ਜਦੋਂ ਵਿਧਾਨ ਸਭਾ 'ਚ ਮਿਹਣੋ-ਮਿਹਣੀ ਹੋਏ ਵਿਧਾਇਕਾਂ ਨੂੰ ਬੋਲੇ ਸਪੀਕਰ-ਗੱਲ ਚੱਲੇਗੀ ਤਾਂ ਬਹੁਤ ਦੂਰ ਤਕ ਜਾਵੇਗੀ

03/05/2021 11:48:30 AM

*ਸਪੀਕਰ ਨੇ ਕਿਹਾ, ਗੱਲ ਚੱਲੇਗੀ ਤਾਂ ਬਹੁਤ ਦੂਰ ਤਕ ਜਾਵੇਗੀ, ਤਦ ਸ਼ਾਂਤ ਹੋਇਆ ਮਾਹੌਲ

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਚੌਥੇ ਦਿਨ ਵੀਰਵਾਰ ਨੂੰ ਪ੍ਰਸ਼ਨਕਾਲ ਉਸ ਸਮੇਂ ਨਿੱਜੀ ਤੋਹਮਤਾਂ ਵਿਚ ਤਬਦੀਲ ਹੋ ਗਿਆ ਜਦੋਂ ਅਕਾਲੀ ਵਿਧਾਇਕ ਬਿਕਰਮ ਸਿੰਘ ਮਜੀਠੀਆ ਨੇ ਵਿਧਾਇਕ ਬਲਦੇਵ ਸਿੰਘ ਕਲਿਆਣ ਵਲੋਂ ਪੁੱਛੇ ਗਏ ਕੋਰੋਨਾ ਨਾਲ ਜੁੜੇ ਸਵਾਲ ’ਤੇ ਸਿਹਤ ਮੰਤਰੀ ਵਲੋਂ ਦਿੱਤੇ ਗਏ ਜਵਾਬ ’ਤੇ ਸਪਲੀਮੈਂਟਰੀ ਸਵਾਲ ਕੀਤਾ। ਮਜੀਠੀਆ ਨੇ ਕਿਹਾ ਕਿ ਸਰਕਾਰੀ ਸਿਹਤ ਸਹੂਲਤਾਂ ਨੂੰ ਬਿਹਤਰ ਕਰਨ ਦੀ ਲੋੜ ਹੈ। ਜੇਕਰ ਸਰਕਾਰ ਦੇ ਸਿਹਤ ਸੇਵਾਵਾਂ ਦੇ ਬਿਹਤਰ ਹੋਣ ਦੇ ਦਾਅਵੇ ਠੀਕ ਹਨ ਤਾਂ ਫਿਰ ਸਰਕਾਰ ਦੇ ਮੰਤਰੀਆਂ, ਜਿਨ੍ਹਾਂ ਵਿਚ ਖੁਦ ਸਿਹਤ ਮੰਤਰੀ ਵੀ ਸ਼ਾਮਲ ਹਨ, ਨੇ ਆਪਣਾ ਕੋਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਇਲਾਜ ਸਰਕਾਰੀ ਹਸਪਤਾਲ ਵਿਚ ਨਾ ਕਰਵਾਉਣ ਦੀ ਥਾਂ ਫੋਰਟਿਸ ਹਸਪਤਾਲ ਜਾਂ ਹੋਰ ਨਿੱਜੀ ਹਸਪਤਾਲ ਵਿਚ ਕਿਉਂ ਕਰਵਾਇਆ। ਇਸ ’ਤੇ ਸਿਹਤ ਮੰਤਰੀ ਇਸ ਕਦਰ ਭੜਕ ਗਏ ਕਿ ਉਨ੍ਹਾਂ ਕਹਿ ਦਿੱਤਾ ਕਿ ਅਸੀਂ ਆਪਣੇ ਇਲਾਜ ਦਾ ਖਰਚ ਖੁਦ ਚੁੱਕਿਆ ਹੈ ਪਰ ਸਾਬਕਾ ਮੁੱਖ ਮੰਤਰੀ ਬਾਦਲ ਦੀ ਪਤਨੀ ਦਾ ਇਲਾਜ ਅਮਰੀਕਾ ’ਚ ਸਰਕਾਰੀ ਖ਼ਰਚੇ ’ਤੇ ਕੀਤਾ ਗਿਆ, ਜਦੋਂਕਿ ਦੋਸ਼ ਲਗਾਉਣ ਵਾਲੇ ਵਿਧਾਇਕ ਨੇ ਆਪਣੇ ਨਜ਼ਦੀਕੀ ਪਰਿਵਾਰਕ ਮੈਂਬਰ ਦਾ ਇਲਾਜ ਵੀ ਫੋਰਟਿਸ ਵਿਚ ਹੀ ਕਰਵਾਇਆ ਸੀ। ਇਕ-ਦੂਜੇ ’ਤੇ ਦੋਸਾਂ ਦੀ ਝੜੀ ਲੱਗਦੀ ਵੇਖ ਕਮਾਨ ਖੁਦ ਸਪੀਕਰ ਕੇ. ਪੀ.ਐੱਸ. ਰਾਣਾ ਨੇ ਸਾਂਭੀ ਅਤੇ ਮੈਂਬਰਾਂ ਨੂੰ ਸ਼ਾਂਤ ਕਰਦੇ ਹੋਏ ਕਿਹਾ ਕਿ ਗੱਲ ਚੱਲੇਗੀ ਤਾਂ ਬਹੁਤ ਦੂਰ ਤੱਕ ਜਾਵੇਗੀ ਤਾਂ ਜਾ ਕੇ ਮਾਹੌਲ ਤਾਂ ਸ਼ਾਂਤ ਹੋਇਆ।

