ਦੇਹ ਵਪਾਰ ਦੇ ਅੱਡਿਆਂ ਦਾ ਗੜ੍ਹ ਬਣ ਚੁੱਕਿਐ ਜਲੰਧਰ ਦਾ ਵੈਸਟ ਹਲਕਾ, ਇਨ੍ਹਾਂ ਮੁਹੱਲਿਆਂ ’ਚ ਚੱਲ ਰਿਹੈ ਗਲਤ ਕੰਮ

02/08/2023 6:39:49 PM

ਜਲੰਧਰ (ਸੁਰਿੰਦਰ)–ਵੈਸਟ ਹਲਕੇ ਵਿਚ ਦੇਹ ਵਪਾਰ ਦਾ ਧੰਦਾ ਇਸ ਸਮੇਂ ਪੂਰੇ ਜ਼ੋਰ-ਸ਼ੋਰ ਨਾਲ ਵਧ-ਫੁੱਲ ਰਿਹਾ ਹੈ। ਵੈਸਟ ਹਲਕੇ ਵਿਚ 15 ਤੋਂ ਵੱਧ ਦੇਹ ਵਪਾਰ ਦੇ ਅੱਡੇ ਹਨ, ਜਿਨ੍ਹਾਂ ਨੂੰ ਔਰਤਾਂ ਤਾਂ ਚਲਾਉਂਦੀਆਂ ਹੀ ਹਨ, ਨਾਲ ਉਨ੍ਹਾਂ ਅੱਗੇ ਦਲਾਲ ਰੱਖੇ ਹੋਏ ਹਨ, ਜਿਹੜੇ ਗਾਹਕਾਂ ਨੂੰ ਬੁਲਾਉਂਦੇ ਹਨ। ਇਸ ਕਾਰਨ 15 ਤੋਂ ਵੱਧ ਇਲਾਕਿਆਂ ਦੇ ਲੋਕ ਕਾਫ਼ੀ ਪ੍ਰੇਸ਼ਾਨ ਹਨ ਪਰ ਬੇਵੱਸ ਇਸ ਗੱਲ ਨੂੰ ਲੈ ਕੇ ਹਨ ਕਿ ਜੇਕਰ ਕਿਸੇ ਵੀ ਥਾਂ ’ਤੇ ਸ਼ਿਕਾਇਤ ਕਰਦੇ ਹਨ ਤਾਂ ਸੁਣਵਾਈ ਨਹੀਂ ਹੁੰਦੀ ਅਤੇ ਨਾ ਹੀ ਕੋਈ ਕਾਰਵਾਈ ਕੀਤੀ ਜਾਂਦੀ ਹੈ। ਜੇਕਰ ਗਲਤ ਕੰਮ ਕਰਵਾਉਣ ਵਾਲੀਆਂ ਔਰਤਾਂ ਨੂੰ ਰੋਕਿਆ ਜਾਂਦਾ ਹੈ ਤਾਂ ਅੱਗਿਓਂ ਉਨ੍ਹਾਂ ਵੱਲੋਂ ਰੱਖੇ ਦਲਾਲ ਲੜਾਈ-ਝਗੜਾ ਤੱਕ ਕਰਨ ਲੱਗ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਪੁਲਸ ਵੱਲੋਂ ਵੀ ਕਈ ਵਾਰ ਰੇਡ ਕੀਤੀ ਗਈ ਪਰ ਬੇਰੰਗ ਹੀ ਮੁੜ ਗਈ। ਪੁਲਸ ਦੇ ਆਉਣ ਦੀ ਸੂਚਨਾ ਪਹਿਲਾਂ ਹੀ ਮਿਲ ਜਾਂਦੀ ਹੈ। ਲੋਕਾਂ ਨੇ ਕਿਹਾ ਕਿ ਵੈਸਟ ਹਲਕੇ ਵਿਚ ਹੋਣ ਵਾਲੇ ਗਲਤ ਕੰਮ ਨੂੰ ਰੋਕਣ ਲਈ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਦਖ਼ਲਅੰਦਾਜ਼ੀ ਕਰਨੀ ਹੋਵੇਗੀ, ਨਹੀਂ ਤਾਂ ਇਨ੍ਹਾਂ ਇਲਾਕਿਆਂ ਵਿਚ ਕੋਈ ਮਕਾਨ ਅਤੇ ਜਗ੍ਹਾ ਨਹੀਂ ਖ਼ਰੀਦ ਸਕੇਗਾ।

