ਦੂਸ਼ਿਤ ਪਾਣੀ ਕਾਰਨ ਹਰ ਸਾਲ ਹੁੰਦੀਆਂ 8 ਲੱਖ ਤੋਂ ਵਧੇਰੇ ਮੌਤਾਂ ਦਾ ਜ਼ਿੰਮੇਵਾਰ ਕੌਣ ?

07/29/2019 7:34:31 PM

ਜਗ ਬਾਣੀ ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂ ਵਾਲੀ) ਮਨੁੱਖ ਜਿਵੇਂ-ਜਿਵੇਂ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਜਾ ਰਿਹਾ ਹੈ, ਤਿਵੇਂ-ਤਿਵੇਂ ਉਸ ਦੇ ਧਰਤੀ ਤੋਂ ਵੀ ਪੈਰ ਉਖੜਦੇ ਜਾ ਰਹੇ ਹਨ। ਜਿਹੜੇ ਮਾਡਲਾਂ ਨੂੰ ਅਪਣਾ ਕੇ ਅਸੀਂ ਤਰੱਕੀ ਦੀਆਂ ਪੌੜੀਆਂ ਚੜ੍ਹ ਰਹੇ ਹਾਂ ਉਹ ਸਾਨੂੰ ਸਿੱਧੇ ਨਰਕ ਵੱਲ ਨੂੰ ਲਿਜਾ ਰਹੇ ਹਨ। ਵਿਸ਼ਵ ਸਿਹਤ ਵਿਭਾਗ ਦੇ ਅੰਕੜਿਆਂ ਝਾਤੀ ਮਾਰੀਏ ਤਾਂ ਬੀਤੇ ਵਰ੍ਹੇ ਦੁਨੀਆ ਭਰ ਵਿਚ 8 ਲੱਖ 29 ਹਜ਼ਾਰ ਲੋਕਾਂ ਦੀ ਮੌਤ ਪ੍ਰਦੂਸ਼ਤ ਪਾਣੀ ਅਤੇ ਉਸ ਨਾਲ ਹੋਣ ਵਾਲੀਆਂ ਬਿਮਾਰੀਆਂ ਨਾਲ ਹੋਈ। ਇਸੇ ਤਰ੍ਹਾਂ 5 ਸਾਲ ਤੋਂ ਘੱਟ ਉਮਰ ਦੇ 2 ਲੱਖ 97 ਹਜ਼ਾਰ ਬੱਚਿਆਂ ਦੀ ਮੌਤ ਦਾ ਕਾਰਨ ਵੀ ਪ੍ਰਦੂਸ਼ਿਤ ਪਾਣੀ ਹੀ ਬਣਿਆ। ਮੌਜੂਦਾ ਵਰ੍ਹੇ ਦੀ ਗੱਲ ਕਰੀਏ ਤਾਂ ਵਿਦੇਸ਼ੀ ਵੈਬਸਾਈਟ ‘ਵਰਲਡਓਮੀਟਰ’ ਦੇ ਅੱਜ ਤੱਕ ਦੇ ਅੰਕੜਿਆਂ ਮੁਤਾਬਕ 4 ਲੱਖ 84 ਹਜ਼ਾਰ ਦੇ ਕਰੀਬ ਮੌਤਾਂ  ਦੂਸ਼ਿਤ ਪਾਣੀ ਕਾਰਨ ਨਾਲ ਹੋ ਚੁੱਕੀਆਂ ਹਨ।

