ਸਵੱਛ ਭਾਰਤ ਮੁਹਿੰਮ ਲਈ ਗ੍ਰਹਿਣ ਬਣੇ ਪੰਚਾਇਤ ਘਰ ''ਚ ਲੱਗੇ ਗੰਦਗੀ ਦੇ ਢੇਰ

07/24/2017 12:43:11 AM

ਸ਼ਹਿਣਾ/ਭਦੌੜ,   (ਸਿੰਗਲਾ)-  ਭਾਰਤ ਸਰਕਾਰ ਵੱਲੋਂ ਵਿੱਢੀ ਗਈ ਸਵੱਛ ਭਾਰਤ ਮੁਹਿੰਮ ਦੀ ਉਸ ਸਮੇਂ ਫ਼ੂਕ ਨਿੱਕਲਦੀ ਨਜ਼ਰ ਆਈ, ਜਦੋਂ ਬਲਾਕ ਸ਼ਹਿਣਾ ਦੇ ਪਿੰਡ ਚੀਮਾ ਦੇ ਪੰਚਾਇਤ ਘਰ 'ਚ ਲੱਗੇ ਗੰਦਗੀ ਦੇ ਢੇਰ ਬੀਮਾਰੀਆਂ ਨੂੰ ਸੱਦਾ ਦਿੰਦੇ ਨਜ਼ਰ ਆਏ। ਭਾਵੇਂ ਪਿੰਡ ਦਾ ਸਫ਼ਾਈ ਪੱਖੋਂ ਬੁਰਾ ਹਾਲ ਹੈ ਪਰ ਪਿੰਡ ਦੀ ਪੰਚਾਇਤ ਘਰ ਦੀ ਇੰਨੀ ਮਾੜੀ ਹਾਲਤ ਹੈ ਕਿ ਉਥੇ ਹਰ ਸਮੇਂ ਬੇਸਹਾਰਾ ਪਸ਼ੂਆਂ ਦੇ ਝੁੰਡ ਬੈਠੇ ਰਹਿੰਦੇ ਹਨ ਅਤੇ ਪੰਚਾਇਤ ਘਰ ਪਸ਼ੂਆਂ ਦੇ ਗੋਹੇ ਨਾਲ ਭਰਿਆ ਪਿਆ ਹੈ, ਜਿਸ ਕਰਕੇ ਬਦਬੂ ਕਾਰਨ ਉੱਥੇ ਬੈਠਣਾ ਤਾਂ ਦੂਰ ਦੀ ਗੱਲ ਲੰਘਣਾ ਵੀ ਮੁਸ਼ਕਲ ਹੋ ਜਾਂਦਾ ਹੈ।   ਸੀਨੀਅਰ ਕਾਂਗਰਸੀ ਆਗੂ ਨਿਰੰਜਣ ਸਿੰਘ ਨੇ ਕਿਹਾ ਕਿ ਪੰਚਾਇਤ ਘਰ ਇਸ ਲਈ ਬਣਾਇਆ ਗਿਆ ਸੀ ਕਿ ਇੱਥੇ ਬੈਠ ਕੇ ਪੰਚਾਇਤ ਆਪਣੀਆਂ ਮੀਟਿੰਗਾਂ ਕਰ ਸਕੇ ਅਤੇ ਲੋਕਾਂ ਦੀਆਂ ਆਈਆਂ ਸ਼ਿਕਾਇਤਾਂ ਦਾ ਨਿਪਟਾਰਾ ਕਰ ਸਕੇ ਪਰ ਮੌਜੂਦਾ ਪਿੰਡ ਦੀ ਪੰਚਾਇਤ ਨੇ ਇੱਥੇ ਕਦੇ ਕੋਈ ਮੀਟਿੰਗ ਨਹੀਂ ਕੀਤੀ ਅਤੇ ਨਾ ਹੀ ਇਸ ਦੀ ਸਫ਼ਾਈ ਵੱਲ ਕੋਈ ਧਿਆਨ ਦਿੱਤਾ ਹੈ। ਪੰਚਾਇਤ ਘਰ ਦੇ ਨਾਲ ਹੀ ਸੇਵਾ ਕੇਂਦਰ, ਲਾਇਬ੍ਰੇਰੀ, ਸ਼ਿਵ ਮੰਦਰ, ਆਂਗਣਵਾੜੀ ਕੇਂਦਰ ਤੇ ਸ਼ਮਸ਼ਾਨਘਾਟ ਹੈ। ਇਨ੍ਹਾਂ ਸਥਾਨਾਂ 'ਤੇ ਜਾਣ ਵਾਲੇ ਲੋਕਾਂ ਨੂੰ ਪੰਚਾਇਤ ਘਰ 'ਚੋਂ ਮਾਰ ਰਹੀ ਬਦਬੂ ਕਾਰਨ ਤੇ ਬੇਸਹਾਰਾ ਪਸ਼ੂਆਂ ਦੇ ਝੁੰਡ ਕਾਰਨ ਮੁਕਸ਼ਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਕੀ ਕਹਿਣਾ ਹੈ ਅਧਿਕਾਰਤ ਪੰਚ ਦਾ
ਜਦੋਂ ਇਸ ਸਬੰਧੀ ਅਧਿਕਾਰਤ ਪੰਚ ਗੁਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪੰਚਾਇਤ ਘਰ ਦੀ ਇਕ ਕੰਧ ਕਾਫ਼ੀ ਸਮੇਂ ਤੋਂ ਡਿੱਗੀ ਪਈ ਹੈ ਅਤੇ ਨਾਲ ਹੀ ਮੇਨ ਗੇਟ ਭਾਰਾ ਹੋਣ ਕਾਰਨ ਪਿੱਲਰ ਡਿੱਗ ਪਏ। ਇਸ ਕਰ ਕੇ ਪੰਚਾਇਤ ਘਰ 'ਚ ਬੇਸਹਾਰਾ ਪਸ਼ੂ ਗੰਦਗੀ ਫੈਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਲਦੀ ਹੀ ਕੰਧ ਕਢਵਾ ਕੇ ਮੇਨ ਗੇਟ ਲਵਾ ਦਿੱਤਾ ਜਾਵੇਗਾ ਤੇ ਉਸ ਤੋਂ ਬਾਅਦ ਪੰਚਾਇਤ ਘਰ ਦੀ ਸਫਾਈ ਰੱਖੀ ਜਾਇਆ ਕਰੇਗੀ।