ਉਹ ਕਿਹੜੀ ਗਲੀ, ਜਿਸ ''ਤੇ ਗੋਲੀ ਨਹੀਂ ਚੱਲੀ

03/28/2019 6:00:13 PM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਅਰਨੀਆ ਸ਼ਹਿਰ ਦੀਆਂ ਗਲੀਆਂ ਦੀ ਗਿਣਤੀ ਘੱਟ ਹੈ ਅਤੇ ਉਨ੍ਹਾਂ ਨੂੰ ਛਲਣੀ ਕਰਨ ਵਾਲੇ ਗੋਲਿਆਂ ਦੀ ਜ਼ਿਆਦਾ ਹੈ। ਜੰਮੂ-ਕਸ਼ਮੀਰ ਦੇ ਇਸ ਨਗਰ ਦੀ ਭੂਗੋਲਿਕ ਸਥਿਤੀ ਅਜਿਹੀ ਹੈ, ਜਿਸ ਅਨੁਸਾਰ ਇਹ ਤਿੰਨ ਪਾਸਿਆਂ ਤੋਂ ਪਾਕਿਸਤਾਨੀ ਸਰਹੱਦੀ ਚੌਕੀਆਂ ਵਿਚ ਘਿਰਿਆ ਹੋਇਆ ਹੈ। 

ਸਰਹੱਦ ਦੀ ਸਥਿਤੀ ਅਰਨੀਆ ਦੇ ਨਾਲ-ਨਾਲ ਕਮਾਨ ਦੇ ਆਕਾਰ ਵਾਂਗ ਹੈ, ਜਿਸ ਕਾਰਨ ਜਦੋਂ ਵੀ ਪਾਕਿਸਤਾਨੀ ਸੈਨਿਕ ਗੋਲੀਬਾਰੀ ਕਰਦੇ ਹਨ ਤਾਂ ਸਾਰੀਆਂ ਗਲੀਆਂ ਅਤੇ ਘਰ ਉਸਦੀ ਸਿੱਧੀ ਲਪੇਟ 'ਚ ਆ ਜਾਂਦੇ ਹਨ।
ਇਥੋਂ ਦੇ ਬਾਸ਼ਿੰਦਿਆਂ ਲਈ ਇਹ ਨਿੱਤ ਦਿਨ ਦਾ ਘਟਨਾਚੱਕਰ ਹੋ ਗਿਆ ਹੈ ਕਿ ਅਕਸਰ ਗੋਲੀਆਂ, ਮੋਰਟਾਰ ਅਤੇ ਕਈ ਵਾਰ ਵੱਡੇ ਗੋਲੇ ਵੀ ਉਨ੍ਹਾਂ ਦੇ ਘਰਾਂ 'ਤੇ ਵਰ੍ਹਦੇ ਰਹਿੰਦੇ ਹਨ। ਇਕ ਰਾਤ ਉਹ ਆਪਣੇ ਘਰ 'ਚ ਗੁਜ਼ਾਰਦੇ ਹਨ ਤਾਂ ਅਗਲੇ ਦਿਨ ਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਕਿਹੋ ਜਿਹਾ ਭਾਣਾ ਵਾਪਰ ਜਾਵੇ।

10 ਹਜ਼ਾਰ ਦੇ ਕਰੀਬ ਦੀ ਹਿੰਦੂ ਬਹੁਲਤਾ ਵਾਲੀ ਆਬਾਦੀ ਵਾਲੇ ਇਸ ਸ਼ਹਿਰ ਦਾ ਪ੍ਰਬੰਧ ਨਗਰ ਕਮੇਟੀ ਸੰਭਾਲਦੀ ਹੈ ਪਰ ਉਸ ਦੇ ਵਿਕਾਸ ਕਾਰਜਾਂ ਨੂੰ ਇਸ ਕਾਰਨ ਬਰੇਕਾਂ ਲੱਗੀਆਂ ਰਹਿੰਦੀਆਂ ਹਨ ਕਿਉਂਕਿ ਹਰ ਵੇਲੇ ਫਾਇਰਿੰਗ ਕਾਰਨ ਅਨਿਸ਼ਚਿਤਤਾ ਦੀ ਸਥਿਤੀ ਬਣੀ ਰਹਿੰਦੀ ਹੈ।

