ਕੜਾਕੇ ਦੀ ਠੰਡ ਕਣਕ ਦੀ ਫਸਲ ਲਈ ਲਾਹੇਵੰਦ ਪਰ ਸਬਜ਼ੀ ਕਾਸ਼ਤਕਾਰਾਂ ''ਚ ਸਹਿਮ

01/10/2017 7:07:54 PM

ਮੰਡੀ ਰੋੜਾਂਵਾਲੀ (ਜਗਮੀਤ) : ਪੂਰੇ ਸੂਬੇ ਸਮੇਤ ਉੱਤਰੀ ਭਾਰਤ ''ਚ ਪੈ ਰਹੀ ਕੜਾਕੇ ਦੀ ਠੰਢ ਅਤੇ ਸੰਘਣੇ ਕੋਹਰੇ ਨੇ ਜਿੱਥੇ ਆਮ ਜਨਜੀਵਨ ਨੂੰ ਪ੍ਰਭਾਵਿਤ ਕੀਤਾ ਹੈ, ਉੱਥੇ ਹੀ ਇਹ ਕੜਾਕੇ ਦੀ ਠੰਢ ਕਣਕ ਦੀ ਫਸਲ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਹੈ। ਜਾਣਕਾਰੀ ਅਨੁਸਾਰ ਇਸ ਮੌਕੇ ਕਣਕ ਦੀ ਫਸਲ ਜ਼ਿਆਦਾ ਵੱਧ ਫੁੱਲ ਰਹੀ ਹੈ ਅਤੇ ਕੋਈ ਵੀ ਜ਼ਿਆਦਾ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪ੍ਰਭਾਵਿਤ ਵੀ ਨਹੀਂ ਹੈ। ਜਿਸ ਕਰਕੇ ਕਿਸਾਨਾਂ ਦੇ ਚਹਿਰਿਆਂ ''ਤੇ ਰੌਣਕ ਮਹਿਸੂਸ ਕੀਤੀ ਜਾ ਰਹੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਵਾਰ ਠੰਢ ਕਾਫੀ ਦੇਰੀ ਨਾਲ ਪੈ ਰਹੀ ਹੈ ਜਿਸ ਕਰਕੇ ਉਨ੍ਹਾਂ ਨੂੰ ਪਹਿਲਾਂ ਡਰ ਸੀ ਕਿ ਇਸ ਵਾਰ ਜੇ ਜ਼ਿਆਦਾ ਠੰਡ ਨਹੀਂ ਪੈਂਦੀ ਹੈ ਤਾਂ ਕਣਕ ਦੇ ਝਾੜ ''ਤੇ ਬੁਰਾ ਅਸਰ ਪੈ ਸਕਦਾ ਸੀ ਪਰ ਕਿਸਾਨਾਂ ''ਚ ਇਕ ਉਮੀਦ ਜਾਗ ਪਈ ਹੈ, ਦਿਨੋ ਦਿਨ ਸਰਦੀ ਦਾ ਪਾਰਾ ਥੱਲੇ ਜਾ ਰਿਹਾ ਹੈ। ਜਿਸ ਕਰਕੇ ਕਣਕ ਦੀ ਫਸਲ ਵਧੀਆ ਹੋਣ ਕਰਕੇ ਝਾੜ ਵੀ ਵਧੀਆ ਨਿਕਲ ਸਕਦਾ ਹੈ।
ਕੀ ਕਹਿਣਾ ਹੈ ਕਿਸਾਨਾਂ ਦਾ
ਇਸ ਸਬੰਧੀ ਜਦਂੋ ਇਲਾਕੇ ਦੇ ਕਿਸਾਨ ਆਗੂ ਜਗਸੀਰ ਸਿੰਘ ਘੋਲਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਭਾਵੇਂ ਇਸ ਵਾਰ ਪਿਛਲੇ ਸਾਲਾਂ ਨਾਲੋਂ ਦੇਰੀ ਨਾਲ ਹੀ ਭਾਰੀ ਸਰਦੀ ਦੀ ਸ਼ੁਰੂਆਤ ਹੋਈ ਹੈ ਪਰ ਫਿਰ ਵੀ ਉਨ੍ਹਾਂ ਨੂੰ ਉਮੀਦ ਹੈ ਕਿ ਪਿਛਲੇ ਚਾਰ ਦਿਨ ਤੋਂ ਪੈ ਰਹੀ ਕੜਾਕੇ ਦੀ ਠੰਡ ਨਾਲ ਕਣਕ ਫਸਲ ਦੇ ਝਾੜ ''ਤੇ ਵਾਧਾ ਹੋਵੇਗਾ। ਘੋਲਾ ਨੇ ਦੱਸਿਆ ਕਿ ਅਗਰ ਕੁਝ ਹੀ ਦਿਨਾਂ ਅੰਦਰ ਬਾਰਿਸ਼ ਹੁੰਦੀ ਹੈ ਤਾਂ ਉਹ ਬਾਰਿਸ਼ ਕਣਕ ਦੀ ਫਸਲ ਉੱਪਰ ਸੋਨੇ ''ਤੇ ਸੁਹਾਗਾਂ ਵਾਂਗ ਸਾਬਿਤ ਹੋਵੇਗੀ।
