ਕੋਰੋਨਾ ਵਾਇਰਸ : ਆਖਰ ਮੌਤ ਤੋਂ ਬਾਅਦ ਸਸਕਾਰ ਦਾ ਡਰ ਕਿਉਂ?

04/08/2020 4:45:38 PM

ਜਲੰਧਰ (ਅਮਰੀਕ) : ਕੋਰੋਨਾ ਵਾਇਰਸ ਪੂਰੀ ਦੁਨੀਆ ਲਈ ਹਊਆ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਦੇ ਫੈਲਣ ਨਾਲ ਹਰ ਪਾਸੇ ਹਾਹਾਕਾਰ ਮਚੀ ਹੋਈ ਹੈ। ਰੋਜ਼ਾਨਾ ਪੂਰੀ ਦੁਨੀਆ 'ਚ ਹਜ਼ਾਰਾਂ ਵਿਅਕਤੀ ਇਸ ਦਾ ਸ਼ਿਕਾਰ ਹੋ ਰਹੇ ਹਨ ਅਤੇ ਸੈਂਕੜੇ ਲੋਕ ਮਰ ਰਹੇ ਹਨ। ਦੱਸ ਦਈਏ ਮਰਨ ਵਾਲਿਆਂ ਦੀਆਂ ਲਾਸ਼ਾਂ ਦੀ ਬੇਕਦਰੀ ਵੀ ਹੋ ਰਹੀ ਹੈ। ਜੇਕਰ ਗੱਲ ਇਕੱਲੇ ਪੰਜਾਬ ਸੂਬੇ ਦੀ ਕੀਤੀ ਜਾਵੇ ਤਾਂ ਇਥੇ ਬੰਦੇ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਸਭ ਕੁਝ ਰਸਮਾਂ-ਰਿਵਾਜਾਂ ਮੁਤਾਬਕ ਕੀਤਾ ਜਾਂਦਾ ਹੈ ਪਰ ਕੋਰੋਨਾ ਜਿਹੀ ਆਫਤ ਕਰਕੇ ਪੰਜਾਬੀ ਆਪਣੀਆਂ ਉਨ੍ਹਾਂ ਰਸਮਾਂ ਰਿਵਾਜਾਂ ਨੂੰ ਬੇਦਾਵਾ ਦੇ ਗਏ ਹਨ।

ਇਹ ਵੀ ਪੜ੍ਹੋ ► ਅੰਮ੍ਰਿਤਸਰ : ਕੋਰੋਨਾ ਨੇ ਮਾਰੀ ਇਨਸਾਨੀਅਤ, ਪਰਿਵਾਰ ਨੇ ਮ੍ਰਿਤਕ ਦੇਹ ਲੈਣ ਤੋਂ ਕੀਤਾ ਇਨਕਾਰ

ਤਾਜ਼ਾ ਉਦਾਹਰਣ ਭਾਈ ਨਿਰਮਲ ਸਿੰਘ ਜੀ ਦੇ ਅੰਤਿਮ ਸੰਸਕਾਰ ਲਈ ਜਗ੍ਹਾ ਨਾ ਦੇਣ ਦੀ ਹੈ। ਫਿਰ ਦੂਜਾ ਮਾਮਲਾ ਲੁਧਿਆਣੇ ਦਾ ਹੈ, ਜਿੱਥੇ ਕੋਰੋਨਾ ਕਰਕੇ ਮਰੀ ਇਕ ਔਰਤ ਦੀ ਪਰਿਵਾਰ ਵਾਲਿਆਂ ਨੇ ਲਾਸ਼ ਲੈਣ ਤੋਂ ਮੰਨ੍ਹਾ ਕਰ ਦਿੱਤਾ। ਆਖਰੀ ਰਸਮਾਂ ਤਾਂ ਕਿਸੇ ਨੇ ਕੀ ਕਰਨੀਆਂ ਸੀ. ਮੁੰਡੇ ਵੱਲੋਂ ਮਾਂ ਦੀ ਚਿਖਾ ਨੂੰ ਅਗਨੀ ਵੀ ਨਾ ਦਿੱਤੀ ਗਈ, ਪ੍ਰਸ਼ਾਸਨ ਨੇ ਖੁਦ ਉਸ ਦਾ ਸਸਕਾਰ ਕੀਤਾ। ਅਜਿਹੀ ਹੀ ਖਬਰ ਅੰਮ੍ਰਿਤਸਰ ਤੋਂ ਵੀ ਆਈ ਸੀ, ਜਿੱਥੇ ਨਗਰ ਨਿਗਮ ਦੇ ਸਾਬਕਾ ਵਧੀਕ ਕਮਿਸ਼ਨਰ ਜਸਵਿੰਦਰ ਸਿੰਘ ਦੀ ਕੋਰੋਨਾ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੇ ਪਰਿਵਾਰ ਨੇ ਵੀ ਉਨ੍ਹਾਂ ਦੀ ਮ੍ਰਿਤਕ ਦੇਹ ਲੈਣ ਤੋਂ ਇਨਕਾਰ ਕਰ ਦਿੱਤਾ। ਪ੍ਰਸ਼ਾਸਨ ਵੱਲੋਂ ਹੀ ਸਭ ਆਖਰੀ ਰਸਮਾਂ ਨਿਭਾ ਕੇ ਸਸਕਾਰ ਕੀਤਾ ਗਿਆ।  

