11 ਦਿਨਾਂ ਤੋਂ ਸ਼ਹਿਰ ਦੇ 7 ਮੁਹੱਲਿਆਂ ਦੀ ਵਾਟਰ ਸਪਲਾਈ ਠੱਪ, ਲੋਕਾਂ ''ਚ ਮਚੀ ਹਾਹਾਕਾਰ

09/23/2017 3:27:14 AM

ਸੁਲਤਾਨਪੁਰ ਲੋਧੀ, (ਸੋਢੀ)- ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਨੁਹਾਰ ਬਦਲਣ ਦੀ ਦਾਅਵੇਂ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸਮੇਂ ਵੀ ਸ਼ਹਿਰ ਦੇ 7 ਮੁਹੱਲਿਆਂ ਦੀ ਵਾਟਰ ਸਪਲਾਈ ਦਾ ਕੰਮ ਪਿਛਲੇ 11 ਦਿਨਾਂ ਤੋਂ ਪੂਰੀ ਤਰ੍ਹਾਂ ਠੱਪ ਪਿਆ ਹੈ ਤੇ ਸ਼ਹਿਰ ਦੇ ਮੁਹੱਲਾ ਸ਼ਾਹ ਸੁਲਤਾਨ, ਅਰੋੜਾ ਰਸਤਾ, ਕਾਜੀ ਬਾਗ, ਪੰਡੋਰੀ ਮੁਹੱਲਾ, ਲੰਗੋਟੀਆਂ ਮੁਹੱਲਾ, ਕਰਦਗਰਾਂ ਤੇ ਸੈਦਾਂ ਮੁਹੱਲਾ ਆਦਿ ਦੇ ਲੋਕ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ। ਇਸ ਸੰਬੰਧੀ ਨਗਰ ਕੌਂਸਲ ਦੇ ਸੰਬੰਧਤ ਕਰਮਚਾਰੀਆਂ ਦਾ ਕਹਿਣਾ ਹੈ ਕਿ ਗੁਰਦੁਆਰਾ ਅੰਤਰਯਾਮਤਾ ਸਾਹਿਬ ਨੇੜਲੀ ਨਗਰ ਕੌਂਸਲ ਦੀ ਮੋਟਰ ਦੁਬਾਰਾ ਫਿਰ ਖੁਰਾਬ ਹੋ ਚੁੱਕੀ ਹੈ, ਜਿਸ ਕਾਰਨ ਉਸਦੇ ਬੰਦ ਹੋਣ ਕਾਰਨ ਜਨਤਾ ਦੇ ਘਰਾਂ 'ਚ ਪਾਣੀ ਦੀ ਸਪਲਾਈ ਠੱਪ ਹੈ। ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਸ਼ਹਿਰ ਦੇ ਲੋਕਾਂ ਵਲੋਂ ਸ਼ੋਸ਼ਲ ਮੀਡੀਏ 'ਤੇ ਵੀ ਨਗਰ ਕੌਂਸਲ ਕਮੇਟੀ ਖਿਲਾਫ ਰੋਸ ਪ੍ਰਗਟਾ ਕੇ ਭੜਾਸ ਕੱਢੀ ਜਾ ਰਹੀ ਹੈ। ਇਕ ਦੁਕਾਨਦਾਰ ਵਲੋਂ ਵੱਟਸਐਪ ਤੇ ਫੇਸਬੁੱਕ 'ਤੇ ਪਾਈ ਵੀਡੀਓ ਰਾਹੀਂ ਕਾਂਗਰਸ ਪਾਰਟੀ ਦੀ ਸਰਕਾਰ 'ਤੇ ਦੋਸ਼ ਲਾਇਆ ਹੈ ਕਿ ਪਵਿੱਤਰ ਨਗਰੀ ਦੀ ਨੁਹਾਰ ਬਦਲਣ ਦੀਆਂ ਗੱਲਾਂ ਕਰਨ ਵਾਲੀ ਸਰਕਾਰ ਦੇ ਆਗੂ ਆਮ ਜਨਤਾ ਨੂੰ ਪੀਣ ਦਾ ਪਾਣੀ ਵੀ ਮੁਹੱਈਆ ਕਰਵਾਉਣ 'ਚ ਅਸਫਲ ਸਿੱਧ ਹੋਏ ਹਨ।  ਸੁਲਤਾਨਪੁਰ ਲੋਧੀ ਦੇ ਭਾਜਪਾ ਆਗੂ ਸ਼੍ਰੀ ਰਾਕੇਸ਼ ਨੀਟੂ ਜ਼ਿਲਾ ਵਾਈਸ ਪ੍ਰਧਾਨ ਭਾਜਪਾ ਕਪੂਰਥਲਾ, ਡਾ. ਰਾਕੇਸ਼ ਪੁਰੀ ਪ੍ਰਧਾਨ ਭਾਜਪਾ ਮੰਡਲ ਸੁਲਤਾਨਪੁਰ ਲੋਧੀ ਤੇ ਪਰਮਜੀਤ ਸਿੰਘ ਜੱਜ ਸੈਕਟਰੀ ਨੇ ਪੰਜਾਬ ਸਰਕਾਰ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਪਵਿੱਤਰ ਨਗਰੀ ਦੇ ਲੋਕ ਪਿਛਲੇ 11 ਦਿਨਾਂ ਤੋਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹਨ ਜਦਕਿ ਨਗਰ ਕੌਂਸਲ ਕਮੇਟੀ ਤੇ ਕਾਂਗਰਸੀ ਆਗੂ ਇਸ ਪਾਸੇ ਕੋਈ ਧਿਆਨ ਨਹੀਂ ਦੇ ਰਹੇ। ਉਧਰ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਾਜੀਵ ਧੀਰ ਨੇ ਵੀ ਸ਼ਹਿਰ ਦੇ 7 ਮੁਹੱਲਿਆਂ ਦੇ ਲੋਕਾਂ ਨੂੰ ਵਾਟਰ ਸਪਲਾਈ ਦਾ ਪਾਣੀ ਨਾ ਮਿਲਣ 'ਤੇ ਪ੍ਰਤੀਕ੍ਰਮ ਕਰਦੇ ਹੋਏ ਕਿਹਾ ਕਿ ਗੁਰੂ ਕੀ ਨਗਰੀ ਦੇ ਲੋਕਾਂ 'ਚ ਪਾਣੀ ਨਾ ਮਿਲਣ ਕਾਰਨ ਹਾਹਾਕਾਰ ਮਚੀ ਹੋਈ ਹੈ ਤੇ ਕੋਈ ਵੀ ਧਿਆਨ ਨਹੀਂ ਦੇ ਰਿਹਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਜਨਤਾ ਨੂੰ ਬੁਨਿਆਦੀ ਸਹੂਲਤਾਂ ਦੇਣ 'ਚ ਅਸਫਲ ਸਿੱਧ ਹੋ ਰਹੀ ਹੈ।  ਇਸ ਸੰਬੰਧੀ ਬਸਪਾ ਦੇ ਸ਼ਹਿਰੀ ਪ੍ਰਧਾਨ ਰਾਮ ਲਾਲ ਮਹੇ ਨੇ ਵੀ ਪਾਣੀ ਦੀ ਸਪਲਾਈ ਚਾਲੂ ਨਾ ਕਰ ਸਕਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਮੁਹੱਲਾ ਵਾਸੀਆਂ ਜਗੀਰ ਸਿੰਘ, ਹਰਭਜਨ ਸਿੰਘ ਢਿੱਲੋਂ, ਨਿਰਵੈਲ ਸਿੰਘ, ਜਤਿੰਦਰ ਸਿੰਘ, ਸੁਖਵਿੰਦਰ ਕੁਮਾਰ ਆਦਿ ਨੇ ਹਲਕਾ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਨੂੰ ਅਪੀਲ ਕੀਤੀ ਹੈ ਕਿ ਖਰਾਬ ਮੋਟਰ ਦੀ ਜਗ੍ਹਾ ਤੁਰੰਤ ਨਵੀਂ ਮੋਟਰ ਲਗਾਈ ਜਾਵੇ ਤੇ ਪਾਣੀ ਦੀ ਸਪਲਾਈ ਚਾਲੂ ਕੀਤੀ ਜਾਵੇ।
ਸੁਲਤਾਨਪੁਰ ਲੋਧੀ ਵਾਸੀਆਂ ਅਮਰਜੀਤ ਸਿੰਘ ਗਿੱਲ, ਰਾਕੇਸ਼, ਸਿਮਰਤ, ਹਰਜੀਤ ਕੌਰ, ਰਣਜੀਤ ਸਿੰਘ, ਬੂਟਾ ਸਿੰਘ, ਹੈਰੀ, ਰਾਜਵੰਤ ਕੌਰ, ਜਸਬੀਰ ਕੌਰ, ਰਣਜੀਤ ਕੌਰ, ਭਜਨ ਕੌਰ, ਹਰਪ੍ਰੀਤ ਸਿੰਘ, ਮੰਜੂ, ਰਜਨੀ, ਕੋਮਲ, ਅਮਨ ਤੇ ਰਮਨਦੀਪ, ਹੈਪੀ ਆਦਿ ਨੇ ਘਰਾਂ ਮੂਹਰੇ ਖਾਲੀ ਬਾਲਟੀਆਂ ਰੱਖ ਕੇ ਨਗਰ ਕੌਂਸਲ ਕਮੇਟੀ ਖਿਲਾਫ ਰੋਸ ਪ੍ਰਗਟਾਇਆ ਹੈ ਤੇ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਪਾਣੀ ਦੀ ਮੰਗ ਪੂਰੀ ਕੀਤੀ ਜਾਵੇ। ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਕਾਰਜ ਸਾਧਕ ਅਫਸਰ ਬਲਜੀਤ ਸਿੰਘ ਬਿਲਗਾ ਨੇ ਦੱਸਿਆ ਕਿ ਜੋ ਮੋਟਰ ਸੜ ਗਈ ਸੀ ਉਸ ਦੀ ਰਿਪੇਅਰ ਕਰਵਾਈ ਜਾ ਰਹੀ ਹੈ ਤੇ ਜਲਦੀ ਹੀ ਮੋਟਰ ਚਾਲੂ ਕਰਕੇ ਪਾਣੀ ਦੀ ਸਪਲਾਈ ਬਹਾਲ ਹੋਵੇਗੀ।