2018 'ਚ ਹਿੱਲ ਗਿਆ ਸੀ ਸ਼ਹਿਰ
ਸਾਲ 2018 'ਚ ਪਾਕਿਸਤਾਨ ਵਲੋਂ ਅਰਨੀਆ 'ਤੇ ਏਨੀ ਭਾਰੀ ਫਾਇਰਿੰਗ ਕੀਤੀ ਗਈ ਕਿ ਪੂਰਾ ਸ਼ਹਿਰ ਕੰਬ ਗਿਆ ਸੀ। ਮਕਾਨਾਂ ਦੀਆਂ ਛੱਤਾਂ, ਕੰਧਾਂ ਅਤੇ ਗਲੀਆਂ 'ਚ ਗੋਲੀਬਾਰੀ ਕਾਰਨ ਬਣੇ ਨਿਸ਼ਾਨ ਵੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ ਇਸ ਖੇਤਰ ਦੇ ਪ੍ਰਭਾਵਿਤ ਪਰਿਵਾਰਾਂ ਨੂੰ 498ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਗਰੁੱਪ ਦੀ ਰਾਹਤ ਟੀਮ ਉਥੇ ਪੁੱਜੀ ਸੀ।

ਇਲਾਕੇ ਦੇ ਸਮਾਜ ਸੇਵੀ ਆਗੂ ਨਿਹਾਲ ਸਿੰਘ ਨੇ ਦੱਸਿਆ ਕਿ 2018 'ਚ ਪਿੰਡ ਦੇ 20-25 ਲੋਕ ਮਾਰੇ ਗਏ ਸਨ ਅਤੇ ਡੇਢ ਸੌ ਦੇ ਕਰੀਬ ਜ਼ਖਮੀ ਹੋਏ ਸਨ। ਪਿੰਡ ਵਿਚ 1500 ਦੇ ਕਰੀਬ ਘਰ ਹੋਣਗੇ। ਕੋਈ ਵਿਰਲਾ ਘਰ ਹੀ ਬਚਿਆ ਸੀ, ਜਿਸ ਦਾ ਕੋਈ ਨੁਕਸਾਨ ਨਹੀਂ ਹੋਇਆ। ਕਿਸੇ ਘਰ ਦਾ ਮੈਂਬਰ ਜ਼ਖਮੀ ਹੋ ਗਿਆ, ਕਿਸੇ ਦੀ ਜਾਨ ਚਲੀ ਗਈ ਅਤੇ ਕਿਸੇ ਦਾ ਘਰ ਢਹਿ ਗਿਆ।ਉਨ੍ਹਾਂ ਦਿਨਾਂ ਵਿਚ ਤਾਂ ਅੰਨ੍ਹੇਵਾਹ ਫਾਇਰਿੰਗ ਹੋਈ ਸੀ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਈ 2018 'ਚ ਇਸ ਸੂਬੇ ਦਾ ਦੌਰਾ ਕਰਨਾ ਸੀ। ਇਸ ਦੌਰਾਨ ਬੀ. ਐੱਸ.ਐੱਫ. ਦੇ ਜਵਾਨ ਵੀ ਸ਼ਹੀਦ ਹੋਏ ਸਨ। ਉਹ ਦਿਨ ਜਿਥੇ ਅਰਨੀਆ ਵਾਸੀਆਂ ਲਈ ਸੰਕਟ ਭਰੇ ਸਨ, ਉਥੇ ਹੀ ਸਰਕਾਰ ਲਈ ਵੀ ਵੱਡੀ ਚੁਣੌਤੀ ਪੈਦਾ ਹੋ ਗਈ ਸੀ। ਇਹ ਖਤਰਾ ਘੱਟ ਜਾਂ ਵੱਧ ਹਮੇਸ਼ਾ ਬਰਕਰਾਰ ਰਹਿੰਦਾ ਹੈ।

