ਹੁਸ਼ਿਆਰਪੁਰ ''ਚ ਬੰਜਰ ਹੋ ਰਹੀ ਹੈ ਜ਼ਮੀਨ, ਫਸਲਾਂ ਨੂੰ ਬਚਾਉਣ ਲਈ ਕਿਸਾਨਾਂ ਨੇ ਲਗਾਇਆ ਜੁਗਾੜ

06/24/2019 6:34:18 PM

ਹੁਸ਼ਿਆਰਪੁਰ (ਅਮਰੀਕ)— ਹੁਸ਼ਿਆਰਪੁਰ ਦੇ ਪਿੰਡ ਨੰਗਲ ਥਥਲ 'ਚ ਪਾਣੀ ਦੀ ਕਮੀ ਨਾਲ ਜੂਝ ਰਹੇ ਕਿਸਾਨਾਂ ਨੇ ਫਸਲਾਂ ਨੂੰ ਪਾਣੀ ਦੇਣ ਲਈ ਨਵਾਂ ਜੁਗਾੜ ਲਗਾਇਆ ਹੈ। ਪਿੰਡ ਨੇੜਿਓਂ ਲੰਘਦੀ ਨਹਿਰ 'ਚ ਪਾਣੀ ਨਾ ਆਉਣ ਕਾਰਨ ਕਿਸਾਨਾਂ ਵੱਲੋਂ ਟਰੈਕਟਰ 'ਤੇ ਪਾਣੀ ਦੀ ਟੈਂਕੀ ਰੱਖ ਕੇ ਬਾਲਟੀਆਂ ਨਾਲ ਉਸ ਨੂੰ ਭਰਿਆ ਜਾਂਦਾ ਹੈ ਅਤੇ ਫਿਰ ਉਸ ਪਾਣੀ ਨੂੰ ਖੇਤਾਂ ਤੱਕ ਲਿਆ ਕੇ ਬਾਲਟੀਆਂ ਰਾਹੀਂ ਸੁੱਕ ਰਹੀ ਫਸਲ ਨੂੰ ਪਾਣੀ ਪਾਇਆ ਜਾ ਰਿਹਾ ਹੈ। ਦੱਸਣਯੋਗ ਹੈ ਕਿ ਇਹ ਹਾਲ ਹੁਸ਼ਿਆਰਪੁਰ ਦੇ ਸਿਰਫ ਇਕ ਪਿੰਡ ਦਾ ਨਹੀਂ ਹੈ ਸਗੋਂ ਅਜਿਹੇ ਹੀ ਤਿੰਨਹੋਰ ਪਿੰਡ ਨੰਗਲ ਘੋੜੇਵਾਹਾ, ਪਿੰਡ ਟੈਂਟ ਪਾਲ ਅਤੇ ਪਿੰਡ ਮਸਤੀ ਵਾਲਾ ਹਨ, ਜਿੱਥੇ ਕਿਸਾਨ ਨਹਿਰੀ ਪਾਣੀ ਨਾ ਮਿਲਣ ਕਾਰਨ ਬੇਹੱਦ ਪਰੇਸ਼ਾਨ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਦਾ ਹੱਲ ਸਰਕਾਰ ਜਾਂ ਪ੍ਰਸ਼ਾਸਨ ਅਧਿਕਾਰੀਆਂ ਵੱਲੋਂ ਨਹੀਂ ਕੀਤਾ ਜਾ ਰਿਹਾ। ਪਿੰਡ ਘੋੜੇਵਾਹਾ ਦੇ ਵਾਸੀਆਂ ਨੇ ਕਿਹਾ ਕਿ ਪਿਛਲੇ ਦੋ ਸਾਲ ਤੋਂ ਸਰਕਾਰੀ ਟਿਊਬਵੈੱਲ ਬੰਦ ਪਿਆ ਹੈ ਪਰ ਕਿਸੇ ਨੇ ਅੱਜ ਤਕ ਨਾ ਤਾਂ ਉਨ੍ਹਾਂ ਦੀ ਸਾਰ ਲਈ ਅਤੇ ਨਾ ਹੀ ਕਿਸੇ ਨੇ ਟਿਊਬਵੈੱਲ ਠੀਕ ਕਰਵਾਇਆ। ਇਕ ਦੋ ਵਾਰ ਪਿੰਡ ਵਾਲਿਆਂ ਨੇ ਪੈਸੇ ਇਕੱਠੇ ਕਰ ਕੇ ਸਰਕਾਰੀ ਟਿਊਬਵੈੱਲ ਠੀਕ ਵੀ ਕਰਵਾਇਆ ਪਰ ਹੁਣ ਤਾ ਇਹ ਟਿਊਬਵੈੱਲ ਪੂਰੀ ਤਰ੍ਹਾਂ ਬੈਠ ਚੁਕਾ ਹੈ। ਕਿਸਾਨਾਂ ਨੇ ਕਿਹਾ ਹੈ ਕਿ ਹੁਣ ਤਾ ਸਿਰਫ ਰਬ ਦਾ ਹੀ ਆਸਰਾ ਹੈ ਕਿ ਜੋ ਉਹ ਮੀਂਹ ਪਵਾ ਦੇਵੇ।