ਆਖਿਰ ਇਹ ਕਿਉਂ ਹੋ ਰਿਹਾ ਹੈ?
ਸੁੱਖ ਨਾ ਸਹੀ ਦੂਜੇ ਦੇ ਦੁੱਖ 'ਚ ਹਮੇਸ਼ਾ ਸੰਗੀ ਹੋਣ ਵਾਲੇ ਪੰਜਾਬੀ ਇਸ ਵੇਲੇ ਆਪਣੇ ਸਕਿਆ 'ਤੋਂ ਹੀ ਕਿਉਂ ਭੱਜ ਰਹੇ ਹਨ। ਕੀ ਇਹ ਇਨਸਾਨੀਅਤ ਦੀ ਮੌਤ ਹੈ ਜਾਂ ਖੁਦ ਦੀ ਮੌਤ ਦਾ ਡਰ? ਇੰਝ ਕਰਕੇ ਜੇ ਅੱਜ ਅਸੀਂ ਕੋਰੋਨਾ ਤੋਂ ਬਚ ਵੀ ਗਏ ਹਾਂ ਤਾਂ ਕੀ ਚੈਨ ਨਾਲ ਜੀਅ ਸਕਾਂਗੇ?

ਇਹ ਵੀ ਪੜ੍ਹੋ ► ਕੋਰੋਨਾ ਪਾਜ਼ੇਟਿਵ ਮਰੀਜ਼ ਦੇ ਸੰਪਰਕ 'ਚ ਆਉਣ ਕਰਕੇ 'ਆਪ' ਦੇ ਇਸ ਵਿਧਾਇਕ ਨੇ ਖੁਦ ਨੂੰ ਕੀਤਾ ਕੁਆਰੰਟਾਈਨ     

ਪ੍ਰਸ਼ਾਸਨ ਦਾ ਵੀ ਹੈ ਦੋਸ਼
ਇਸ ਸਭ ਪਿੱਛੇ ਪ੍ਰਸ਼ਾਸਨ ਦਾ ਵੀ ਦੋਸ਼ ਹੈ। ਲੋਕਾਂ ਤੱਕ ਜਾਗਰੂਕਤਾ ਨਹੀਂ ਫੈਲਾਈ। ਇਸੇ ਲਈ ਉਹ ਕੋਰੋਨਾ ਨਾਲ ਮਰੇ ਬੰਦੇ ਤੋਂ ਕੋਹਾਂ ਦੂਰ ਭੱਜਦੇ ਹਨ। ਸਿਹਤ ਵਿਭਾਗ ਦੀਆਂ ਇਸ 'ਤੇ ਕੁਝ ਹਦਾਇਤਾਂ ਹਨ ਕਿ ਅਜਿਹੀ ਅਣਹੋਣੀ ਮੌਕੇ ਸਸਕਾਰ ਕਿਵੇਂ ਕਰਨਾ ਹੈ। ਕੋਰੋਨਾ ਨਾਲ ਮਰੇ ਬੰਦੇ ਦੀ ਲਾਸ਼ ਨੂੰ ਚੰਗੀ ਤਰ੍ਹਾਂ ਲਪੇਟ ਦਿੱਤਾ ਜਾਂਦਾ ਹੈ ਤਾਂ ਜੋ ਇਸ 'ਚੋ ਰੋਗਾਣੂ ਬਾਹਰ ਨਾ ਆ ਸਕਣ। ਪਰਿਵਾਰਕ ਵਾਲੇ ਲਾਸ਼ ਨੂੰ ਛੂਹਣ ਤੋਂ ਇਲਾਵਾ ਬਾਕੀ ਸਭ ਰਸਮਾਂ ਕਰ ਸਕਦੇ ਨੇ। ਆਖਰੀ ਵਾਰ ਮੂੰਹ ਵੇਖਣ ਲਈ ਲਪੇਟੇ ਕੱਪੜੇ ਜਾ ਲਿਫਾਫੇ ਨੂੰ ਉਤੋਂ ਖੋਲ੍ਹਿਆ ਜਾ ਸਕਦਾ ਹੈ। ਅੱਗ ਨਾਲ ਕੀਤੇ ਸਸਕਾਰ ਤੋਂ ਬਾਅਦ ਫ਼ੁੱਲ ਚੁਗਣ ਦੀ ਕੋਈ ਮਨਾਹੀ ਨਹੀਂ ਹੈ। ਇਕ ਸਭ ਤੋਂ ਵੱਡੀ ਗੱਲ ਇਹ ਹੈ ਕਿ ਜੋ ਸਸਕਾਰ ਕਰਨ ਤੋਂ ਇਸ ਲਈ ਰੋਕਿਆ ਜਾ ਰਿਹਾ ਕਿ ਕੋਰੋਨਾ ਦੇ ਕੀਟਾਣੂ ਫੈਲ ਜਾਣਗੇ, ਇਹ ਬਿਲਕੁਲ ਗਲਤ ਹੈ। ਅੱਗ ਦੇ ਸੰਪਰਕ 'ਚ ਆ ਕੇ ਹਰ ਤਰ੍ਹਾਂ ਦਾ ਕੀਟਾਣੂ ਮਰ ਜਾਂਦਾ ਹੈ।

ਇਹ ਵੀ ਪੜ੍ਹੋ ► ਤਬਲੀਗੀ ਜਮਾਤ ਦੇ ਗਾਇਬ ਲੋਕਾਂ ਨੂੰ ਪੰਜਾਬ ਸਰਕਾਰ ਵਲੋਂ 24 ਘੰਟਿਆਂ ਦਾ ਅਲਟੀਮੇਟਮ ► ਪਠਾਨਕੋਟ 'ਚ ਕੋਰੋਨਾ ਨੇ ਫੜਿਆ ਜ਼ੋਰ, ਇਕੋਂ ਪਰਿਵਾਰ ਦੇ ਹੋਰ 5 ਜੀਅ ਕੋਰੋਨਾ ਪਾਜ਼ੇਟਿਵ

Anuradha

This news is Content Editor Anuradha