ਇਨ੍ਹਾਂ ਅੱਡਿਆਂ ਕਾਰਨ ਹੋ ਚੁੱਕੀ ਹੈ ਕਈ ਵਾਰ ਲੜਾਈ
ਥਾਣਾ ਬਸਤੀ ਬਾਵਾ ਖੇਲ ਅਧੀਨ ਪੈਂਦੇ ਇਨ੍ਹਾਂ ਇਲਾਕਿਆਂ ਵਿਚ ਕਈ ਵਾਰ ਇਨ੍ਹਾਂ ਅੱਡਿਆਂ ਕਾਰਨ ਲੜਾਈ ਹੋ ਚੁੱਕੀ ਹੈ। ਬਸਤੀ ਪੀਰਦਾਦ ਰੋਡ ਅਤੇ ਬਾਬੂ ਲਾਭ ਸਿੰਘ ਨਗਰ ਦੇ ਲੋਕਾਂ ਨੇ ਦੱਸਿਆ ਕਿ ਗਲਤ ਕੰਮ ਕਰਵਾਉਣ ਵਾਲੀਆਂ ਔਰਤਾਂ ਕੋਲ ਕਈ ਰਸੂਖਦਾਰ ਲੋਕ ਵੀ ਆਉਂਦੇ ਹਨ, ਜਿਸ ਕਾਰਨ ਡਰਦੇ ਮਾਰੇ ਕੋਈ ਕੁਝ ਨਹੀਂ ਬੋਲਦਾ। ਜੇਕਰ ਵਿਰੋਧ ਕੀਤਾ ਜਾਵੇ ਤਾਂ ਉਲਟਾ ਉਨ੍ਹਾਂ ਨੂੰ ਹੀ ਫਸਾਉਣ ਦੀ ਗੱਲ ਕੀਤੀ ਜਾਂਦੀ ਹੈ। ਲੋਕਾਂ ਦਾ ਹੁਣ ਪੁਲਸ ਤੋਂ ਵੀ ਭਰੋਸਾ ਉੱਠ ਚੁੱਕਾ ਹੈ, ਜਿਸ ਕਾਰਨ ਕੋਈ ਵੀ ਸ਼ਿਕਾਇਤ ਕਰਨ ਥਾਣੇ ਨਹੀਂ ਜਾਂਦਾ।

ਇਹ ਵੀ ਪੜ੍ਹੋ : ਬਿਜਲੀ ਬੋਰਡ ਦੇ ਬਕਾਏ ਨੂੰ ਲੈ ਕੇ ਸੁਖਬੀਰ ਬਾਦਲ ਦਾ ਨਵਾਂ ਖ਼ੁਲਾਸਾ, 'ਆਪ' 'ਤੇ ਲਾਏ ਵੱਡੇ ਇਲਜ਼ਾਮ

