀ ਕੋਈ ਜਾਣਕਾਰੀ ਦਿੱਤੀ ਗਈ। 

ਸੀਟਾਂ ਦੀ ਖੋਹਮਾਈ ਅਤੇ ਅਕਾਲੀ ਦਲ ਦੀ ਅਣਦੇਖੀ
ਇਸ ਦੇ ਨਾਲ-ਨਾਲ ਇਸ ਕੁੜੱਤਣ ਨੂੰ ਵਧਾਉਣ 'ਚ ਅਕਾਲੀ-ਭਾਜਪਾ ਵੱਲੋਂ ਅੰਮ੍ਰਿਤਸਰ, ਲੁਧਿਆਣਾ ਲੋਕ ਸਭਾ ਸੀਟਾਂ ਦੀ ਅਦਲਾ-ਬਦਲੀ ਦੀ ਖਿੱਚੋਂਤਾਣ ਨੇ ਵੀ ਯੋਗਦਾਨ ਪਾਇਆ। ਸੀਟਾਂ ਦੀ ਇਸ ਖਿੱਚੋਂਤਾਣ ਤੋਂ ਬਾਅਦ ਅਕਾਲੀ ਦਲ ਨੇ ਮਹਿਸੂਸ ਕੀਤਾ ਕਿ ਭਾਜਪਾ ਵੱਲੋਂ ਉਨ੍ਹਾਂ ਦੇ ਕਾਡਰ ਨੂੰ ਖੋਰਾ ਲਗਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਸ ਦੇ ਨਾਲ-ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਸਮੇਂ ਭਾਜਪਾ ਦੀ ਭੂਮਿਕਾ ਤੋਂ ਵੀ ਅਕਾਲੀ ਦਲ ਕਾਫੀ ਖਫਾ ਹੈ। ਅਕਾਲੀ ਦਲ ਨੂੰ ਮਹਿਸੂਸ ਹੋ ਰਿਹਾ ਹੈ ਕਿ 'ਆਪ' ਦੀ ਸਿਆਸੀ ਤਾਕਤ ਨੂੰ ਰੋਕਣ ਲਈ ਭਾਜਪਾ ਨੇ ਅਪਣੀਆਂ ਵੋਟਾਂ ਅਕਾਲੀ ਦਲ ਨੂੰ ਭੁਗਤਾਉਣ ਦੀ ਬਜਾਏ ਕਾਂਗਰਸ ਨੂੰ ਭੁਗਤਾਈਆਂ ਸਨ। ਇਸ ਦੇ ਨਾਲ-ਨਾਲ ਅਕਾਲੀ ਦਲ ਦੀ ਪਿਛਲੇ 4 ਸਾਲਾਂ ਤੋਂ ਕੇਂਦਰ 'ਚ ਸੁਣਵਾਈ ਨਾ ਹੋਣਾ ਵੀ ਇਸ ਦਾ ਮੁੱਖ ਕਾਰਨ ਬਣਿਆ। ਸੂਤਰਾਂ ਮੁਤਾਬਕ ਅਕਾਲੀ ਦਲ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਪਿਛਲੇ ਸਮੇਂ ਤੋਂ ਕਾਫੀ ਜ਼ੋਰ ਲਗਾਇਆ ਪਰ ਭਾਜਪਾ ਨੇ ਅਕਾਲੀ ਦਲ ਦੀ ਕੋਈ ਪ੍ਰਵਾਹ ਨਹੀਂ ਕੀਤੀ। ਇਸ ਦੀ ਇਕ ਪ੍ਰਤੱਖ ਮਿਸਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਵੀ ਮਿਲੀ। ਮੋਦੀ ਨੇ ਆਪਣੀ ਇਸ ਫੇਰੀ ਦੌਰਾਨ ਪੰਜਾਬ ਲਈ ਕੋਈ ਵਿਸ਼ੇਸ਼ ਐਲਾਨ ਜਾ ਰਾਹਤ ਪੈਕੇਜ ਨਹੀਂ ਦਿੱਤਾ।