ਪਿਛਲੇ ਸਾਲ ਦੇ ਮੁਕਾਬਲੇ ਭਾਖੜਾ ''ਚ 59 ਫੁੱਟ ਤੇ ਰਣਜੀਤ ਸਾਗਰ ਡੈਮ ''ਚ 13 ਮੀਟਰ ਪਾਣੀ ਘਟਿਆ

06/13/2018 6:47:13 AM

ਪਟਿਆਲਾ  (ਪਰਮੀਤ) - ਪੰਜਾਬ ਵਿਚ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਦੀ ਤਿਆਰੀ ਹੈ। ਕਈ ਜ਼ਿਲਿਆਂ ਵਿਚ ਤਾਂ ਕਿਸਾਨਾਂ ਵੱਲੋਂ ਸਰਕਾਰੀ ਤੌਰ 'ਤੇ ਤੈਅ 20 ਜੂਨ ਤੋਂ ਪਹਿਲਾਂ ਵੀ ਝੋਨਾ ਲਾਉਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਸ ਸੀਜ਼ਨ ਮੌਕੇ ਪਾਵਰਕਾਮ ਲਈ ਚਿੰਤਾ ਦੀ ਗੱਲ ਇਹ ਸਾਹਮਣੇ ਆਈ ਹੈ ਕਿ ਐਤਕੀਂ ਭਾਖੜਾ ਡੈਮ ਵਿਚ ਪਿਛਲੇ ਸਾਲ ਦੇ ਮੁਕਾਬਲੇ 59 ਫੁੱਟ ਅਤੇ ਰਣਜੀਤ ਸਾਗਰ ਡੈਮ ਵਿਚ 13.41 ਮੀਟਰ ਪਾਣੀ ਘਟ ਗਿਆ ਹੈ ਜਦ ਕਿ ਬਿਜਲੀ ਦੀ ਮੰਗ ਪਿਛਲੇ ਸਾਲ ਨਾਲੋਂ 1818 ਮੈਗਾਵਾਟ ਵਧ ਗਈ ਹੈ।
ਭਾਖੜਾ ਡੈਮ ਵਿਚ ਇਸ ਵੇਲੇ ਪਾਣੀ ਦਾ ਪੱਧਰ 1507.36 ਫੁੱਟ ਹੈ ਜਦ ਕਿ ਪਿਛਲੇ ਸਾਲ ਇਹ ਪੱਧਰ 1566.21 ਫੁੱਟ ਸੀ। ਹੁਣ 58.85 ਫੁੱਟ ਦਾ ਅੰਤਰ ਹੈ। ਇਹੀ ਹਾਲ ਰਣਜੀਤ ਸਾਗਰ ਡੈਮ ਦਾ ਹੈ। ਇਸ ਡੈਮ ਵਿਚ ਇਸ ਵੇਲੇ ਪਾਣੀ ਦਾ ਪੱਧਰ 501.73 ਮੀਟਰ ਹੈ। ਪਿਛਲੇ ਸਾਲ ਇਹ ਪੱਧਰ 515.14 ਮੀਟਰ ਸੀ। ਇਹ ਪਿਛਲੇ ਸਾਲ ਨਾਲੋਂ 13.41 ਮੀਟਰ ਘੱਟ ਹੈ। ਪਾਵਰਕਾਮ ਲਈ ਕੁਝ ਸੰਤੁਸ਼ਟੀ ਇਸ ਗੱਲ ਦੀ ਹੈ ਕਿ ਇਸ ਵੇਲੇ ਪੌਂਗ ਡੈਮ ਵਿਚ ਪਾਣੀ ਪਿਛਲੇ ਸਾਲ ਨਾਲੋਂ 4 ਫੁੱਟ ਜ਼ਿਆਦਾ ਹੈ। ਪਿਛਲੇ ਸਾਲ ਜੋ ਪਾਣੀ 1292.12 ਫੁੱਟ ਸੀ, ਐਤਕੀਂ ਉਹ 1296.68 ਫੁੱਟ ਹੈ। ਇਹੀ ਹਾਲ ਡੇਹਰ ਡੈਮ ਦਾ ਹੈ ਜਿਸ ਵਿਚ ਪਿਛਲੇ ਸਾਲ ਦੇ ਮੁਕਾਬਲੇ 13 ਫੁੱਟ ਪਾਣੀ ਜ਼ਿਆਦਾ ਹੈ। ਪਿਛਲੇ ਸਾਲ ਇਸ ਡੈਮ ਵਿਚ ਪਾਣੀ 2920.07 ਫੁੱਟ ਸੀ। ਐਤਕੀਂ ਵਧ ਕੇ 2933.07 ਫੁੱਟ ਹੈ। ਇਸ ਵੇਲੇ ਪੰਜਾਬ ਵਿਚ ਬਿਜਲੀ ਦੀ ਮੰਗ 8229 ਮੈਗਾਵਾਟ ਚੱਲ ਰਹੀ ਹੈ ਜੋ ਕਿ ਪਿਛਲ ਸਾਲ ਦੀ 6411 ਮੈਗਾਵਾਟ ਨਾਲੋਂ 1818 ਮੈਗਾਵਾਟ ਜ਼ਿਆਦਾ ਹੈ। ਕੱਲ ਇਹ ਮੰਗ 7560 ਮੈਗਾਵਾਟ ਸੀ।
ਇਸ ਦੌਰਾਨ ਕੋਲਾ ਸੰਕਟ ਦਾ ਸਾਹਮਣਾ ਕਰ ਰਹੇ ਥਰਮਲ ਪਲਾਂਟਾਂ ਵਿਚ ਕੋਲੇ ਦੀ ਹਾਲਤ ਵਿਚ ਸੁਧਾਰ ਹੁੰਦਾ ਨਜ਼ਰ ਆ ਰਿਹਾ ਹੈ। ਰਾਜਪੁਰਾ ਪਲਾਂਟ ਜਿਸ ਦਾ ਇਕ ਯੂਨਿਟ 3 ਜੂਨ ਨੂੰ ਕੋਲੇ ਦੀ ਘਾਟ ਕਾਰਨ ਬੰਦ ਕਰਨਾ ਪਿਆ ਸੀ, ਲੰਘੇ ਕੱਲ ਸ਼ੁਰੂ ਕਰ ਦਿੱਤਾ ਗਿਆ ਹੈ। ਹੁਣ ਪਲਾਂਟ ਵਿਚ 5 ਦਿਨਾਂ ਦਾ ਕੋਲਾ ਸਟਾਕ ਪਿਆ ਹੈ। ਤਲਵੰਡੀ ਸਾਬੋ ਪਲਾਂਟ ਦੇ ਇਸ ਵੇਲੇ ਤਿੰਨੋਂ ਯੂਨਿਟ ਚਾਲੂ ਹਨ। ਇਸ ਵਿਚ 2.08  ਦਿਨਾਂ ਦਾ ਕੋਲਾ ਪਿਆ ਹੈ। ਗੋਇੰਦਵਾਲ ਸਾਹਿਬ ਪਲਾਂਟ ਵਿਚ 9.5 ਦਿਨਾਂ ਦਾ ਕੋਲਾ ਭੰਡਾਰ ਪਿਆ ਹੈ। ਸਰਕਾਰੀ ਪਲਾਂਟਾਂ ਵਿਚ ਰੋਪੜ ਪਲਾਂਟ ਵਿਚ ਇਸ ਵੇਲੇ 288.4 ਦਿਨ ਤੇ ਲਹਿਰਾ ਮੁਹੱਬਤ ਵਿਚ 21.8 ਦਿਨ ਦਾ ਕੋਲਾ ਭੰਡਾਰ ਬਾਕੀ ਪਿਆ ਹੈ। ਇਸ ਵੇਲੇ ਲਹਿਰਾ ਮੁਹੱਬਤ ਪਲਾਂਟ ਦਾ ਇਕ, ਰੋਪੜ ਦਾ ਇਕ, ਰਾਜਪੁਰਾ ਦੇ ਦੋਵੇਂ, ਤਲਵੰਡੀ ਸਾਬੋ ਦੇ ਤਿੰਨੋਂ ਤੇ ਗੋਇੰਦਵਾਲ ਸਾਹਿਬ ਪਲਾਂਟ ਦੇ ਦੋਵੇਂ ਯੂਨਿਟ ਚਾਲੂ ਹਨ।