ਪਿੰਡ ਗੁੜੇ 'ਚ ਉਲਝਿਆ ਪੀਣ ਵਾਲੇ ਪਾਣੀ ਦੇ ਬੋਰ ਦਾ ਮਸਲਾ

09/12/2019 2:38:17 PM

ਚੌਕੀਮਾਨ (ਗਗਨਦੀਪ) : ਕੈਪਟਨ ਸਰਕਾਰ ਵੱਲੋਂ ਨਾਰੀ ਸ਼ਕਤੀ ਦਾ ਸੰਗਠਨ ਕਰਕੇ ਔਰਤਾਂ ਨੂੰ ਸਨਮਾਨ ਦਿਵਾਉਣ ਦੀਆਂ ਚਰਚਾਵਾਂ ਆਏ ਦਿਨ ਹੁੰਦੀਆਂ ਰਹਿੰਦੀਆਂ ਹਨ ਪਰ ਉੱਥੇ ਹੀ ਉਨ੍ਹਾਂ ਦੇ ਵਰਕਰਾਂ ਅਤੇ ਆਗੂਆਂ ਵੱਲੋਂ ਦਿਨ-ਦਿਹਾੜੇ ਆਪਣੀ ਤਾਕਤ ਦਾ ਪ੍ਰਦਰਸ਼ਨ ਕਰਦੇ ਹੋਏ ਔਰਤਾਂ ਨਾਲ ਗਲਤ ਵਰਤਾਓ ਅਤੇ ਧੱਕੇਸ਼ਾਹੀ ਕਰਨ ਦੇ ਮਾਮਲੇ ਅਕਸਰ ਹੀ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਪਿੰਡ ਗੁੜੇ 'ਚ ਸਾਹਮਣੇ ਆਇਆ ਹੈ, ਜਿਸ 'ਚ ਪਿੰਡ ਦੀ ਵਿਧਵਾ ਔਰਤ ਰੁਪਿੰਦਰ ਕੌਰ (ਮੌਜੂਦਾ ਪੰਚਾਇਤ ਮੈਂਬਰ) ਨੇ ਆਪਣੇ ਜੇਠ ਗੁਰਸੇਵਕ ਸਿੰਘ 'ਤੇ ਧੱਕਾਸ਼ਾਹੀ ਦਾ ਦੋਸ਼ ਲਾਉਂਦਿਆਂ ਕਿਹਾ ਕਿ ਉਹ ਕਾਂਗਰਸ ਪਾਰਟੀ ਦਾ ਵੱਡਾ ਲੀਡਰ ਹੈ, ਉਸ ਨੇ ਆਪਣਾ ਅਸਰ-ਰਸੂਖ ਵਰਤਦਿਆਂ ਪੁਲਸ ਦੀ ਸਹਾਇਤਾ ਨਾਲ ਉਸ ਨੂੰ ਆਪਣੇ ਹੀ ਘਰ 'ਚ ਬੋਰ ਕਰਵਾਉਣ ਤੋਂ ਰੋਕਿਆ ਹੈ।ਇਸ ਮੌਕੇ ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕਾਫ਼ੀ ਦੇਰ ਪਹਿਲਾਂ ਮੌਤ ਹੋ ਗਈ ਸੀ ਅਤੇ ਉਹ ਬੇਹੱਦ ਗਰੀਬੀ ਹੋਣ ਕਰਕੇ ਸਿਲਾਈ-ਕਢਾਈ ਦਾ ਕੰਮ ਕਰ ਕੇ ਘਰ ਦਾ ਗੁਜ਼ਾਰਾ ਕਰਦੀ ਹੋਈ ਆਪਣੇ ਬੱਚੇ ਦਾ ਪਾਲਣ-ਪੋਸ਼ਣ ਕਰ ਰਹੀ ਹੈ। ਇਸ ਮੌਕੇ ਪੀੜਤ ਔਰਤ ਨੇ ਕਿਹਾ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਣੇ ਗੁਆਂਢੀ ਸਿਕੰਦਰ ਸਿੰਘ ਤੋਂ ਪਾਣੀ ਲੈ ਕੇ ਆਪਣਾ ਡੰਗ ਟਪਾ ਰਹੀ ਸੀ ਪਰ ਅਚਾਨਕ ਜਦੋਂ ਗੁਆਂਢੀਆਂ ਵੱਲੋਂ ਬਿਜਲੀ ਦੇ ਵੱਡੇ ਬਿੱਲ ਆਉਣ ਦਾ ਬਹਾਨਾ ਲਗਾ ਕੇ ਉਸ ਨੂੰ ਪਾਣੀ ਦੇਣ ਤੋਂ ਇਨਕਾਰ ਕਰ ਦਿੱਤਾ ਤਾਂ