ਪੁਲਵਾਮਾ ਕਾਂਡ ਤੋਂ ਬਾਅਦ ਪਿਛਲੇ ਕੁਝ ਦਿਨਾਂ ਤੋਂ ਇਸ ਪਿੰਡ ਦੇ ਲੋਕਾਂ 'ਤੇ ਸੰਕਟ ਦੇ ਬੱਦਲ ਫਿਰ ਗੂੜ੍ਹੇ ਹੋ ਗਏ ਹਨ ਅਤੇ ਪਾਕਿਸਤਾਨੀ ਫੌਜ ਵਲੋਂ ਕੀਤੀਆਂ ਜਾ ਰਹੀਆਂ ਹਰਕਤਾਂ ਨੇ ਲੋਕਾਂ ਦੇ ਸਾਹ ਸੁਕਾ ਦਿੱਤੇ ਹਨ ਅਤੇ ਲੋਕ ਆਪਣੇ ਘਰ-ਮਕਾਨ ਖਾਲੀ ਕਰ ਕੇ ਸੁਰੱਖਿਅਤ ਟਿਕਾਣਿਆਂ ਵੱਲ ਜਾਣ ਦੀ ਤਿਆਰੀ ਕਰ ਰਹੇ ਹਨ।

ਸਕੂਲ-ਕਾਲਜ ਹੋ ਜਾਂਦੇ ਨੇ ਬੰਦ
ਇਕ ਵਾਰ ਫਾਇਰਿੰਗ ਹੁੰਦੀ ਹੈ ਤਾਂ ਅਰਨੀਆ ਦੇ ਸਕੂਲ-ਕਾਲਜ ਕਈ ਦਿਨਾਂ ਲਈ ਬੰਦ ਹੋ ਜਾਂਦੇ ਹਨ। ਵਿਦਿਆਰਥੀਆਂ ਦੀ ਪੜ੍ਹਾਈ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਹੈ। ਪਿਛਲੇ 20 ਸਾਲਾਂ ਤੋਂ ਅਜਿਹਾ ਅਕਸਰ ਹੁੰਦਾ ਆਇਆ ਹੈ ਕਿ ਇਧਰ ਗੋਲੀ ਚੱਲਦੀ ਹੈ ਤੇ ਓਧਰ ਵਿੱਦਿਅਕ ਅਦਾਰਿਆਂ ਨੂੰ ਤਾਲੇ ਲੱਗ ਜਾਂਦੇ ਹਨ। ਹੋਰ ਸ਼ਹਿਰਾਂ ਅਤੇ ਰਾਜਾਂ ਵਾਂਗ ਇਥੇ ਕਦੇ ਵੀ ਸਾਰਾ ਸਾਲ ਆਮ ਵਾਂਗ ਪੜ੍ਹਾਈ ਨਹੀਂ ਹੁੰਦੀ।
ਜਿਹੜੇ ਲੋਕ ਸਰਦੇ-ਪੁੱਜਦੇ ਹਨ ਉਨ੍ਹਾਂ ਨੇ ਤਾਂ ਪੱਕੇ ਤੌਰ 'ਤੇ ਆਪਣੇ ਬੱਚਿਆਂ ਨੂੰ ਹੋਰ ਸ਼ਹਿਰਾਂ ਵਿਚ ਪੜ੍ਹਨ ਲਈ ਭੇਜ ਦਿੱਤਾ ਹੈ। ਦੁਖਾਂਤ ਇਹ ਹੈ ਕਿ ਸ਼ਹਿਰ ਅਤੇ ਇਲਾਕੇ ਦੀ ਬਹੁਤੀ ਆਬਾਦੀ ਮਾੜੇ  ਆਰਥਕ ਹਾਲਾਤ ਵਿਚ ਗੁਜ਼ਾਰਾ ਕਰ ਰਹੀ ਹੈ। ਇਸ ਕਾਰਨ ਜ਼ਿਆਦਾਤਰ ਬੱਚਿਆਂ ਦਾ ਭਵਿੱਖ ਸਥਾਨਕ ਸਕੂਲਾਂ-ਕਾਲਜਾਂ ਨਾਲ ਹੀ ਜੁੜਿਆ ਹੋਇਆ ਹੈ।
ਸ਼ਹਿਰ ਦੇ ਲੋਕਾਂ ਦਾ ਇਹ ਵੀ ਕਹਿਣਾ ਸੀ ਕਿ ਵਿੱਦਿਅਕ ਅਦਾਰਿਆਂ ਵਿਚ ਸਟਾਫ ਵੀ ਕਦੇ ਪੂਰਾ ਨਹੀਂ ਹੁੰਦਾ। ਬਾਹਰ ਤੋਂ ਆਉਣ ਵਾਲੇ ਅਧਿਆਪਕ ਜਾਂ ਤਾਂ ਆਪਣੀ ਬਦਲੀ ਕਰਵਾ ਲੈਂਦੇ ਹਨ ਜਾਂ ਫਿਰ ਆਨੇ-ਬਹਾਨੇ ਛੁੱਟੀਆਂ ਕਰ ਲੈਂਦੇ ਹਨ। ਇਸ ਦਾ ਅਸਰ ਵੀ ਬੱਚਿਆਂ 'ਤੇ ਪੈਂਦਾ ਹੈ। ਲੜਕੀਆਂ ਲਈ ਤਾਂ ਪੜ੍ਹਾਈ ਦੇ ਮਾਮਲੇ 'ਚ ਸਥਿਤੀ ਹੋਰ ਵੀ ਮੁਸ਼ਕਲ ਹੈ ਕਿਉਂਕਿ ਥੋੜ੍ਹੀ-ਬਹੁਤੀ ਗੜਬੜ ਹੋਣ 'ਤੇ ਵੀ ਮਾਪੇ ਉਨ੍ਹਾਂ ਨੂੰ ਸਕੂਲ ਨਹੀਂ ਭੇਜਦੇ।

