ਰੌਲੀ ਵਿਖੇ 6 ਕਨਾਲ ’ਚ ਕੱਟ ਕੇ ਰੱਖੀ ਕਣਕ ਦੀ ਫ਼ਸਲ ਤੇ 5 ਏਕੜ ’ਚ ਖੜ੍ਹੀ ਨਾੜ ਅੱਗ ਦੀ ਭੇਟ ਚੜ੍ਹੀ

04/29/2023 12:58:06 PM

ਨੂਰਪੁਰਬੇਦੀ (ਭੰਡਾਰੀ)-ਖੇਤਰ ਦੇ ਪਿੰਡ ਰੌਲੀ ਵਿਖੇ ਸ਼ੁੱਕਰਵਾਰ ਦੁਪਹਿਰ ਸਮੇਂ ਅਚਾਨਕ ਬਿਜਲੀ ਦੀਆਂ ਤਾਰਾਂ ’ਚ ਹੋਈ ਸਪਾਰਕਿੰਗ ਉਪਰੰਤ 3 ਕਿਸਾਨਾਂ ਦੀ 6 ਕਨਾਲ ’ਚ ਕੱਟ ਕੇ ਰੱਖੀ ਕਣਕ ਦੀ ਫ਼ਸਲ ਜਦਕਿ ਪਿੰਡ ਦੇ ਕੁਝ ਹੋਰਨਾਂ ਕਿਸਾਨਾਂ ਦੀ 5 ਏਕੜ ’ਚ ਖੜ੍ਹੀ ਨਾੜ ਅੱਗ ਦੀ ਭੇਟ ਚੜ੍ਹ ਗਈ। ਉਕਤ ਅਗਜਨੀ ਦੀ ਘਟਨਾ ਦਾ ਪਤਾ ਚੱਲਣ ’ਤੇ ਹਲਕਾ ਵਿਧਾਇਕ ਦਿਨੇਸ਼ ਚੱਢਾ ਵੱਲੋਂ 'ਆਪ' ਆਗੂਆਂ ਦੀ ਟੀਮ ਤੋਂ ਇਲਾਵਾ ਨਾਇਬ ਤਹਿਸੀਲਦਾਰ ਨੂਰਪੁਰਬੇਦੀ ਰੀਤੂ ਕਪੂਰ ਅਤੇ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ. ਬਿਕਰਮ ਸੈਣੀ ਨੂੰ ਭੇਜਿਆ ਗਿਆ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 2 ਤੋਂ ਢਾਈ ਵਜੇ ਦੇ ਦਰਮਿਆਨ ਅਚਾਨਕ ਬਿਜਲੀ ਦੀਆਂ ਤਾਰਾਂ ’ਚੋਂ ਸਪਾਰਕਿੰਗ ਹੋਣ ਕਾਰਨ ਕਿਸਾਨਾਂ ਦੀ ਕੱਟ ਕੇ ਰੱਖੀ ਕਣਕ ਦੀ ਫ਼ਸਲ ਨੂੰ ਅੱਗ ਪੈ ਗਈ। ਮੌਕੇ ’ਤੇ ਪਹੁੰਚੇ ਪਿੰਡ ਵਾਸੀਆਂ ਨੇ ਕਾਫ਼ੀ ਜੱਦੋ-ਜਹਿਦ ਨਾਲ ਟ੍ਰੈਕਟਰਾਂ ਰਾਹੀਂ ਖੇਤ ਵਾਹ ਕੇ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਸਥਾਨਕ ਥਾਨੇ ਵਿਖੇ ਖੜ੍ਹੀ ਪੀਰ ਬਾਬਾ ਜ਼ਿੰਦਾ ਸ਼ਹੀਦ ਸੋਸਾਇਟੀ ਦੀ ਫਾਇਰ ਬ੍ਰਿਗੇਡ ਨੂੰ ਵੀ ਭੇਜਿਆ ਗਿਆ ਜਿਸ ਨੇ ਅੱਗ ਬੁਝਾਉਣ ਦੇ ਕੰਮ ’ਚ ਸਹਿਯੋਗ ਦਿੱਤਾ। ਪਿੰਡ ਵਾਸੀਆਂ ਅਨੁਸਾਰ ਜੇਕਰ ਜਲਦ ਅੱਗ ’ਤੇ ਕਾਬੂ ਨਾ ਪਾਇਆ ਜਾਂਦਾ ਤਾਂ ਹੋਰਨਾਂ ਕਿਸਾਨਾਂ ਦਾ ਵੀ ਵੱਡਾ ਨੁਕਸਾਨ ਹੋ ਸਕਦਾ ਸੀ।

ਇਹ ਵੀ ਪੜ੍ਹੋ : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰ-ਹਾਜ਼ਰੀ ਪੰਜਾਬ ਤੇ ਅਕਾਲੀ ਦਲ ਦੇ ਭਵਿੱਖ ਨੂੰ ਕਰੇਗੀ ਪ੍ਰਭਾਵਿਤ