ਬੱਚਿਆਂ ’ਤੇ ਪੈ ਰਿਹੈ ਗਲਤ ਅਸਰ
ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਦੇਹ ਵਪਾਰ ਦੇ ਧੰਦੇ ਕਾਰਨ ਇਲਾਕੇ ਵਿਚ ਰਹਿਣਾ ਵੀ ਮੁਸ਼ਕਿਲ ਹੋ ਗਿਆ ਹੈ। ਇਲਾਕੇ ਦੇ ਨੇੜੇ ਜਿੱਥੇ ਕਾਫ਼ੀ ਵਧੀਆ ਕਾਲੋਨੀਆਂ ਬਣੀਆਂ ਹੋਈਆਂ, ਉਥੇ ਹੀ ਇਨ੍ਹਾਂ ਕਾਲੋਨੀਆਂ ਦੇ ਆਲੇ-ਦੁਆਲੇ ਜਿਹੜੇ ਮਕਾਨ ਬਣੇ ਹੋਏ ਹਨ, ਉਥੇ ਸ਼ਰੇਆਮ ਸਾਰਾ ਦਿਨ ਗਲਤ ਕੰਮ ਹੁੰਦਾ ਹੈ, ਜਿਸ ਦਾ ਅਸਰ ਬੱਚਿਆਂ ’ਤੇ ਪੈ ਰਿਹਾ ਹੈ। ਰਾਤ ਸਮੇਂ ਕਈ ਵਾਰ ਸ਼ਰਾਬੀ ਮੁਹੱਲੇ ਵਿਚ ਆ ਕੇ ਗਾਲੀ-ਗਲੋਚ ਤੱਕ ਕਰਦੇ ਹਨ। ਸਮਝਾਉਣ ਜਾਈਏ ਤਾਂ ਉਲਟਾ ਲੜਨ ਲੱਗ ਜਾਂਦੇ ਹਨ। ਲੋਕਾਂ ਨੇ ਕਿਹਾ ਕਿ ਕਈ ਅੱਡੇ ਤਾਂ ਅਜਿਹੇ ਤਿਆਰ ਕੀਤੇ ਗਏ ਹਨ ਕਿ ਦਲਾਲ ਸਿਰਫ਼ ਕਮਰਾ ਦੇਣ ਦਾ ਵੀ ਲਾਲਚ ਦਿੰਦੇ ਹਨ। ਇਨ੍ਹਾਂ ਲੋਕਾਂ ਨੇ ਮਕਾਨ ਤਾਂ ਕਿਰਾਏ ’ਤੇ ਲਏ ਹੋਏ ਹਨ, ਉਥੇ ਹੀ ਇਨ੍ਹਾਂ ਮਕਾਨਾਂ ਵਿਚ ਗਲਤ ਕੰਮ ਕਰਨ ਤੋਂ ਵੀ ਝਿਜਕਦੇ ਨਹੀਂ ਹਨ।

ਕੋਡ ਵਰਡ ਵਿਚ ਹੁੰਦੀਆਂ ਹਨ ਗੱਲਾਂ
ਦੇਹ ਵਪਾਰ ਦੇ ਮਸ਼ਹੂਰ ਅੱਡਿਆਂ ’ਤੇ ਜਾਣਾ ਆਸਾਨ ਵੀ ਨਹੀਂ ਹੈ। ਔਰਤਾਂ ਅਤੇ ਦਲਾਲਾਂ ਨੇ ਕੋਡ ਵਰਡ ਰੱਖੇ ਹੋਏ ਹਨ। ਜੇਕਰ ਕੋਈ ਗਾਹਕ ਦਲਾਲ ਅਤੇ ਔਰਤਾਂ ਦਾ ਜਾਣਕਾਰ ਹੈ ਤਾਂ ਉਸ ਨੂੰ ਕਿਸੇ ਵੀ ਹਾਲਤ ਵਿਚ ਰੋਕਿਆ ਨਹੀਂ ਜਾਂਦਾ। ਜੇਕਰ ਗਾਹਕ ਨਾਲ ਕੋਈ ਵੀ ਆਦਮੀ ਆਉਂਦਾ ਹੈ ਤਾਂ ਉਸ ਦੀ ਪੂਰੀ ਪੜਤਾਲ ਕੀਤੀ ਜਾਂਦੀ ਹੈ। ਪਹਿਲੀ ਅਤੇ ਦੂਜੀ ਵਾਰ ਆਏ ਗਾਹਕਾਂ ਨਾਲ ਵੀ ਸਹੀ ਢੰਗ ਨਾਲ ਗੱਲ ਨਹੀਂ ਹੁੰਦੀ। ਦਲਾਲ ਪੁਲਸ ਦੇ ਮੁਖਬਰ ਵੀ ਹਨ। ਜਿਹੜੇ ਸਮਾਂ ਰਹਿੰਦੇ ਪੁਲਸ ਨੂੰ ਹੀ ਸੂਚਿਤ ਕਰ ਦਿੰਦੇ ਹਨ, ਜਿਸ ਨਾਲ ਕਈ ਵਾਰ ਪੁਲਸ ਬਿਨਾਂ ਕਿਸੇ ਨੂੰ ਫੜੇ ਹੀ ਵਾਪਸ ਮੁੜੀ ਹੈ।

