ਜਲ ਸਰੋਤ ਦੇ ਮੁਲਾਜ਼ਮਾਂ ਤਨਖਾਹਾਂ ਨਾ ਮਿਲਣ ''ਤੇ ਕੀਤੀ ਰੋਸ ਰੈਲੀ

02/16/2018 6:31:02 PM

ਨੂਰਪੁਰਬੇਦੀ (ਭੰਡਾਰੀ)— ਪੰਜਾਬ ਜਲ ਸਰੋਤ ਮੁਲਾਜ਼ਮ ਯੂਨੀਅਨ ਸਬ ਡਿਵੀਜ਼ਨ ਨੂਰਪੁਰਬੇਦੀ ਦੇ ਸਮੂਹ ਵਰਕਰਾਂ ਵੱਲੋਂ ਪੰਜਾਬ ਜਲ ਸਰੋਤ ਸਾਂਝੀ ਐਕਸ਼ਨ ਕਮੇਟੀ ਦੇ ਸੱਦੇ 'ਤੇ ਜਨਵਰੀ ਮਹੀਨੇ ਦੀ ਤਨਖਾਹ ਨਾ ਮਿਲਣ ਕਾਰਣ 2 ਘੰਟੇ ਲਈ ਰੋਹ ਭਰਪੂਰ ਰੈਲੀ ਕੀਤੀ ਗਈ। ਯੂਨੀਅਨ ਆਗੂਆਂ ਨੇ ਕਿਹਾ ਕਿ ਅਗਰ ਮੈਨੇਜਮੈਂਟ ਵੱਲੋਂ ਮੁਲਾਜ਼ਮਾਂ ਨੂੰ ਜਨਵਰੀ ਮਹੀਨੇ ਦੀ ਤਨਖਾਹ ਦੀ ਅਦਾਇਗੀ ਅਤੇ ਉਨ੍ਹਾਂ ਦੀਆਂ ਮੰਨੀਆਂ ਹੋਈਆਂ ਮੰਗਾਂ ਨੂੰ ਤੁਰੰਤ ਲਾਗੂ ਨਾ ਕੀਤਾ ਗਿਆ ਤਾਂ ਪੰਜਾਬ ਦੇ ਸਮੂਹ ਮੁਲਾਜ਼ਮਾਂ ਵੱਲੋਂ 20 ਫਰਵਰੀ ਨੂੰ ਡਵੀਜ਼ਨ ਮੰਡਲਾਂ ਅੱਗੇ ਰੋਹ ਭਰਪੂਰ ਰੈਲੀਆਂ ਕੀਤੀਆਂ ਜਾਣਗੀਆਂ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਮੁਲਾਜ਼ਮਾਂ ਨੂੰ ਹਰ ਮਹੀਨੇ ਸਮੇਂ ਸਿਰ ਤਨਖਾਹ ਦਿੱਤੀ ਜਾਵੇ, ਜੀ. ਆਈ. ਐੱਸ. ਨੋਮੀਨੇਸ਼ਨ ਫਾਰਮ ਭਰਵਾਏ ਜਾਣ, ਐੱਲ. ਟੀ. ਸੀ. ਬਿੱਲਾਂ ਦੀ ਅਦਾਇਗੀ ਕੀਤੀ ਜਾਵੇ, ਕੋਰਟ ਕੇਸਾਂ ਸਬੰਧੀ ਹੋਏ ਫੈਸਲੇ ਲਾਗੂ ਕੀਤੇ ਜਾਣ, ਨਵੀਂ ਭਰਤੀ ਦੀਆਂ ਮੰਜ਼ੂਰ ਹੋਈਆਂ ਪੋਸਟਾਂ ਦੀ ਭਰਤੀ ਕੀਤੀ ਜਾਵੇ ਅਤੇ ਮ੍ਰਿਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਮਕਾਨ ਕਿਰਾਏ ਦੀ ਅਦਾਇਗੀ ਕੀਤੀ ਜਾਵੇ। 
ਇਸ ਤੋਂ ਉਪਰੰਤ ਯੂਨੀਅਨ ਆਗੂਆਂ ਨੇ ਮੁਲਾਜ਼ਮਾਂ ਨੂੰ 27 ਫਰਵਰੀ ਨੂੰ ਚੰਡੀਗੜ੍ਹ ਮੁੱਖ ਦਫਤਰ ਵਿਖੇ ਫੀਲਡ ਤੇ ਦਫ਼ਤਰੀ ਮੁਲਾਜ਼ਮਾਂ ਵੱਲੋਂ ਇਕ ਦਿਨ ਦੀ ਛੁੱਟੀ ਲੈ ਕੇ ਕੀਤੀ ਜਾਣ ਵਾਲੀ ਸੂਬਾਈ ਰੈਲੀ ਨੂੰ ਲੈ ਕੇ ਵੀ ਲਾਮਬੱਧ ਕੀਤਾ। ਇਸ ਰੋਸ ਰੈਲੀ ਨੂੰ ਜਥੇਬੰਦੀ ਦੇ ਸੂਬਾਈ ਪ੍ਰਧਾਨ ਸੁਖਮੰਦਰ ਸਿੰਘ, ਸਕੱਤਰ ਰਾਜਨ ਸ਼ਰਮਾ, ਮੀਤ ਪ੍ਰਧਾਨ ਮੰਗਲ ਸਿੰਘ, ਜਗਤਾਰ ਸਿੰਘ, ਬਲਵੀਰ ਚੰਦ, ਰਾਹੁਲ ਰਾਣਾ, ਪ੍ਰਸ਼ੋਤਮ ਲਾਲ ਤੇ ਰਜਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।