ਸਰਹਿੰਦ ਨਹਿਰ ਕੰਢੇ ਉੱਗੀ ਘਾਹ ਬੂਟੀ; ਜ਼ਹਿਰੀਲੇ ਜੀਵਾਂ ਦਾ ਡਰ

03/22/2018 12:15:36 AM

ਰੂਪਨਗਰ, (ਵਿਜੇ)- ਸਰਹਿੰਦ ਨਹਿਰ ਕਿਨਾਰੇ ਨਗਰ ਕੌਂਸਲ ਰੋਡ 'ਤੇ ਜੰਗਲੀ ਘਾਹ ਬੂਟੀ ਦੀ ਭਰਮਾਰ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਸਬੰਧ 'ਚ ਸ਼ਹਿਰ ਦੇ ਲੋਕਾਂ ਦਾ ਕਹਿਣਾ ਹੈ ਕਿ ਉਕਤ ਘਾਹ ਬੂਟੀ ਦੇ ਕਾਰਨ ਜਿਥੇ ਜ਼ਹਿਰੀਲੇ ਜੀਵ-ਜੰਤੂਆਂ ਦੇ ਪੈਦਾ ਹੋਣ ਦਾ ਡਰ ਰਹਿੰਦਾ ਹੈ, ਉੱਥੇ ਹੀ ਸਰਹਿੰਦ ਨਹਿਰ ਦੇ ਕਿਨਾਰਿਆਂ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲੱਗ ਰਿਹਾ ਹੈ। ਜਦੋਂਕਿ ਦੇਰ ਸਵੇਰੇ ਇੱਥੋਂ ਸੈਰ ਕਰਦੇ ਸਮੇਂ ਲੰਘਣ ਵਾਲੇ ਲੋਕਾਂ ਨੂੰ ਵੀ ਡਰ ਬਣਿਆ ਰਹਿੰਦਾ ਹੈ। ਸਮਾਜ ਸੇਵੀਆਂ ਅਤੇ ਵਾਤਾਵਰਣ ਪ੍ਰੇਮੀਆਂ ਨੇ ਨਗਰ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਕਤ ਘਾਹ ਬੂਟੀ ਨੂੰ ਤੁਰੰਤ ਕਟਵਾਇਆ ਜਾਵੇ। ਉਕਤ ਦੇ ਸਬੰਧ 'ਚ ਜਦੋਂ ਨਗਰ ਕੌਂਸਲ ਦੇ ਸਫਾਈ ਸੁਪਰਵਾਈਜ਼ਰ ਮਹਿੰਦਰ ਕੁਮਾਰ ਪਟਵਾਰੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਜਲਦ ਹੀ ਜੰਗਲੀ ਬੂਟੀ ਨੂੰ ਕਟਵਾ ਦਿੱਤਾ ਜਾਵੇਗਾ।