ਇਹ ਵੀ ਪੜ੍ਹੋ :  ਡਰੱਗ ਮਾਫ਼ੀਆ ਨੂੰ ਫੜਨ ਲਈ ਅਸਮਾਨ ਤੋਂ ਲੈ ਕੇ ਸਮੁੰਦਰ ਤੱਕ ਐਕਸ਼ਨ 'ਚ ਪੰਜਾਬ ਪੁਲਸ, ਇੰਝ ਕਰ ਰਹੀ ਕਾਰਵਾਈ

ਇਨ੍ਹਾਂ ਮਸ਼ਹੂਰ ਇਲਾਕਿਆਂ ’ਚ ਚੱਲ ਰਹੇ ਦੇਹ ਵਪਾਰ ਦੇ ਅੱਡੇ
ਰਾਜ ਨਗਰ, ਬਸਤੀ ਪੀਰਦਾਦ ਰੋਡ ਦੇ ਦੋਵੇਂ ਪਾਸੇ, ਬਾਬੂ ਲਾਭ ਸਿੰਘ ਨਗਰ, ਪੰਨੂ ਵਿਹਾਰ, ਘਾਹ ਮੰਡੀ, ਕਬੀਰ ਮੰਦਿਰ ਦੇ ਨਾਲ ਗਲੀ ਵਿਚ, ਬਸਤੀ ਪੀਰਦਾਦ ਸਿਲੰਡਰ ਵਾਲੀ ਗਲੀ ’ਚ, ਮਿੱਠੂ ਬਸਤੀ, ਕੱਚਾ ਕੋਟ, ਚੂਨਾ ਭੱਠੀ, ਲੈਦਰ ਕੰਪਲੈਕਸ ਤੋਂ ਪਹਿਲਾਂ ਬਣੇ ਮਕਾਨਾਂ ਵਿਚ, ਸੰਗਲ ਸੋਹਲ, ਵਰਿਆਣਾ, ਸਪੋਰਟਸ ਕਾਲਜ ਦੇ ਸਾਹਮਣੇ ਇਲਾਕੇ ਵਿਚ ਅਤੇ ਬਸਤੀ ਬਾਵਾ ਖੇਲ ਵਿਚ ਸ਼ਰੇਆਮ ਹੀ ਦੇਹ ਵਪਾਰ ਦਾ ਧੰਦਾ ਚੱਲ ਰਿਹਾ ਹੈ।

ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ 
ਥਾਣਾ ਬਸਤੀ ਬਾਵਾ ਖੇਲ ਦੇ ਐੱਸ. ਐੱਚ. ਓ. ਗਗਨਦੀਪ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਕੋਲ ਕੋਈ ਸ਼ਿਕਾਇਤ ਨਹੀਂ ਆਈ ਅਤੇ ਉਨ੍ਹਾਂ ਦੇ ਥਾਣੇ ਵਿਚ ਕੋਈ ਵੀ ਮਹਿਲਾ ਪੁਲਸ ਕਰਮਚਾਰੀ ਨਹੀਂ ਹੈ। ਸ਼ਿਕਾਇਤ ਆਵੇਗੀ ਤਾਂ ਹਰ ਹਾਲਤ ਵਿਚ ਕਾਰਵਾਈ ਵੀ ਹੋਵੇਗੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

shivani attri

This news is Content Editor shivani attri