ਪਿੰਡ ਟੈਂਟ ਪਾਲ ਦੇ ਕਿਸਾਨ ਵੀ ਖੇਤੀ ਲਈ ਪਾਣੀ ਨੂੰ ਤਰਸ ਰਹੇ ਹਨ ਜਦ ਇਸ ਪਿੰਡ ਦੇ ਕਿਸਾਨਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਚਾਵਾਂ ਨਾਲ ਝੋਨੇ ਦੀ ਪਨੀਰੀ ਤਿਆਰ ਕੀਤੀ ਸੀ ਪਰ ਖੇਤ ਸੁੱਕੇ ਪਏ ਹਨ। ਪਿਛਲੇ ਦੋ ਸਾਲ ਤੋਂ ਪਿੰਡ ਨੂੰ ਨਹਿਰ ਦਾ ਪਾਣੀ ਨਸੀਬ ਨਹੀਂ ਹੋਇਆ। ਕਿਸਾਨਾਂ ਨੇ ਕਿਹਾ ਝੋਨਾ ਤਾਂ ਕਿ ਲਗਾਉਣਾ ਸਾਡਾ ਪਿੰਡ ਤਾਂ ਪਸ਼ੂਆਂ ਦੇ ਪੱਠਿਆਂ ਤੋਂ ਵੀ ਆਵਾਜ਼ਾਰ ਹੋਇਆ ਬੈਠਾ ਹੈ। ਪਸ਼ੂ ਭੂਖੇ ਮਰ ਰਹੇ ਹਨ ਅਤੇ ਸਾਡੇ ਪਿੰਡ ਦੇ ਕਿਸਾਨਾਂ ਨੂੰ ਮੂਲ ਪੱਠੇ ਖਰੀਦ ਕੇ ਪਸ਼ੂਆਂ ਦਾ ਢਿੱਡ ਭਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬੀਤੇ ਦਿਨੀਂ ਪਿੰਡ 'ਚ ਨਹਿਰ ਦੇ ਪਾਣੀ ਦਾ ਬਿੱਲ ਦੇਣ ਦਾ ਐਲਾਨ ਕਰਵਾਇਆ ਗਿਆ ਪਰ ਅਸੀਂ ਬਿਲ ਕਿਸ ਚੀਜ਼ ਦਾ ਦੇਈਏ ਜਦ ਸਾਨੂੰ ਪਾਣੀ ਹੀ ਨਹੀਂ ਮਿਲਦਾ। ਪਿੰਡ ਮਸਤੀ ਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਪਾਣੀ ਦੀ ਇਸ ਸਮੱਸਿਆ ਬਾਰੇ ਚੰਡੀਗੜ੍ਹ ਵੀ ਸ਼ਿਕਾਇਤ ਕੀਤੀ ਗਈ ਪਰ ਕੋਈ ਫਾਇਦਾ ਨਹੀਂ ਹੋਇਆ।

shivani attri

This news is Content Editor shivani attri