ਗੱਲ ਇਕੱਲੇ ਭਾਰਤ ਦੀ ਕਰੀਏ ਤਾਂ ਪੀਣ ਵਾਲੇ ਪਾਣੀ ਦੇ ਨਾਲ-ਨਾਲ ਸਾਡੀ ਪੂਰੀ ਭੋਜਨ ਲੜੀ ਵੀ ਗੜਬੜਾ ਚੁੱਕੀ ਹੈ। ਭਾਰਤ ਦੀ ਕਰੀਬ 20 ਫੀਸਦ ਆਬਾਦੀ ਪੀਣ ਵਾਲੇ ਸਾਫ ਪਾਣੀ ਤੋਂ ਵਾਂਝੀ ਹੋ ਚੁੱਕੀ ਹੈ। ਭਾਰਤ ਵਿਚ ਹਰ ਸਾਲ ਕਰੀਬ 7.7. ਮਿਲੀਅਨ ਲੋਕ ਦੂਸ਼ਿਤ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ। ‘ਡੈਵਲਪਮੈਂਟ ਗੋਲਸ' (ਐੱਸ.ਡੀ.ਜੀ.) ਅਤੇ ਰਿਸਰਚ ਫਰਮ ਥਾਟ ਆਰਬੀਟਰੇਜ ਦੇ ਤਾਜਾ ਅਧਿਐਨ 'ਚ ਇਹ ਖੁਲਾਸਾ ਹੋਇਆ ਹੈ ਕਿ ਭਾਰਤ ਵਿਚ ਪਾਣੀ ਅਤੇ ਭੋਜਨ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ।

ਪਾਣੀ ਅਤੇ ਭੋਜਨ ਦੇ ਦੂਸ਼ਿਤ ਹੋਣ ਨਾਲ ਦੇਸ਼ ਨੂੰ ਸਾਲ 2016-17 'ਚ 7 ਲੱਖ 37 ਹਜ਼ਾਰ 457 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਅਧਿਐਨ ਵਿਚ ਇਹ ਖਦਸ਼ਾ ਵੀ ਪ੍ਰਗਟਾਇਆ ਗਿਆ ਹੈ ਕਿ ਸਾਲ 2022 ਤੱਕ ਇਹ ਨੁਕਸਾਨ 9 ਲੱਖ 50 ਹਜ਼ਾਰ ਕਰੋੜ ਰੁਪਏ ਤੱਕ ਪੁੱਜ ਸਕਦਾ ਹੈ। ਸਰਕਾਰੀ ਅੰਕੜਿਆਂ ਮੁਤਾਬਕ ਭਾਵੇਂ ਕਿ ਦੇਸ਼ ਦੀ 86 ਫੀਸਦ ਅਬਾਦੀ ਨੂੰ ਪੀਣ ਵਾਲਾ ਸਾਫ ਮਿਲ ਰਿਹਾ ਹੈ ਪਰ ਇਹ ਅੰਕੜੇ ਸੱਚਾਈ ਤੋਂ ਕੋਹਾਂ ਦੂਰ ਜਾਪਦੇ ਹਨ। ਇਨ੍ਹਾਂ ਅੰਕੜਿਆਂ ਅਨੁਸਾਰ ਹੈਂਡ ਪੰਪਾਂ ਅਤੇ ਟਿਊਬਵੈਲਾਂ ਦੇ ਪਾਣੀ ਨੂੰ ਪੂਰ ਤਰ੍ਹਾਂ ਸਵੱਛ ਮੰਨਿਆ ਗਿਆ ਹੈ ਜਦਕਿ ਧਰਤੀ ਹੇਠਲੇ ਪਾਣੀ ਦੇ ਹਾਲਾਤ ਵੀ ਕਿਸੇ ਕੋਲੋਂ ਗੁੱਝੇ ਨਹੀਂ। ਦੂਸ਼ਿਤ ਪਾਣੀ ਪੀਣ ਨਾਲ ਹੋਣ ਵਾਲੀਆਂ ਬਿਮਾਰੀਆਂ ਵਿਚ ਹੈਜ਼ਾ, ਡਾਇਰੀਆ, ਡਾਇਸਨਟੇਰੀ, ਹੈਪੇਟਾਈਟਸ ਏ, ਟਾਈਫਾਇਡ ਅਤੇ ਪੋਲੀਓ ਵਰਗੇ ਰੋਗ ਪ੍ਰਮੁੱਖ ਹਨ।

