8 ਮੁਹੱਲਿਆਂ ''ਚ ਵਾਟਰ ਸਪਲਾਈ ਮੁੜ ਹੋਈ ਠੱਪ, ਔਰਤਾਂ ਨੇ ਮਿਲ ਕੇ ਕੀਤਾ ਰੋਸ ਮੁਜ਼ਾਹਰਾ

11/26/2017 6:17:33 PM

ਸੁਲਤਾਨਪੁਰ ਲੋਧੀ (ਸੋਢੀ)— ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ 'ਚ ਵਾਟਰ ਸਪਲਾਈ ਦੇ ਨਾਕੁਸ਼ ਪ੍ਰਬੰਧਾਂ ਕਾਰਨ 8 ਮੁਹੱਲਿਆਂ ਦੀ ਪਾਣੀ ਦਾ ਸਪਲਾਈ ਮੁੜ ਠੱਪ ਪਈ ਹੈ ਅਤੇ ਜਨਤਾ 'ਚ ਭਾਰੀ ਪਰੇਸ਼ਾਨੀ ਪਾਈ ਜਾ ਰਹੀ ਹੈ। ਸੁਲਤਾਨਪੁਰ ਲੋਧੀ ਦੇ ਮੁਹੱਲਾ ਕਾਜੀ ਬਾਗ, ਪੰਡੋਰੀ ਮੁਹੱਲਾ, ਅਰੋੜਾ ਰਸਤਾ ਮੁਹੱਲਾ, ਕਰਦਗਰਾ ਮੁਹੱਲਾ, ਸ਼ਾਹ ਸੁਲਤਾਨ ਮੁਹੱਲਾ, ਬੱਸ ਸਟੈਂਡ ਆਦਿ ਦੀਆਂ ਔਰਤਾਂ ਵੱਲੋਂ ਮਿਲ ਕੇ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਿਰੁੱਧ ਰੋਸ ਮੁਜ਼ਾਹਰਾ ਕੀਤਾ। ਔਰਤਾਂ ਨੇ ਦੋਸ਼ ਲਗਾਇਆ ਕਿ ਪਹਿਲਾਂ ਵੀ ਕਈ ਵਾਰ ਇਨ੍ਹਾਂ ਮੁਹੱਲਿਆਂ ਦੀ ਹਫਤਾ-ਹਫਤਾ ਪਾਣੀ ਦੀ ਸਪਲਾਈ ਬੰਦ ਰਹਿ ਚੁੱਕੀ ਹੈ ਅਤੇ ਹੁਣ ਫਿਰ ਤਿੰਨ ਦਿਨਾਂ ਤੋਂ ਟੂਟੀਆਂ 'ਚ ਪਾਣੀ ਨਹੀਂ ਆ ਰਿਹਾ। ਉਨ੍ਹਾਂ ਦੱਸਿਆ ਕਿ ਘਰਾਂ 'ਚ ਪੀਣ ਲਈ ਬੂੰਦ ਵੀ ਪਾਣੀ ਨਾ ਹੋਣ ਕਾਰਨ ਉਹ ਦੂਰ ਦੁਰਾਡੇ ਤੋਂ ਪਾਣੀ ਘਰਾਂ ਅੰਦਰ ਵਰਤੋਂ ਲਈ ਲਿਆ ਰਹੇ ਹਨ। ਗੁੱਸੇ ਨਾਲ ਘਰਾਂ 'ਚੋ ਨਿਕਲੀਆਂ ਔਰਤਾਂ ਨੇ ਜਿਨ੍ਹਾਂ ਪ੍ਰਸ਼ਾਸਨ ਨੂੰ ਵੀ ਇਸ ਸਮੱਸਿਆ ਦਾ ਪੱਕਾ ਹੱਲ ਕਰਨ ਦੀ ਅਪੀਲ ਕੀਤੀ। ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਵਿਨੋਦ ਗੁਪਤਾ ਨੇ ਕਿਹਾ ਕਿ ਬਹੁਤ ਜਲਦੀ ਹੀ ਇਨ੍ਹਾਂ ਮੁਹੱਲਿਆਂ ਦੀ ਬੰਦ ਵਾਟਰ ਸਪਲਾਈ ਚਾਲੂ ਕਰਵਾਈ ਜਾਵੇਗੀ।