ਮੌਕੇ ’ਤੇ ਪਹੁੰਚੀ ਨਾਇਬ ਤਹਿਸੀਲਦਾਰ ਰੀਤੂ ਕਪੂਰ ਅਤੇ ਪਟਵਾਰੀ ਕੁਲਦੀਪ ਸਿੰਘ ਛੱਜਾ ਨੇ ਦੱਸਿਆ ਕਿ ਇਸ ਅਗਜਨੀ ਦੀ ਘਟਨਾ ਦੌਰਾਨ ਪਿੰਡ ਰੌਲੀ ਦੇ ਕਿਸਾਨ ਦੀਦਾਰ ਸਿੰਘ ਪੁੱਤਰ ਦੁਰਗਾ ਦੀ 4 ਕਨਾਲ ’ਚ ਵੱਡੀ ਪਈ ਕਣਕ ਜਦਕਿ ਇਸੀ ਪਿੰਡ ਦੇ ਦੋ ਕਿਸਾਨਾਂ ਦਰਸ਼ਨ ਸਿੰਘ ਪੁੱਤਰ ਬਲਵੀਰ ਸਿੰਘ ਅਤੇ ਪਰਮਜੀਤ ਕੌਰ ਪਤਨੀ ਜੀਤ ਦੀ 2 ਕਨਾਲ ਸਮੇਤ ਕੁੱਲ 4 ਕਨਾਲ ਜ਼ਮੀਨ ’ਚ ਪਈ ਕਣਕ ਦੀ ਫ਼ਸਲ ਅੱਗ ਦੀ ਭੇਟ ਚੜ੍ਹ ਗਈ। ਇਸੇ ਤਰ੍ਹਾਂ ਪਿੰਡ ਦੇ ਹੋਰਨਾਂ ਕਿਸਾਨਾਂ ਦੀ 5 ਏਕੜ ਫ਼ਸਲ ਦੀ ਨਾੜ ਨੂੰ ਵੀ ਅੱਗ ਲੱਗ ਗਈ। ਨਾਇਬ ਤਹਿਸੀਲਦਾਰ ਰੀਤੂ ਕਪੂਰ ਅਨੁਸਾਰ ਕਿਸਾਨਾਂ ਦੇ ਉਕਤ ਨੁਕਸਾਨ ਦੀ ਰਿਪੋਰਟ ਬਣਾ ਕੇ ਜ਼ਿਲ੍ਹਾ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਮੁਆਵਜ਼ੇ ਲਈ ਵਿਚਾਰਿਆ ਜਾ ਸਕੇ।

ਕੀ ਕਹਿਣਾ ਹੈ ਪਾਵਰਕਾਮ ਵਿਭਾਗ ਦੇ ਐੱਸ. ਡੀ. ਓ.
ਇਸ ਸਬੰਧ ’ਚ ਪਾਵਰਕਾਮ ਵਿਭਾਗ ਦੇ ਸਿੰਘਪੁਰ ਦਫ਼ਤਰ ਵਿਖੇ ਤਾਇਨਾਤ ਐੱਸ. ਡੀ. ਓ. ਬਿਕਰਮ ਸੈਣੀ ਨੇ ਆਖਿਆ ਕਿ ਅਚਾਨਕ ਹਵਾ ਚੱਲਣ ਕਾਰਨ ਬਿਜਲੀ ਤਾਰਾਂ ਦੇ ਆਪਸ ’ਚ ਟਕਰਾਉਣ ਕਾਰਨ ਉਕਤ ਘਟਨਾ ਹੋਈ ਦੱਸੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਵਿਭਾਗ ਵੱਲੋਂ ਪੂਰੀ ਤਰ੍ਹਾਂ ਮੁਸਤੈਦੀ ਨਾਲ ਕੰਮ ਕੀਤਾ ਜਾ ਰਿਹਾ ਹੈ ਅਤੇ ਸਮੇਂ-ਸਮੇਂ ਪਰ ਹਵਾ ਚੱਲਣ ’ਤੇ ਬਿਜਲੀ ਬੰਦ ਰੱਖੀ ਜਾਂਦੀ ਹੈ।

ਇਹ ਵੀ ਪੜ੍ਹੋ : ਵ੍ਹੀਲ ਚੇਅਰ 'ਤੇ ਰਹਿਦੀ ਹੈ ਦਿਵਿਆਂਗ ਦਿਵਿਆ, ਮੁਸ਼ਕਿਲ ਨਾਲ ਫੜਦੀ ਹੈ ਪੈੱਨ, ਹਾਸਲ ਕੀਤਾ ਵੱਡਾ ਮੁਕਾਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ

shivani attri

This news is Content Editor shivani attri