ਸਬਜੀਆਂ ਬੀਜਣ ਵਾਲੇ ਕਿਸਾਨਾਂ ''ਚ ਸਹਿਮ ਦਾ ਮਾਹੋਲ
ਉਧਰ ਇਸ ਵਾਰ ਪਹਿਲਾਂ ਹੀ ਸਬਜੀ ਦੇ ਭਾਵਾਂ ਦੀ ਮੰਦੀ ਦਾ ਸ਼ਿਕਾਰ ਹੋ ਚੁੱਕੇ ਕਿਸਾਨਾਂ ''ਚ ਪੈ ਰਹੀ ਕੜਾਕੇ ਦੀ ਠੰਡ ਕਾਰਨ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸਬਜੀ ਬੀਜਣ ਵਾਲੇ ਕਿਸਾਨ ਹੰਸ ਰਾਜ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਸਬਜੀ ਦੇ ਮੰਦੇ ਰੇਟਾਂ ਕਾਰਨ ਉਨ੍ਹਾਂ ਨੂੰ ਕਾਫੀ ਹਾਨੀ ਪਹੁੰਚ ਚੁੱਕੀ ਹੈ ਅਤੇ ਹੁਣ ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਵਾਰ ਰੱਬ ਵੀ ਉਨ੍ਹਾਂ ਨਾਲ ਨਾਰਾਜ਼ ਨਾ ਹੋ ਜਾਏ। ਕਿਸਾਨ ਦਾ ਕਹਿਣਾ ਹੈ ਜੇ ਕੁਝ ਅਗਲੇ ਦਿਨਾਂ ਤੱਕ ਇਸੇ ਤਰ੍ਹਾਂ ਹੀ ਕੜਾਕੇ ਦੀ ਠੰਡ ਅਤੇ ਕੋਹਰਾ ਜਾਰੀ ਰਿਹਾ ਤਾਂ ਉਨ੍ਹਾਂ ਦੀ ਸਬਜੀ ਦੀ ਫਸਲ ਬਰਾਬਾਦ ਹੋ ਜਾਵੇਗੀ।
ਕੀ ਕਹਿਣਾ ਹੈ ਖੇਤੀਬਾੜੀ ਅਫਸਰ ਸਰਵਨ ਕੁਮਾਰ ਦਾ
ਪੈ ਰਹੀ ਕੜਾਕੇ ਦੀ ਠੰਡ ਅਤੇ ਕੋਹਰੇ ਸਬੰਧੀ ਜਦੋਂ ਬਲਾਕ ਜਲਾਲਾਬਾਦ ਦੇ ਖੇਤੀਬਾੜੀ ਅਫਸਰ ਸਰਵਨ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਹ ਠੰਡ ਜਿੱਥੇ ਕਣਕ ਦੀ ਫਸਲ ਲਈ ਲਾਹੇਵੰਦ ਸਾਬਿਤ ਹੋ ਰਹੀ ਹੈ, ਉੱਥੇ ਹੀ ਜੇ ਆਉਣ ਵਾਲੇ 10 ਤੋਂ 15 ਦਿਨ ਤੱਕ ਠੰਡ ਇਸੇ ਤਰ੍ਹਾਂ ਪੈਂਦੀ ਰਹੀ ਤਾਂ ਸਬਜੀਆਂ ਦੀ ਫਸਲ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ। ਉਨ੍ਹਾਂ ਕਿਹਾ ਕਿ ਇਲਾਕੇ ਅੰਦਰ ਇਸ ਵਾਰ ਕਣਕ ਦੀ ਫਸਲ ਨੂੰ ਕਿਸੇ ਵੀ ਤਰ੍ਹਾਂ ਦੀਆਂ ਜ਼ਿਆਦਾ ਬਿਮਾਰੀਆਂ ਨਹੀਂ ਲੱਗੀਆਂ ਹਨ।

Gurminder Singh

This news is Content Editor Gurminder Singh