ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਲਿਆ ਗਿਆ ਜਾਇਜ਼ਾ

04/25/2018 6:52:07 PM

ਟਾਂਡਾ ਉੜਮੁੜ (ਵਰਿੰਦਰ ਪੰਡਿਤ)— ਡਾ. ਹਿਮਾਂਸ਼ੂ ਅਗਰਵਾਲ ਆਈ. ਏ. ਐੱਸ. ਉੱਪ ਮੰਡਲ ਮੈਜਿਸਟ੍ਰੇਟ ਦਸੂਹਾ ਨੇ ਕਣਕ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਦਾਣਾ ਮੰਡੀ ਟਾਂਡਾ ਅਤੇ ਐੱਫ. ਸੀ. ਆਈ. ਗੋਦਾਮ ਟਾਂਡਾ ਦੀ ਅਚਨਚੇਤ ਚੈਕਿੰਗ ਕੀਤੀ। ਮੰਡੀ 'ਚ ਕਣਕ ਦੇ ਚੁੱਕਣ 'ਚ ਕਿਸਾਨਾਂ ਨੂੰ ਆਉਣ ਵਾਲੀਆਂ ਸਮੱਸਿਆਵਾਂ ਦਾ ਹਲ ਕਰਨ ਲਈ ਮੌਕੇ 'ਤੇ ਹਾਜ਼ਰ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਗਈ ਕਿ ਮੰਡੀ 'ਚ ਖਰੀਦ ਪ੍ਰਬੰਧਾਂ 'ਚ ਕੋਈ ਕਮੀ ਪੇਸ਼ੀ ਨਹੀਂ ਹੋਣੀ ਚਾਹੀਦੀ। ਖਰੀਦ ਏਜੈਂਸੀਆਂ ਨੂੰ ਹਦਾਇਤ ਕੀਤੀ ਗਈ ਕਿ ਖਰੀਦ ਕੀਤੀ ਕਣਕ ਦੀ ਛੇਤੀ ਤੋਂ ਛੇਤੀ ਲਿਫਟਿੰਗ ਕਰਵਾਈ ਜਾਵੇ। ਇਸ ਮੌਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੀ ਕਣਕ ਸੁਕਾ ਕੇ ਮੰਡੀ 'ਚ ਲੈ ਕੇ ਆਉਣ ਤਾਂ ਜੋ ਉਸ ਦੀ ਛੇਤੀ ਬੋਲੀ ਲਗਾਈ ਜਾ ਸਕੇ ਅਤੇ ਉਨ੍ਹਾਂ ਨੂੰ ਇਹ ਵੀ ਕਿਹਾ ਗਿਆ ਕਿ ਲਿਫਟਿੰਗ ਹੋਣ ਤੱਕ ਉਹ ਆਪਣੀ ਢੇਰੀ 'ਤੇ ਰਹਿਣ ਤਾਂ ਜੋ ਭਾਰ ਤੋਲ ਦੇ 'ਚ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਾ ਆਵੇ। ਕਿਸਾਨਾਂ ਦੇ ਮੰਡੀ 'ਚ ਰਹਿਣ ਦੌਰਾਨ ਉਨ੍ਹਾਂ ਲਈ ਪੀਣ ਦੇ ਪਾਣੀ, ਟਾਇਲਟ ਆਦਿ ਲਈ ਸਕੱਤਰ ਮਾਰਕੀਟ ਕਮੇਟੀ ਨੂੰ ਹਦਾਇਤ ਦਿੱਤੀ ਗਈ। 
ਟਰੱਕ ਆਪਰੇਟਰ ਨਾਲ ਗੱਲ ਕਰਨ ਤੋਂ ਬਾਅਦ ਉੱਪ ਮੰਡਲ ਮੈਜਿਸਟ੍ਰੇਟ ਵੱਲੋਂ ਐੱਫ. ਸੀ. ਆਈ. ਗੋਦਾਮ ਟਾਂਡਾ ਦਾ ਵੀ ਦੌਰਾ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਲਾਈਨ 'ਚ ਲੱਗੇ ਟਰੱਕ ਡਰਾਈਵਰਾਂ ਦੀਆਂ ਸਮੱਸਿਆਵਾਂ ਨੂੰ ਸੁਣਿਆ ਅਤੇ ਗੋਦਾਮ 'ਚ ਆ ਰਹੀ ਅਨ ਲੋਡਿੰਗ ਦੀ ਸਮੱਸਿਆ ਨੂੰ ਦੂਰ ਕਰਨ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਜਾਣੂ ਕਰਾਇਆ। ਇਸ ਮੌਕੇ ਮਾਰਕੀਟ ਕਮੇਟੀ ਦੇ ਸਕੱਤਰ ਸੁੱਚਾ ਸਿੰਘ, ਸੁਰਿੰਦਰ ਜੀਤ ਸਿੰਘ ਆਦਿ ਮੌਜੂਦ ਸਨ।