ਖੇਤੀਬਾੜੀ ਬੁਰੀ ਤਰ੍ਹਾਂ ਪ੍ਰਭਾਵਿਤ
ਅਰਨੀਆ ਅਤੇ ਇਸ ਦੇ ਆਸ-ਪਾਸ ਦੇ ਪਿੰਡਾਂ ਦੀ ਖੇਤੀਬਾੜੀ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਖੇਤਾਂ 'ਚ ਡਿੱਗਦੇ ਗੋਲਿਆਂ ਨੇ ਕਿਸਾਨਾਂ ਦੇ ਕਈ ਪਸ਼ੂਆਂ ਦੀ ਜਾਨ ਲਈ ਅਤੇ ਕੁਝ ਲੋਕ ਵੀ ਜ਼ਖਮੀ ਹੋਏ। ਇਸ ਤਰ੍ਹਾਂ ਦੀ ਖਤਰੇ ਭਰੀ ਹਾਲਤ ਵਿਚ ਉਹ ਨਾ ਤਾਂ ਆਪਣੀਆਂ ਜ਼ਮੀਨਾਂ ਵਿਚ ਆਮ ਵਾਂਗ ਫਸਲਾਂ ਦੀ ਕਾਸ਼ਤ ਕਰ ਸਕਦੇ ਹਨ ਅਤੇ ਨਾ ਹੀ ਬੀਜੀਆਂ ਫਸਲਾਂ ਠੀਕ ਤਰ੍ਹਾਂ ਪਾਲ਼ ਸਕਦੇ ਹਨ। ਇਸ ਨਾਲ ਉਨ੍ਹਾਂ ਦੀ ਆਮਦਨੀ ਫਸਲ 'ਤੇ ਹੋਣ ਵਾਲਾ ਖਰਚਾ ਵੀ ਪੂਰਾ ਨਹੀਂ ਕਰਦੀ।
ਤਾਰ-ਵਾੜ ਦੇ ਅੰਦਰ ਵਾਲੀਆਂ ਜ਼ਮੀਨਾਂ ਵਿਚ ਤਾਂ ਬਹੁਤੀ ਵਾਰ ਫਸਲ ਬੀਜਣੀ ਵੀ ਮੁਸ਼ਕਲ ਹੋ ਜਾਂਦੀ ਹੈ। ਜੇਕਰ ਕੋਈ ਫਸਲ ਕਿਸਾਨ ਬੀਜਦੇ ਹਨ ਤਾਂ ਉਸ ਬਾਰੇ ਵੀ ਸੁਰੱਖਿਆ ਅਧਿਕਾਰੀ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾ ਦਿੰਦੇ ਹਨ। ਤਾਰ-ਵਾੜ ਅੰਦਰਲੀਆਂ ਜ਼ਮੀਨਾਂ 'ਚ ਉੱਚੇ ਕੱਦ ਵਾਲੀਆਂ ਅਤੇ ਸੰਘਣੀ ਫਸਲ ਵਾਲੀਆਂ ਕਿਸਮਾਂ ਬੀਜਣ ਦੀ ਮਨਾਹੀ ਹੈ।

