ਪੰਜਾਬ 'ਚ 'ਜਲ ਸੰਕਟ' ਤੋਂ ਘਬਰਾਈ ਸਰਕਾਰ, ਮੀਂਹ ਦਾ ਪਾਣੀ ਕਰੇਗੀ ਰੀਚਾਰਜ

07/18/2019 4:55:29 PM

ਚੰਡੀਗੜ੍ਹ/ਜਲੰਧਰ: ਪੰਜਾਬ 'ਚ ਪਾਣੀ ਦੇ ਸੰਕਟ ਨੇ ਸਰਕਾਰ ਦੀ ਨੀਂਦ ਉਡਾ ਦਿੱਤੀ ਹੈ, ਜਿਸ ਤੋਂ ਬਾਅਦ ਸਰਕਾਰ ਵਲੋਂ ਮੀਂਹ ਦੇ ਪਾਣੀ ਨੂੰ ਰੀਚਾਰਜ ਕਰਨ ਸਬੰਧੀ ਬਣਾਏ ਗਏ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਸਰਕਾਰ ਨੇ ਕਰੀਬ 3 ਹਜ਼ਾਰ ਡੈਮ ਬਣਾਉਣ ਦਾ ਫੈਸਲਾ ਲਿਆ ਹੈ। ਸਰਕਾਰ 315 ਕਰੋੜ ਰੁਪਏ ਨਾਲ ਸੂਬੇ 'ਚ 3000 ਰੇਨ ਹਾਰਵੈਸਟਿੰਗ ਰੀਚਾਰਜ ਸਟਰਕਚਰ ਲਗਾਵੇਗੀ। ਇਨ੍ਹਾਂ 'ਚੋਂ 305 ਚੈੱਕ ਡੈਮ ਅਤੇ ਡੈਮ ਸ਼ਾਮਲ ਕੀਤੇ ਜਾਣਗੇ ਤਾਂ ਜੋ ਪਾਣੀ ਨੂੰ ਰੀਚਾਰਜ ਕਰਕੇ ਇਸਤੇਮਾਲ ਲਾਇਕ ਬਣਾਇਆ ਜਾ ਸਕੇ।
ਇੰਝ ਹੋਵੇਗਾ ਪਾਣੀ ਸਟੋਰ
ਸੂਬੇ ਭਰ 'ਚ ਕਰੀਬ 20,500 ਛੱਪੜ ਹਨ, ਜਿਨ੍ਹਾਂ 'ਚ ਬਾਰਸ਼ ਦਾ ਪਾਣੀ ਇਕੱਠਾ ਹੁੰਦਾ ਹੈ। ਸਰਕਾਰ ਨੇ ਫੈਸਲਾ ਕੀਤਾ ਹੈ ਕਿ ਇਨ੍ਹਾਂ ਸਾਰੇ ਛੱਪੜਾਂ ਨੂੰ ਕੰਕਰੀਟ ਨਾਲ ਬਣਾਇਆ ਜਾਵੇਗਾ, ਜਿਸ ਨਾਲ ਪਾਣੀ ਦੀ ਸਟੋਰੇਜ 'ਚ ਵਾਧਾ ਹੋਵੇਗਾ। ਇਸ ਪਾਣੀ ਨੂੰ ਰੀਚਾਰਜ ਕਰਕੇ ਖੇਤਾਂ ਦੇ ਯੋਗ ਬਣਾਇਆ ਜਾਵੇਗਾ। ਪਾਇਲਟ ਪ੍ਰਾਜੈਕਟ ਦੇ ਤੌਰ 'ਤੇ ਪਹਿਲਾਂ 100 ਛੱਪੜਾਂ ਨੂੰ ਲਿਆ ਜਾਵੇਗਾ ਅਤੇ ਫਿਰ ਬਾਕੀਆਂ 'ਤੇ ਕੰਮ ਸ਼ੁਰੂ ਕੀਤਾ ਜਾਵੇਗਾ।
2 ਤਰੀਕਿਆਂ ਨਾਲ ਰੀਚਾਰਜ ਹੋਵੇਗਾ ਪਾਣੀ
ਸਰਕਾਰ ਨੇ 2 ਤਰੀਕਿਆਂ ਨਾਲ ਪਾਣੀ ਨੂੰ ਰੀਚਾਰਜ ਕਰਨ ਦੀ ਯੋਜਨਾ ਬਣਾਈ ਹੈ। ਇਕ ਤਾਂ ਉਹ ਪਾਣੀ ਜੋ ਖੇਤਾਂ ਤੋਂ ਨਿਕਲੇਗਾ ਅਤੇ ਦੂਜਾ ਸਾਰੀਆਂ ਸਰਕਾਰੀ ਇਮਾਰਤਾਂ, ਸਕੂਲ, ਕਾਲਜ ਸਾਰੇ ਸਰਕਾਰੀ ਦਫਤਰ, ਸੰਸਥਾਵਾਂ ਤੋਂ ਜੋ ਮੀਂਹ ਦਾ ਪਾਣੀ ਨਿਕਲਦਾ ਹੈ, ਉਸ ਨੂੰ ਰੀਚਾਰਜ ਕੀਤਾ ਜਾਵੇਗਾ। ਇਨ੍ਹਾਂ ਸਾਰਿਆਂ 'ਚ ਇੰਜੈਕਸ਼ਨ ਬੋਰਵੈੱਲ ਲਾਏ ਜਾਣਗੇ, ਜਿਸ ਨਾਲ ਪਾਣੀ ਨੂੰ ਰੀਚਾਰਜ ਕੀਤਾ ਜਾ ਸਕੇ।

Babita

This news is Content Editor Babita