ਉਸ ਨੇ ਪਿੰਡ ਦੇ ਲੋਕਾਂ ਦੀ ਮਦਦ ਨਾਲ ਬੋਰ ਕਰਵਾਉਣਾ ਸ਼ੁਰੂ ਕੀਤਾ ਸੀ ਪਰ ਐਨ ਮੌਕੇ 'ਤੇ ਉਸ ਦੇ ਜੇਠ ਗੁਰਸੇਵਕ ਸਿੰਘ ਵੱਲੋਂ ਪੁਲਸ ਭੇਜ ਕੇ ਕੰਮ ਰੁਕਵਾ ਦਿੱਤਾ ਅਤੇ ਉਸ ਨੂੰ ਥਾਣੇ ਹੋਣ ਦੀ ਤਾਕੀਦ ਕੀਤੀ। ਜਦੋਂ ਇਸ ਘਟਨਾ ਦਾ ਪਤਾ ਪਿੰਡ ਵਾਸੀਆਂ ਨੂੰ ਲੱਗਿਆ ਤਾਂ ਉਨ੍ਹਾਂ ਨੇ ਵੱਡੀ ਗਿਣਤੀ ਵਿੱਚ ਘਟਨਾ ਵਾਲੀ ਸਥਾਨ 'ਤੇ ਇਕੱਤਰ ਹੋ ਕੇ ਸੂਬਾ ਸਰਕਾਰ ਅਤੇ ਪੁਲਸ ਪ੍ਰਸ਼ਾਸਨ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ।
ਕੀ ਕਹਿਣਾ ਦੂਜੀ ਧਿਰ ਦਾ
ਦੂਸਰੀ ਧਿਰ ਗੁਰਸੇਵਕ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਕਰੀਬ 15 ਸਾਲਾਂ ਤੋਂ ਜ਼ਮੀਨ ਦੀ ਵੰਡ ਨੂੰ ਲੈ ਕੇ ਸਾਡਾ ਆਪਸੀ ਵਿਵਾਦਤ ਕੇਸ ਮਾਣਯੋਗ ਲੁਧਿਆਣਾ ਅਦਾਲਤ 'ਚ ਵਿਚਾਰ ਅਧੀਨ ਹੈ। ਅਦਾਲਤ ਵੱਲੋਂ ਇਸ ਸਾਰੀ ਜ਼ਮੀਨ ਨੂੰ ਸਟੇਅ ਕੀਤਾ ਹੋਇਆ ਹੈ, ਜਿਸ ਕਰਕੇ ਉਨ੍ਹਾਂ ਵੱਲੋਂ ਰੁਪਿੰਦਰ ਕੌਰ ਵਿਦੁੱਧ ਅਦਾਲਤੀ ਹੁਕਮਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਕੀਤੀ ਗਈ ਸੀ ਪਰ ਜਦੋਂ ਪੱਤਰਕਾਰਾਂ ਨੇ ਮੌਕੇ 'ਤੇ ਸਟੇਅ ਦੇ ਕਾਗਜ਼ ਦਿਖਾਉਣ ਲਈ ਕਿਹਾ ਤਾਂ ਮੌਕੇ 'ਤੇ ਉਹ ਸਟੇਅ ਨਾਲ ਸੰਬੰਧਿਤ ਕੋਈ ਵੀ ਕਾਗਜ਼ ਪੇਸ਼ ਨਾ ਕਰ ਸਕੇ।
ਕੀ ਕਹਿਣਾ ਹੈ ਤਫਸੀਸੀ ਅਫਸਰ ਦਾ
ਇਸ ਮਾਮਲੇ ਦੀ ਪੈਰਵੀ ਕਰ ਰਹੇ ਪੰਜਾਬ ਪੁਲਸ ਦੇ ਥਾਣੇਦਾਰ ਸੁਖਵਿੰਦਰ ਸਿੰਘ ਜੇਤੋਂ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਣਸੁਖਾਵੀਂ ਘਟਨਾ ਨਾ ਵਾਪਰ ਜਾਵੇ, ਇਸ ਲਈ ਗੁਰਸੇਵਕ ਸਿੰਘ ਦੀ ਦਿੱਤੀ ਦਰਖਾਸ਼ਤ ਦੇ ਆਧਾਰ 'ਤੇ ਦੋਹਾਂ ਪਾਰਟੀਆਂ ਨੂੰ ਥਾਣੇ ਆ ਕੇ ਮਾਮਲੇ ਦਾ ਨਿਬੇੜਾ ਕਰਨ ਲਈ ਸੱਦਿਆ ਗਿਆ ਹੈ ਅਤੇ ਜੋ ਵੀ ਧਿਰ ਦੋਸ਼ੀ ਸਾਬਿਤ ਹੋਵੇਗੀ, ਉਸ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Babita

This news is Content Editor Babita