ਕਾਰੋਬਾਰ ਦਾ ਲੱਕ ਟੁੱਟ ਗਿਆ
ਸਰਹੱਦ ਦੇ ਕੰਢੇ ਵੱਸਿਆ ਹੋਣ ਕਰ ਕੇ ਅਰਨੀਆ ਵਿਚ ਕਾਰੋਬਾਰ ਦਾ ਬੁਰੀ ਤਰ੍ਹਾਂ ਲੱਕ ਟੁੱਟ ਗਿਆ ਹੈ। ਜਦੋਂ ਆਮਦਨ ਪ੍ਰਭਾਵਿਤ ਹੁੰਦੀ ਹੈ ਤਾਂ ਖਰੀਦਦਾਰੀ ਵੀ ਘਟ ਜਾਂਦੀ ਹੈ। ਸ਼ਹਿਰ ਵਿਚ ਦੁਕਾਨਾਂ ਤਾਂ ਹਨ ਪਰ ਗਾਹਕ ਨਹੀਂ ਹਨ। ਨਿਰਮਾਣ ਕਾਰਜ ਬੰਦ ਹੋ ਗਏ ਹਨ ਅਤੇ ਮਿਸਤਰੀ, ਪੇਂਟਰ, ਸੈਨੇਟਰੀ ਵਾਲੇ, ਮਜ਼ਦੂਰ ਸਭ ਕੰਮ ਦੀ ਭਾਲ 'ਚ ਭਟਕ ਰਹੇ ਹਨ। ਉਨ੍ਹਾਂ ਲਈ ਰੋਜ਼ੀ-ਰੋਟੀ ਦੀ ਚਿੰਤਾ ਬਣ ਗਈ ਹੈ।
ਜਾਇਦਾਦਾਂ ਦੀ ਇੰਨੀ ਬੇਕਦਰੀ ਹੋ ਗਈ ਹੈ ਕਿ 5 ਲੱਖ ਵਾਲੀ ਜ਼ਮੀਨ ਦੀ ਕੀਮਤ 50 ਹਜ਼ਾਰ ਵੀ ਕੋਈ ਨਹੀਂ ਦਿੰਦਾ। ਸ਼ਹਿਰ ਅਤੇ ਇਲਾਕੇ ਵਿਚ ਪਿਛਲੇ ਕਈ ਮਹੀਨਿਆਂ ਤੋਂ ਜਾਇਦਾਦ ਦੀ ਕੋਈ ਖਰੀਦ-ਵੇਚ ਨਹੀਂ ਹੋਈ। ਜਾਇਦਾਦ ਵੇਚਣ ਵਾਲੇ ਤਾਂ ਬਹੁਤ ਹਨ ਪਰ ਖਰੀਦਣ ਵਾਲਾ ਕੋਈ ਨਹੀਂ। ਸਭ ਤਰ੍ਹਾਂ ਦੇ ਕਾਰੋਬਾਰ ਅਤੇ ਸਰਗਰਮੀਆਂ ਉਦੋਂ ਹੀ ਆਮ ਵਰਗੀਆਂ ਹੋ ਸਕਦੀਆਂ ਹਨ, ਜਦੋਂ ਇਲਾਕੇ ਵਿਚ ਮੁਕੰਮਲ ਸ਼ਾਂਤੀ ਹੋਵੇ ਅਤੇ ਇਸ ਗੱਲ ਦੇ ਲੱਛਣ ਕਿਤੇ ਦੂਰ-ਦੂਰ ਤੱਕ ਦਿਖਾਈ ਨਹੀਂ ਦਿੰਦੇ।