ਫੈਲ ਰਹੀਆਂ ਬਿਮਾਰੀਆਂ ਅਤੇ ਹਰ ਸਾਲ ਹੁੰਦੀਆਂ ਮੌਤਾਂ ਦਾ ਸੱਚ 

ਦੂਸ਼ਿਤ ਪਾਣੀ ਨਾਲ ਐਨੇ ਵੱਡੇ ਪੱਧਰ ’ਤੇ ਹੋ ਰਹੀਆਂ ਬਿਮਾਰੀਆਂ ਅਤੇ ਮੌਤਾਂ ਸਾਡੀਆਂ ਸਰਕਾਰਾਂ ਅਤੇ ਸਮੁੱਚੇ ਪ੍ਰਬੰਧਨ ’ਤੇ ਕਈ ਸਵਾਲ ਖੜਾ ਕਰਦੀਆਂ ਹਨ। ਸੰਵਿਧਾਨ ਅਨੁਸਾਰ ਸ਼ੁੱਧ ਪਾਣੀ, ਸਾਫ ਹਵਾ ਅਤੇ ਸਾਫ-ਸੁਥਰੀ ਖੁਰਾਕ ਸਾਡਾ ਸਾਰਿਆਂ ਦਾ ਮੌਲਿਕ ਅਧਿਕਾਰ ਹੈ। ਇਨ੍ਹਾਂ ਦਾ ਦੂਸ਼ਿਤ ਹੋਣਾ ਸਾਡੇ ਮੌਲਿਕ ਅਧਿਕਾਰਾਂ ਦਾ ਘਾਣ ਹੈ। ਸਾਡੇ ਆਗੂਆਂ ਨੇ ਸਾਨੂੰ ਉਦਯੋਗੀਕਰਨ, ਸ਼ਹਿਰੀਕਰਨ ਅਤੇ ਖੇਤੀਬਾੜੀ ਦੇ ਨਵੀਨੀਕਰਨ ਵੱਲ ਨੂੰ ਤਾਂ ਤੋਰ ਦਿੱਤਾ ਪਰ ਇਨ੍ਹਾਂ ਤੋਂ ਹੋਣ ਵਾਲੇ ਬੁਰੇ ਪ੍ਰਭਾਵਾਂ ਦੇ ਹੱਲ ਲਈ ਕੋਈ ਪ੍ਰਬੰਧ ਨਹੀਂ ਕੀਤੇ। ਉਦਯੋਗਾਂ ਤੋਂ ਨਿਕਲਣ ਵਾਲੇ ਜ਼ਹਿਰੀਲੇ ਪਦਾਰਥ, ਸ਼ਹਿਰਾਂ ਦੇ ਸੀਵਰੇਜ ਅਤੇ ਖੇਤੀਬਾੜੀ ਵਿਚ ਅੰਨ੍ਹੇਵਾਹ ਵਰਤੇ ਜਾਣ ਵਾਲੇ ਰਸਾਇਣਾਂ ਨੇ ਸਾਡੇ ਦਰਿਆਵਾਂ ਅਤੇ ਨਦੀਆਂ ਨੂੰ ਤਾਂ ਗੰਦਾ ਕੀਤਾ ਹੀ ਹੈ, ਇਸ ਦੇ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਲਗਭਗ ਬਰਬਾਦ ਕਰ ਦਿੱਤਾ ਹੈ।

