ਕੈਪਟਨ ਦੱਸਣ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਕਦੋਂ ਦਰਸ਼ਨ ਦੇਣਗੇ

06/12/2017 7:52:43 AM

ਪਟਿਆਲਾ  (ਰਾਜੇਸ਼) - ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਸੂਬੇ ਦੇ ਮੁੱਖ ਮੰਤਰੀ ਕੈਪ. ਅਮਰਿੰਦਰ ਸਿੰਘ ਨੂੰ ਸਵਾਲ ਕਰਦਿਆਂ ਕਿਹਾ ਕਿ ਉਹ ਪਟਿਆਲਾ ਸ਼ਹਿਰ ਦੇ ਲੋਕਾਂ ਨੂੰ ਦੱਸਣ ਕਿ ਉਹ ਪਟਿਆਲਵੀਆਂ ਨੂੰ ਕਦੋਂ ਦਰਸ਼ਨ ਦੇਣਗੇ? ਕੈਪ. ਅਮਰਿੰਦਰ ਸਿੰਘ ਮੁੱਖ ਮੰਤਰੀ ਬਣਨ ਤੋਂ ਬਾਅਦ ਇਕ ਵਾਰ ਵੀ ਪਟਿਆਲਾ ਨਹੀਂ ਆਏ। ਸ਼ਹਿਰੀ ਵੋਟਰ ਉਨ੍ਹਾਂ ਦੀ ਲਗਾਤਾਰ ਗੈਰ-ਹਾਜ਼ਰੀ ਤੋਂ ਬੇਹੱਦ ਨਿਰਾਸ਼, ਦੁਖੀ ਅਤੇ ਖਫਾ ਹਨ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਪਟਿਆਲਾ ਸ਼ਹਿਰ ਦੇ ਵੋਟਰਾਂ ਲਈ ਇਸ ਤੋਂ ਵੱਧ ਨਮੋਸ਼ੀਜਨਕ ਗੱਲ ਹੋਰ ਕੀ ਹੋ ਸਕਦੀ ਹੈ ਕਿ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੇ 3 ਮਹੀਨਿਆਂ ਬਾਅਦ ਵੀ ਹਲਕੇ ਦੇ ਲੋਕਾਂ ਨੂੰ ਆਪਣੇ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੇ ਦਰਸ਼ਨ ਨਸੀਬ ਨਹੀਂ ਹੋਏ? ਹੁਣ ਤਾਂ ਪਟਿਆਲਾ ਸ਼ਹਿਰ ਨੂੰ ਹੱਤਕ ਭਰੀ ਵਿਸ਼ੇਸ਼ਤਾ ਨਾਲ ਜਾਣਿਆ ਜਾਣ ਲੱਗਾ ਹੈ। ਉਹ ਇਹ ਹੈ ਕਿ ਪਟਿਆਲਾ ਦੇ ਚੌਥੀ ਵਾਰ ਚੁਣੇ ਗਏ ਵਿਧਾਇਕ ਨੇ ਸ਼ਹਿਰ ਨੂੰ ਪੂਰੀ ਤਰ੍ਹਾਂ ਵਿਸਾਰ ਕੇ ਉਸ ਦੇ ਲੋਕਾਂ ਦਾ ਸਾਥ ਮੁਕੰਮਲ ਤੌਰ 'ਤੇ ਛੱਡ ਦਿੱਤਾ ਹੈ।
