ਮੌਸਮ ਨੇ ਲਈ ਕਰਵਟ, ਆਉਣ ਵਾਲੇ ਦਿਨਾਂ 'ਚ ਪਏਗਾ ਮੀਂਹ

09/21/2019 9:30:40 AM

ਚੰਡੀਗੜ੍ਹ (ਯੂ. ਐੱਨ.ਆਈ.) : ਪੱਛਮ-ਉੱਤਰੀ ਖੇਤਰ ਵਿਚ ਬੀਤੇ 24 ਘੰਟਿਆਂ 'ਚ ਇਕ ਦੋ ਥਾਵਾਂ 'ਤੇ ਮੀਂਹ ਪਿਆ ਅਤੇ ਮੌਸਮ ਕੇਂਦਰ ਅਨੁਸਾਰ ਖੇਤਰ ਵਿਚ ਅਗਲੇ 5 ਦਿਨਾਂ ਤੱਕ ਕਿਤੇ-ਕਿਤੇ ਮੀਂਹ ਪੈਣ ਦੀ ਸੰਭਾਵਨਾ ਹੈ। ਸਿਰਫ ਪਠਾਨਕੋਟ 'ਚ 44 ਐੱਮ.ਐੱਮ. ਮੀਂਹ ਪਿਆ। ਹਿਮਾਚਲ ਪ੍ਰਦੇਸ਼ ਵਿਚ ਸ਼ਿਮਲਾ ਸਮੇਤ ਕੁਝ ਥਾਵਾਂ 'ਤੇ ਮੀਂਹ ਪਿਆ। ਸ਼ਿਮਲਾ ਵਿਚ ਸ਼ੁੱਕਰਵਾਰ ਦੁਪਹਿਰ ਨੂੰ ਤੇਜ਼ ਮੀਂਹ ਪੈਣ ਨਾਲ ਮੌਸਮ ਠੰਡਾ ਹੋ ਗਿਆ। ਕਾਂਗੜਾ ਵਿਚ 23 ਐੱਮ.ਐੱਮ., ਮਨਾਲੀ ਵਿਚ 15 ਐੱਮ.ਐੱਮ., ਧਰਮਸ਼ਾਲਾ ਵਿਚ 12 ਐੱਮ.ਐੱਮ., ਬੈਜਨਾਥ 13 ਐੱਮ.ਐੱਮ., ਕਸੌਲੀ 3 ਐੱਮ.ਐੱਮ., ਪਾਲਮਪੁਰ 28 ਐੱਮ.ਐੱਮ. ਸਮੇਤ ਕਿਤੇ-ਕਿਤੇ ਮੀਂਹ ਪਿਆ।

ਮੌਸਮ ਕੇਂਦਰ ਅਨੁਸਾਰ ਅਗਲੇ 2 ਦਿਨਾਂ ਵਿਚ ਚੰਬਾ, ਕਾਂਗੜਾ, ਕੁੱਲੂ, ਮੰਡੀ, ਸ਼ਿਮਲਾ, ਊਨਾ ਅਤੇ ਬਿਲਾਸਪੁਰ ਵਿਚ ਮੀਂਹ ਦੇ ਆਸਾਰ ਹਨ ਅਤੇ 26 ਸਤੰਬਰ ਤੱਕ ਸੂਬੇ ਵਿਚ ਮੀਂਹ ਦਾ ਮੌਸਮ ਬਣਿਆ ਰਹਿਣ ਦੀ ਸੰਭਾਵਨਾ ਹੈ। ਸ਼ਿਮਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਬੀਤੇ 24 ਘੰਟਿਆਂ ਵਿਚ ਧਰਮਸ਼ਾਲਾ ਅਤੇ ਆਸ-ਪਾਸ ਦੇ ਇਲਾਕਿਆਂ ਵਿਚ ਜੰਮ ਕੇ ਮੀਂਹ ਪਿਆ। ਨੂਰਪੁਰ ਵਿਚ ਜ਼ਮੀਨ ਖਿਸਕਣ ਨਾਲ 20 ਮਕਾਨਾਂ ਨੂੰ ਖਤਰਾ ਅਤੇ ਹਿਮਾਨੀ ਚਾਮੁੰਡਾ ਵਿਚ ਆਸਮਾਨੀ ਬਿਜਲੀ ਡਿੱਗਣ ਨਾਲ ਚਰਵਾਹਾ ਪ੍ਰੀਤਮ ਚੰਦ ਜ਼ਖ਼ਮੀ ਹੋ ਗਿਆ ਅਤੇ ਉਸ ਦੀਆਂ 150 ਦੇ ਕਰੀਬ ਭੇਡ-ਬੱਕਰੀਆਂ ਮਰ ਗਈਆਂ। ਓਧਰ ਚੰਡੀਗੜ੍ਹ ਦਾ ਘੱਟ ਤੋਂ ਘੱਟ ਪਾਰਾ 23 ਡਿਗਰੀ, ਅੰਬਾਲਾ, ਹਿਸਾਰ, ਲੁਧਿਆਣਾ, ਆਦਮਪੁਰ, ਪਠਾਨਕੋਟ, ਹਲਵਾਰਾ, ਬਠਿੰਡਾ ਦਾ ਪਾਰਾ 23 ਡਿਗਰੀ, ਕਰਨਾਲ 22 ਡਿਗਰੀ, ਨਾਰਨੌਲ 24, ਰੋਹਤਕ 24, ਭਿਵਾਨੀ 25, ਪਟਿਆਲਾ 24 ਅਤੇ ਦਿੱਲੀ ਦਾ ਪਾਰਾ 23 ਡਿਗਰੀ ਸੈਲਸੀਅਸ ਰਿਹਾ। ਸ਼੍ਰੀਨਗਰ 13 ਅਤੇ ਜੰਮੂ ਦਾ ਪਾਰਾ 23 ਡਿਗਰੀ ਰਿਹਾ।

cherry

This news is Content Editor cherry