ਕਿਸਾਨਾਂ ਨੂੰ ਹਰ ਹਾਲਤ ''ਚ ਮਿਲੇਗੀ 8 ਘੰਟੇ ਬਿਜਲੀ

06/27/2018 6:47:52 AM

ਪਟਿਆਲਾ (ਜੋਸਨ) - ਪੰਜਾਬ ਰਾਜ ਬਿਜਲੀ ਨਿਗਮ ਦੇ ਚੇਅਰਮੈਨ-ਕਮ-ਚੀਫ ਮੈਨੇਜਿੰਗ ਡਾਇਰੈਕਟਰ ਇੰਜੀਨੀਅਰ ਬਲਦੇਵ ਸਿੰਘ ਸਰਾਂ ਨੇ ਅੱਜ ਆਖਿਆ ਕਿ ਕਿਸੇ ਵੀ ਕਿਸਾਨ ਦੀ ਮੋਟਰ 'ਤੇ ਬਿਜਲੀ ਬਿੱਲ ਨਹੀਂ ਲਾਏ ਜਾ ਰਹੇ ਹਨ। ਉਨ੍ਹਾਂ 10 ਕਿੱਲੇ ਤੋਂ ਵੱਧ ਬਿਜਲੀ ਬਿੱਲ ਲਾਉਣ ਦੀਆਂ ਅਫਵਾਹਾਂ ਨੂੰ ਮੁੱਢੋਂ ਹੀ ਰੱਦ ਕਰ ਦਿੱਤਾ ਹੈ।ਅੱਜ ਇਥੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਇੰਜੀ. ਬਲਦੇਵ ਸਿੰਘ ਸਰਾਂ ਨੇ ਕਿਹਾ ਕਿ ਕਿਸਾਨਾਂ ਨੂੰ ਬਿਜਲੀ ਮੁਫ਼ਤ ਦੇਣ ਦਾ ਫ਼ੈਸਲਾ ਪੰਜਾਬ ਸਰਕਾਰ ਦਾ ਹੈ। ਸਰਕਾਰ ਹਰ ਸਾਲ ਬਾਕਾਇਦਾ ਮੁਫ਼ਤ ਬਿਜਲੀ ਲਈ ਪਾਵਰਕਾਮ ਨੂੰ ਸਬਸਿਡੀ ਦਿੰਦੀ ਹੈ। ਕੁੱਝ ਲੋਕਾਂ ਨੂੰ ਅਫਵਾਹਾਂ ਉਡਾਉਣ ਦਾ ਚਾਅ ਚੜ੍ਹਿਆ ਰਹਿੰਦਾ ਹੈ ਪਰ ਇਹ ਬਿਲਕੁੱਲ ਗਲਤ ਹੈ। ਚੇਅਰਮੈਨ ਸਰਾਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੂੰ ਪੂਰੇ 8 ਘੰਟੇ ਬਿਜਲੀ ਸਪਲਾਈ ਜਾ ਰਹੀ ਹੈ। ਜੇਕਰ ਕਿਸੇ ਕਾਰਨ ਕਿਸੇ ਦਿਨ ਬਿਜਲੀ ਸਪਲਾਈ ਥੋੜ੍ਹੀ-ਬਹੁਤ ਘਟ ਜਾਂਦੀ ਹੈ ਤਾਂ ਉਹ ਅਗਲੇ ਦਿਨ 8 ਘੰਟੇ ਤੋਂ ਵੱਧ ਦੇ ਕੇ ਪੂਰੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਕੈਟਾਗਰੀ 'ਤੇ ਕੋਈ ਵੀ ਕੱਟ ਨਹੀਂ ਲਾਇਆ ਜਾ ਰਿਹਾ ਹੈ। ਬਿਜਲੀ ਨਿਗਮ ਕੋਲ ਪਹਿਲਾਂ ਹੀ ਮੰਗ ਨਾਲੋਂ ਵੱਧ ਸਪਲਾਈ ਦੇ ਇੰਤਜ਼ਾਮ ਕੀਤੇ ਗਏ ਹਨ।