ਪਟਿਆਲਾ ਸ਼ਹਿਰ ਦੇ ਲੋਕਾਂ ਲਈ ਇਸ ਤੋਂ ਵੱਡੀ ਸ਼ਰਮਨਾਕ ਨਮੋਸ਼ੀ ਹੋਰ ਕੀ ਹੋ ਸਕਦੀ ਹੈ ਕਿ 11 ਮਾਰਚ 2017 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਤੁਰੰਤ ਬਾਅਦ ਵੋਟਰਾਂ ਦਾ ਧੰਨਵਾਦ ਕਰਨ ਦੀ ਥਾਂ ਉਨ੍ਹਾਂ ਪਟਿਆਲੇ ਵੱਲ ਦੁਬਾਰਾ ਮੂੰਹ ਕਰ ਕੇ ਤੱਕਿਆ ਵੀ ਨਹੀਂ। ਹੁਣ ਤਾਂ ਸ਼ਾਇਦ ਪੂਰੇ ਭਾਰਤ ਵਿਚੋਂ ਪਟਿਆਲਾ ਹੀ ਇਕ ਅਜਿਹਾ ਚੋਣ ਖੇਤਰ ਹੋਵੇ, ਜਿਸ ਦਾ ਚੁਣਿਆ ਹੋਇਆ ਨੁਮਾਇੰਦਾ, ਬਿਨਾਂ ਕਿਸੇ ਕਾਰਨ ਆਪਣੇ ਚੋਣ ਖੇਤਰ ਵਿੱਚੋਂ ਇੰਨੇ ਲੰਮੇ ਸਮੇਂ ਤੋਂ ਲਗਾਤਾਰ ਗੈਰ-ਹਾਜ਼ਰ ਚੱਲ ਰਿਹਾ ਹੋਵੇ। ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਹਲਕਾ ਖਰੜ ਦੇ ਵਿਧਾਇਕ ਕੰਵਰ ਸੰਧੂ ਵੀ ਆਪਣੇ ਹਲਕੇ ਵਿਚ ਵਾਪਸ ਪਰਤ ਆਏ ਹਨ, ਜਿਨ੍ਹਾਂ ਨੂੰ ਚੋਣਾਂ ਦੇ ਨਤੀਜੇ ਨਿਕਲਣ ਤੋਂ ਕੁੱਝ ਦਿਨ ਪਹਿਲਾਂ ਉਨ੍ਹਾਂ ਦੇ ਵੱਡੇ ਲੜਕੇ ਦੀ ਬੇਵਕਤ ਮੌਤ ਹੋ ਜਾਣ ਕਾਰਨ ਡੂੰਘਾ ਸਦਮਾ ਲੱਗਾ ਸੀ।
ਪਟਿਆਲਾ ਦੇ ਲੋਕ ਕਾਂਗਰਸੀ ਵਰਕਰਾਂ ਨੂੰ ਟਿੱਚਰਾਂ ਕਰ-ਕਰ ਪੁੱਛ ਰਹੇ ਹਨ ਕਿ ਤੁਹਾਡਾ ਐੈੱਮ. ਐੈੱਲ. ਏ. ਕਿੱਥੇ ਹੈ? ਅੱਗੋਂ ਜਵਾਬ ਮਿਲਦਾ ਹੈ 'ਅਰੂਸਾ ਦੀ ਸੇਵਾ ਵਿਚ ਹੈ'। ਲੋਕਾਂ ਦੇ ਅਜਿਹੇ ਅਪਮਾਨਜਨਕ ਵਿਅੰਗ ਵੀ ਪਟਿਆਲਾ ਵਾਸੀਆਂ ਨੂੰ ਸੁਣਨੇ ਅਤੇ ਸਹਿਣੇ ਪੈ ਰਹੇ ਹਨ। ਪਟਿਆਲਾ ਦੇ ਲੋਕ ਇਸ ਗੱਲੋਂ ਵੀ ਦੁਖੀ ਹਨ ਕਿ ਉਨ੍ਹਾਂ ਦੇ ਚੁਣੇ ਹੋਏ ਨੁਮਾਇੰਦੇ ਕੋਲ ਮੌਜ-ਮੇਲਿਆਂ ਲਈ ਤਾਂ ਸਮਾਂ ਹੈ, ਅਰੂਸਾ ਆਲਮ ਦੇ ਜਨਮ-ਦਿਨ ਲਈ ਵੀ ਸਮਾਂ ਹੈ ਪਰ ਸਾਡੇ ਲਈ ਕੋਈ ਸਮਾਂ ਨਹੀਂ।