ਹਾਲਾਤ ਇਹ ਹਨ ਕਿ ਯਮੁਨਾ ਨਦੀ ਕੰਢੇ ਖੇਤਾਂ 'ਚ ਉਗਾਈਆਂ ਜਾ ਰਹੀਆਂ ਸਬਜ਼ੀਆਂ ਵਿਚ ਵੀ ਖਤਰਨਾਕ ਧਾਤੂਆਂ ਦੀ ਮੌਜੂਦਗੀ ਪਾਈ ਜਾ ਰਹੀ ਹੈ। ਤਾਜ਼ਾ ਰਿਪੋਰਟ ਮੁਤਾਬਕ ‘ਰਾਸ਼ਟਰੀ ਚੌਗਿਰਦਾ ਇੰਜੀਨੀਅਰਿੰਗ ਖੋਜ ਸੰਸਥਾ’ ਵੱਲੋਂ 7 ਤਰ੍ਹਾਂ ਦੀਆਂ ਸਬਜ਼ੀਆਂ ਗੋਭੀ, ਫੁੱਲ ਗੋਭੀ, ਮੂਲੀ, ਬੈਂਗਣ, ਧਨੀਆ, ਮੇਥੀ ਅਤੇ ਪਾਲਕ ਦੇ ਪੂਰਬੀ ਦਿੱਲੀ ਤੋਂ ਨਮੂਨੇ ਇਕੱਠੇ ਕੀਤੇ ਗਏ। ਰਿਪੋਰਟ 'ਚ ਦੱਸਿਆ ਗਿਆ ਕਿ ਗੀਤਾ ਕਾਲੋਨੀ ਤੋਂ ਇਕੱਠੇ ਕੀਤੇ ਗਏ ਧਨੀਏ 'ਚ ਸੀਸੇ ਦੀ ਵਧੇਰੇ ਮਾਤਰਾ ਪਾਈ ਗਈ। ਸੀਸੇ ਦੀ ਵਧੇਰੇ ਮਾਤਰਾ ਸਰੀਰ ਵਿਚ ਖੂਨ ਬਣਨ ਦੀ ਪ੍ਰਕਿਰਿਆ ਅਤੇ ਹੋਰ ਮਹੱਤਵਪੂਰਨ ਅੰਗਾਂ ਨੂੰ ਵੀ ਨੁਕਸਾਨ ਪਹੁੰਚਾਉਂਦਾ ਹੈ। ਲੰਮੇ ਸਮੇਂ ਤੱਕ ਇਹ ਮਿਲਾਵਟੀ ਖੁਰਾਕ ਪਦਾਰਥ ਖਾਣ ਨਾਲ ਕੈਂਸਰ ਦਾ ਖਤਰਾ ਵੀ ਵਧ ਜਾਂਦਾ ਹੈ। ਰਿਪੋਰਟ ਵਿਚ ਕਿਹਾ ਗਿਆ ਕਿ ਨਮੂਨਿਆਂ ਵਿਚ ਕੈਡੀਅਮ, ਮਰਕਰੀ ਅਤੇ ਨਿਕਲ ਵਰਗੀਆਂ ਹੋਰ ਧਾਤਾਂ ਐੱਫ.ਐੱਸ.ਐੱਫ.ਏ.ਆਈ. ਦੇ ਮਾਪਦੰਡਾ ਨਾਲੋਂ ਘੱਟ ਪਾਈਆਂ ਗਈਆਂ ਹਨ। ਇਨ੍ਹਾਂ ਬਦਤਰ ਹਾਲਾਤਾਂ ਦੇ ਨਾਲ-ਨਾਲ ਸਾਡੀਆਂ ਸੈਨੀਟੇਸ਼ਨ ਸੇਵਾਵਾਂ ਦਾ ਨਾਕਸ ਪ੍ਰਬੰਧ ਅਤੇ ਲੋਕਾਂ ਵਿਚ ਸਾਫ-ਸਫਾਈ ਨੂੰ ਲੈ ਕੇ ਜਾਗਰੂਕਤਾ ਦੀ ਘਾਟ ਵੀ ਮੌਤਾਂ ਅਤੇ ਬਿਮਾਰੀਆਂ ਦੇ ਫੈਲਣ ਵਿਚ ਬਰਾਬਰ ਦੀਆਂ ਜ਼ਿੰਮੇਵਾਰ ਹਨ।

jasbir singh

This news is News Editor jasbir singh