ਲੋਕਾਂ ਦੀ ਬਹਾਦਰੀ ਨੂੰ ਸਲਾਮ
ਨਿੱਤ ਦੀ ਗੋਲੀਬਾਰੀ ਅਤੇ ਖਤਰੇ ਭਰੇ ਹਾਲਾਤ ਦੇ ਬਾਵਜੂਦ ਲੋਕ ਜਿਸ ਬਹਾਦਰੀ ਨਾਲ ਸਰਹੱਦੀ ਖੇਤਰਾਂ 'ਚ ਡਟੇ ਬੈਠੇ ਹਨ, ਉਸ ਨੂੰ ਸਲਾਮ ਕਰਨਾ ਬਣਦਾ ਹੈ। ਉਹ ਬਿਨਾਂ ਹਥਿਆਰਾਂ ਤੋਂ ਪਾਕਿਸਤਾਨੀ ਗੋਲੀਆਂ ਦਾ ਸਾਹਮਣਾ ਕਰ ਰਹੇ ਹਨ।

ਅਰਨੀਆ ਅਤੇ ਆਸ-ਪਾਸ ਦੇ ਖੇਤਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਆਪਣੀ ਹਿੰਮਤ ਦੇ ਨਾਲ-ਨਾਲ ਸੁਰੱਖਿਆ ਫੋਰਸਾਂ ਅਤੇ ਜੰਮੂ-ਕਸ਼ਮੀਰ ਪੁਲਸ ਦੀ ਮੌਜੂਦਗੀ ਦਾ ਵੀ ਬਹੁਤ ਵੱਡਾ ਸਹਾਰਾ ਹੈ। ਆਰ. ਐੱਸ. ਪੁਰਾ ਅਤੇ ਅਰਨੀਆ ਸੈਕਟਰ ਵਿਚ 160 ਦੇ ਕਰੀਬ ਪਿੰਡ ਹਨ, ਜਿਨ੍ਹਾਂ ਵਿਚੋਂ 70-80 ਪਿੰਡ ਗੋਲੀਬਾਰੀ ਤੋਂ ਪ੍ਰਭਾਵਿਤ ਹਨ। 

ਕਿਸੇ ਵੀ ਸੰਕਟ ਦੀ ਸਥਿਤੀ 'ਚ ਸੁਰੱਖਿਆ ਮੁਲਾਜ਼ਮ ਝੱਟ ਲੋਕਾਂ ਦੀ ਸਹਾਇਤਾ ਲਈ ਬਹੁੜਦੇ ਹਨ ਅਤੇ ਉਨ੍ਹਾਂ ਨੂੰ ਸੁਰੱਖਿਅਤ ਟਿਕਾਣਿਆਂ ਤੱਕ ਵੀ ਪਹੁੰਚਾਉਂਦੇ ਹਨ। ਇਕ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਉਹ ਦਿਨ ਰਾਤ ਇਸ ਇਲਾਕੇ 'ਤੇ ਨਜ਼ਰ ਰੱਖਦੇ ਹਨ ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਲ ਨਾ ਆਵੇ।     
 

(sandhu.js002@gmail.com) 94174-02327

Bharat Thapa

This news is Content Editor Bharat Thapa