ਜਲ ਸਪਲਾਈ ਕਾਮਿਆਂ ਨੇ ਪਾਣੀ ਦੀਆਂ ਟੈਂਕੀਆਂ ਦੀ ਸਪਲਾਈ ਬੰਦ ਕਰ ਕੇ ਚਾਬੀਆਂ ਵਿਭਾਗ ਨੂੰ ਸੌਂਪੀਆਂ

08/04/2021 12:18:12 AM

ਪਟਿਆਲਾ/ਰੱਖੜਾ(ਜ. ਬ.)- ਸੂਬੇ ਅੰਦਰ ਪਿਛਲੇ ਕਈ ਦਿਨਾਂ ਤੋਂ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟਰ ਵਰਕਰਜ਼ ਯੂਨੀਅਨ ਦਾ ਸੂਬਾ ਪੱਧਰੀ ਰੋਸ ਧਰਨਾ ਪਟਿਆਲਾ-ਨਾਭਾ ਰੋਡ ’ਤੇ ਸਥਿਤ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਦੇ ਮੁੱਖ ਦਫਤਰ ਅੱਗੇ ਚੱਲ ਰਿਹਾ ਹੈ। ਸਰਕਾਰ ਪ੍ਰਤੀ ਮੁਲਾਜ਼ਮਾਂ ਦਾ ਦਿਨ-ਪ੍ਰਤੀ-ਦਿਨ ਗੁੱਸਾ ਹੋਰ ਵੱਧਦਾ ਜਾ ਰਿਹਾ ਹੈ, ਕਿਉਂਕਿ ਪੰਜਾਬ ਸਰਕਾਰ ਨੇ 66000 ਮੁਲਾਜ਼ਮਾਂ ਨੂੰ ਰੈਗੂਲਰ ਕਰਨ ਲਈ ਮਾਮਲਾ ਵਿਚਾਰ ਅਧੀਨ ਰੱਖਿਆ ਹੈ। ਇਸ ’ਚੋਂ ਇਨਲਿਸਟਮੈਂਟ, ਕੰਪਨੀ, ਆਊਟਸੋਰਸਿਜ਼ ਵਾਲੇ 1.50 ਲੱਖ ਮੁਲਾਜ਼ਮਾਂ ਨੂੰ ਬਾਹਰ ਰੱਖਿਆ ਹੈ, ਜਿਸ ਨੂੰ ਲੈ ਕੇ ਸਰਕਾਰ ਪ੍ਰਤੀ ਰੋਹ ਪ੍ਰਚੰਡ ਹੁੰਦਾ ਜਾ ਰਿਹਾ ਹੈ। ਅੱਜ ਸੂਬਾ ਸਰਕਾਰ ਖ਼ਿਲਾਫ਼ ਜਲ ਸਪਲਾਈ ਕਾਮਿਆਂ ਨੇ ਸੂਬੇ ਅੰਦਰ ਚੱਲ ਰਹੀਆਂ 9500 ਦੇ ਕਰੀਬ ਜਲ ਸਪਲਾਈ ਸਕੀਮਾਂ ਦੀਆਂ ਚਾਬੀਆਂ ਵਿਭਾਗ ਨੂੰ ਸੌਂਪ ਕੇ 48 ਘੰਟਿਆਂ ਲਈ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਹੈ। ਇਸ ਕਾਰਨ ਪਿੰਡਾਂ ਤੇ ਕਸਬਿਆਂ ਅੰਦਰ ਪਾਣੀ ਨਾ ਮਿਲਣ ਕਰ ਕੇ ਲੋਕਾਂ ’ਚ ਹਾਹਾਕਾਰ ਮਚ ਗਈ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ : ਅੰਮ੍ਰਿਤਸਰ ਦੇ ਹਸਪਤਾਲ ’ਚ ਗੈਂਗਸਟਰ ਰਾਣਾ ਕੰਦੋਵਾਲੀਆ ਦਾ ਗੋਲੀਆਂ ਮਾਰ ਕੇ ਕਤਲ (ਵੀਡੀਓ)
ਗੱਲਬਾਤ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਮੁੱਚੇ ਮੁਲਾਜ਼ਮਾਂ ਨੂੰ ਪੱਕਾ ਨਹੀਂ ਕਰਦੀ, ਉਦੋਂ ਤੱਕ ਸਰਕਾਰ ਵਿਰੁੱਧ ਆਰ-ਪਾਰ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਪਹਿਲਾਂ ਚੋਣ ਮੈਨੀਫੈਸਟੋ ’ਚ ਸਮੁੱਚੇ ਵਿਭਾਗਾਂ ਅੰਦਰ ਕੱਚੇ ਕਾਮਿਆਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ ਪਰ ਪੌਣੇ 5 ਸਾਲ ਲੰਘ ਜਾਣ ਦੇ ਬਾਵਜੂਦ ਇਕ ਵੀ ਵਾਅਦਾ ਪੂਰਾ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਤੁਰੰਤ ਇਨਲਿਸਟਮੈਂਟ ਪਾਲਿਸੀ ਨੂੰ ਰੱਦ ਕਰ ਕੇ ਠੇਕੇਦਾਰੀ ਸਿਸਟਮ ਨੂੰ ਬੰਦ ਕਰ ਕੇ ਸਿੱਧੇ ਤੌਰ ’ਤੇ ਵਿਭਾਗਾਂ ਅੰਦਰ ਮੁਲਾਜ਼ਮਾਂ ਦੀ ਭਰਤੀ ਕੀਤੀ ਜਾਵੇ ਤਾਂ ਜੋ ਆਮ ਵਰਗ ’ਚੋਂ ਵੀ ਨੌਜਵਾਨ ਭਰਤੀ ਹੋ ਸਕਣ।

Bharat Thapa

This news is Content Editor Bharat Thapa