ਰਾਹੁਲ ਆਖਰ ਕਿਉਂ ਬਦਲਣਾ ਚਾਹੁੰਦੇ ਹਨ ਪੰਜਾਬ ਪ੍ਰਧਾਨ

11/01/2018 9:09:28 PM

ਜਲੰਧਰ (ਵੈੱਬ ਡੈਸਕ)— ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵਲੋਂ ਸੂਬਾ ਕਾਂਗਰਸ ਪ੍ਰਧਾਨ ਬਦਲਣ ਦਾ ਮਨ ਪੱਕੇ ਤੌਰ 'ਤੇ ਬਣਾ ਲਿਆ ਗਿਆ ਹੈ। ਇਹ ਫੈਸਲਾ ਇਕ-ਅੱਧੇ ਦਿਨ 'ਚ ਨਹੀਂ ਲਿਆ ਗਿਆ ਸਗੋਂ ਕਈ ਦਿਨਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਦੱਸਿਆ ਜਾ ਰਿਹਾ ਹੈ। ਜਿਸ ਪਿੱਛੇ ਕਈ ਕਾਰਨ ਹਨ। 
ਰਿਸਕ ਨਹੀਂ ਲੈਣਾ ਚਾਹੁੰਦੇ ਰਾਹੁਲ


ਪਹਿਲਾਂ ਕਾਰਨ ਇਹ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਕਿਸੇ ਵੀ ਤਰ੍ਹਾਂ ਦਾ ਰਿਸਕ ਨਹੀਂ ਲੈਣਾ ਚਾਹੁੰਦੀ। ਭਾਵ ਪਾਰਟੀ ਨਹੀਂ ਚਾਹੁੰਦੀ ਕਿ ਜਾਖੜ ਪ੍ਰਧਾਨ ਵਰਗੇ ਵੱਡੇ ਅਹੁਦੇ ਦੀ ਜਿੰਮੇਵਾਰੀ ਸੰਭਾਲਦੇ ਹੋਏ ਆਪਣੀ ਚੋਣ ਪ੍ਰਚਾਰ ਮੁਹਿੰਮ ਚਲਾਉਣ। ਰਾਹੁਲ ਚਾਹੁੰਦੇ ਹਨ ਕਿ ਜਾਖੜ ਵਰਗਾ ਵਧੀਆ ਬੁਲਾਰਾ ਲੋਕ ਸਭ ਚੋਣਾਂ ਵੀ ਜਿੱਤੇ ਅਤੇ ਪਾਰਟੀ ਦੀ ਕੇਂਦਰੀ ਟੀਮ 'ਚ ਆਪਣੀਆਂ ਸੇਵਾਵਾਂ ਦੇਵੇ। ਜਿਸ ਕਾਰਨ ਉਨ੍ਹਾਂ ਤੋਂ ਕਿਸੇ ਵੇਲੇ ਵੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਲਿਆ ਜਾ ਸਕਦਾ ਹੈ। 
ਸੂਬਾ ਆਗੂਆ ਦੀ ਨਾਰਾਜ਼ਗੀ


ਦੂਜਾ ਕਾਰਨ ਪ੍ਰਤਾਪ ਸਿੰਘ ਬਾਜਵਾ ਹਨ। ਬਾਜਵਾ ਸੂਬਾ ਕਾਂਗਰਸ ਦੇ ਆਗੂਆਂ ਖਿਲਾਫ ਆਏ ਦਿਨ ਆਪਣੀ ਨਰਾਜਗੀ ਜਾਹਿਰ ਕਰਦੇ ਰਹਿੰਦੇ ਹਨ। ਬਾਜਵਾ ਦੇ ਨਾਲ- ਨਾਲ ਉਨ੍ਹਾਂ ਦੇ ਸਾਥੀ ਵੀ ਇਸ ਹੀ ਰਾਹ 'ਤੇ ਤੁਰ ਰਹੇ ਹਨ। ਰਾਹੁਲ ਗਾਂਧੀ ਸੂਬਾ ਕਾਂਗਰਸ 'ਚ ਕਿਸੇ ਨੀ ਤਰ੍ਹਾਂ ਦੀ ਬਗਾਵਤ ਨਹੀਂ ਚਾਹੁੰਦੇ। ਇਸ ਕਾਰਨ ਵੀ ਉਹ ਪ੍ਰਧਾਨ ਬਦਲਣਾ ਚਾਹੁੰਦੇ ਹਨ। 
2004 ਦਾ ਇਤਿਹਾਸ ਦੁਹਰਾਉਣਾ ਨਹੀਂ ਚਾਹੁੰਦੀ ਕਾਂਗਰਸ


ਸਿਆਸੀ ਮਾਹਰ ਇਸ ਪਿੱਛੇ ਇਕ ਕਾਰਨ ਹੋਣ ਮੰਨਦੇ ਹਨ ਅਤੇ ਉਹ ਕਾਰਨ ਹੈ 2004 ਦੀਆਂ ਲੋਕ ਸਭਾ ਚੋਣਾਂ। 2004 ਦੀਆਂ ਲੋਕ ਸਭਾ ਚੋਣਾਂ ਦੌਰਾਨ ਸੂਬੇ 'ਚ ਹੁਣ ਵਾਂਗ ਹੀ ਕਾਂਗਰਸ ਪੱਖੀ ਲਹਿਰ ਸੀ। ਸੂਬੇ ਦੇ ਮੁੱਖ ਮੰਤਰੀ ਉਸ ਸਮੇਂ ਵੀ ਕੈਪਟਨ ਅਮਰਿੰਦਰ ਸਿੰਘ ਹੀ ਸਨ। ਇਸ ਸਭ ਦੇ ਬਾਵਜੂਦ ਉਸ ਵੇਲੇ ਕਾਂਗਰਸ ਸਿਰਫ ਜਲੰਧਰ ਅਤੇ ਪਟਿਆਲਾ ਦੀਆਂ ਲੋਕ ਸਭਾ ਸੀਟਾਂ ਹੀ ਜਿੱਤ ਸਕੀ ਸੀ। ਰਾਹੁਲ ਨਹੀਂ ਚਾਹੁੰਦੇ ਕਿ ਇਸ ਵਾਰ ਵੀ ਇਹ ਇਤਿਹਾਸ ਦੁਹਰਾਇਆ ਜਾਵੇ।