ਇਹ ਵੀ ਪੜ੍ਹੋ : 6ਵੇਂ ਪੰਜਾਬ ਵਿੱਤ ਕਮਿਸ਼ਨ ਦੀਆਂ ਕਈ ਸਿਫਾਰਿਸ਼ਾਂ ਨੂੰ ਕੈਬਨਿਟ ਦੀ ਮਨਜ਼ੂਰੀ     

ਵਿਧਾਇਕ ਆਵਲਾ ਨੇ ਉਠਾਇਆ ਮਹੱਤਵਪੂਰਨ ਮੁੱਦਾ, ਮੰਤਰੀ ਬ੍ਰਹਮ ਮੋਹਿੰਦਰਾ ਵੀ ਹੋਏ ਮੁਰੀਦ

ਜਲਾਲਾਬਾਦ ਤੋਂ ਕਾਂਗਰਸੀ ਵਿਧਾਇਕ ਰਮਿੰਦਰ ਸਿੰਘ ਆਵਲਾ ਵਲੋਂ ਜ਼ਿਲ੍ਹਾ ਫਾਜ਼ਿਲਕਾ ਦੀ ਨਗਰ ਪੰਚਾਇਤ ਅਰਨੀਵਾਲਾ ਸ਼ੇਖ ਸੂਭਾਨ ਦੀ ਜਲ ਸਪਲਾਈ ਅਤੇ ਸੀਵਰੇਜ ਪ੍ਰਾਜੈਕਟ ਦੇ ਲੰਬਿਤ ਹੋਣ ਦਾ ਮਾਮਲਾ ਉਠਾਉਣ ’ਤੇ ਸਥਾਨਕ ਸਰਕਾਰਾਂ ਮੰਤਰੀ ਵੀ ਆਪਣੇ ਜਵਾਬ ਵਿਚ ਇਸ ਕਦਰ ਗੁਆਚ ਗਏ ਕਿ ਸਵਾਲ ਚੁੱਕੇ ਜਾਣ ਨਾਲ ਮੁਰੀਦ ਹੋ ਕੇ ਉਨ੍ਹਾਂ ਨੇ ਵਿਧਾਇਕ ਦੀ ਸ਼ਲਾਘਾ ਕਰਦੇ ਹੋਏ ਕਹਿ ਦਿੱਤਾ ਕਿ ਲੰਬੇ ਸਮੇਂ ਤੋਂ ਗਲਤ ਹੱਥਾਂ ਵਲੋਂ ਤਰਜਮਾਨੀ ਕੀਤੀ ਜਾ ਰਹੀ ਜਲਾਲਾਬਾਦ ਸੀਟ ’ਤੇ ਕਾਂਗਰਸ ਦਾ ਝੰਡਾ ਲਹਿਰਾਉਣ ’ਚ ਕਾਮਯਾਬ ਵਿਧਾਇਕ ਵਲੋਂ ਚੁੱਕੇ ਗਏ ਮੁੱਦੇ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ।

ਇਹ ਵੀ ਪੜ੍ਹੋੋ : ਪੰਜਾਬ ਵਿਧਾਨ ਸਭਾ ਬਾਹਰ ਗੂੰਜਿਆ 'ਮਹਿੰਗੀ ਬਿਜਲੀ' ਦਾ ਮੁੱਦਾ, ਅਕਾਲੀਆਂ ਵੱਲੋਂ ਜ਼ੋਰਦਾਰ ਹੰਗਾਮਾ

ਮੰਤਰੀ ਨੇ ਮੰਨਿਆ ਪੰਚਾਇਤੀ ਜ਼ਮੀਨ ’ਤੇ ਹੈ ਨਾਜਾਇਜ਼ ਕਬਜ਼ਾ, ਰਿਕਾਰਡ ਖੁਰਦ-ਬੁਰਦ ਹੋਣ ਦੀ ਹੋਵੇਗੀ ਜਾਂਚ

ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਲੋਂ ਪੰਚਾਇਤੀ ਜ਼ਮੀਨ ’ਤੇ ਉਲੰਘਣਾ ਹੋਣ ਨਾਲ ਜੁੜੇ ਪੁੱਛੇ ਗਏ ਸਵਾਲ ’ਤੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਇਹ ਸੱਚ ਹੈ ਕਿ ਸੰਗਰੂਰ ਜ਼ਿਲ੍ਹੇ ’ਚ ਖਡਿਆਲ ਪੰਚਾਇਤ ਦੀ 20 ਏਕੜ 11 ਮਰਲੇ ਜਮੀਨ ’ਤੇ ਨਾਜਾਇਜ਼ ਕਬਜ਼ਾ ਹੈ। ਇਹ ਵੀ ਸੱਚ ਹੈ ਕਿ 1999-2000 ਦੀ ਜਮ੍ਹਾਬੰਦੀ ਅਨੁਸਾਰ ਪੰਚਾਇਤ ਦੀ ਜ਼ਮੀਨ 1527 ਕਨਾਲ 13 ਮਰਲੇ ਸੀ, ਜੋ ਸਾਲ 2014-15 ਦੀ ਜਮ੍ਹਾਬੰਦੀ ਵਿਚ 1199 ਕਨਾਲ 4 ਮਰਲੇ ਰਹਿ ਗਈ। ਮਾਮਲੇ ਦੀ ਜਾਂਚ ਡੀ. ਸੀ. ਸੰਗਰੂਰ ਕਰ ਰਹੇ ਹਨ ਅਤੇ ਰਿਪੋਰਟ ਆਉਣ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋੋ :  ਜੋੜ ਮੇਲਾ ਸ੍ਰੀ ਚੋਲਾ ਸਾਹਿਬ ਦੀ ਆਰੰਭਤਾ ਨਾਲ ਬਾਬੇ ਨਾਨਕ ਦੇ ਰੰਗਾਂ 'ਚ ਰੰਗਿਆ ਡੇਰਾ ਬਾਬਾ ਨਾਨਕ

 

Anuradha

This news is Content Editor Anuradha