ਸੀ. ਪੀ. ਐੱਫ. ਕਰਮਚਾਰੀਆਂ ਨੇ ਮੰਗਾਂ ਸੰਬੰਧੀ ਸ਼ਹਿਰ ''ਚ ਕੀਤਾ ਰੋਸ ਮਾਰਚ

02/01/2018 7:01:52 AM

ਗੁਰਦਾਸਪੁਰ, (ਵਿਨੋਦ, ਦੀਪਕ)- ਪੀ. ਡਬਲਯੂ. ਡੀ. ਦਫ਼ਤਰ ਗੁਰਦਾਸਪੁਰ ਵਿਖੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ ਲਈ ਵੱਖ-ਵੱਖ ਵਿਭਾਗਾਂ ਦੇ ਸੀ. ਪੀ. ਐੱਫ. ਕਰਮਚਾਰੀ ਇਕੱਠੇ ਹੋਏ ਤੇ ਰੋਸ ਮਾਰਚ ਕਰਨ ਉਪਰੰਤ ਜ਼ਿਲਾ ਪ੍ਰਧਾਨ ਪੁਨੀਤ ਸਾਗਰ ਤੇ ਹੋਰ ਸਾਥੀਆਂ ਵੱਲੋਂ ਹਲਕਾ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਨੂੰ ਮੰਗ-ਪੱਤਰ ਦਿੱਤਾ ਗਿਆ।ਇਸ ਮੌਕੇ ਬੁਲਾਰਿਆਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ 2017 ਦੌਰਾਨ ਕਾਂਗਰਸ ਪਾਰਟੀ ਦੇ ਉੱਚ ਆਗੂਆਂ ਵੱਲੋਂ ਯੂਨੀਅਨ ਦੀ ਇਕੋ-ਇਕ ਮੰਗ ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਦਾ ਸਮਰਥਨ ਕੀਤਾ ਗਿਆ ਸੀ ਪਰ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਨੂੰ 10 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਜਾਣ ਉਪਰੰਤ ਵੀ ਯੂਨੀਅਨ ਨੂੰ ਸਰਕਾਰ ਵੱਲੋਂ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਜਾ ਰਿਹਾ, ਜਿਸ ਕਾਰਨ ਮੁਲਾਜ਼ਮਾਂ 'ਚ ਸਰਕਾਰ ਖਿਲਾਫ ਰੋਸ ਹੈ।
ਯੂਨੀਅਨ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਇਹ ਮੰਗ ਪੰਜਾਬ ਸਰਕਾਰ ਦੇ 1.50 ਲੱਖ ਸਰਕਾਰੀ ਕਰਮਚਾਰੀਆਂ, ਅਧਿਕਾਰੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਸਿੱਧੇ ਤੌਰ 'ਤੇ ਸੰਬੰਧ ਰੱਖਦੀ ਹੈ ਤੇ ਪੰਜਾਬ ਦੇ ਸਾਰੇ ਮੁਲਾਜ਼ਮਾਂ ਨੂੰ ਸੂਬਾ ਸਰਕਾਰ ਤੋਂ ਬਹੁਤ ਉਮੀਦਾਂ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨਾਲ ਜਲਦ ਮੀਟਿੰਗ ਕਰਵਾਉਣ ਦੀ ਅਪੀਲ ਕੀਤੀ।ਇਸ ਮੌਕੇ ਅਰਵਿੰਦ ਸ਼ਰਮਾ ਜ਼ਿਲਾ ਜਨਰਲ ਸਕੱਤਰ, ਸਰਬਜੀਤ ਸਿੰਘ ਜ਼ਿਲਾ ਚੇਅਰਮੈਨ, ਅਜੇ ਕੁਮਾਰ, ਰਾਜਵੀਰ ਸਿੰਘ, ਪ੍ਰਭਜੋਤ ਸਿੰਘ, ਨਵਜੋਤ ਸਿੰਘ, ਅਮਨਜੋਤ, ਮਨਪ੍ਰੀਤ, ਹਰਪਾਲ ਸਿੰਘ, ਗੁਰਬਖਸ਼ ਕੌਰ, ਨੇਹਾ ਸ਼ਰਮਾ, ਪਲਵਿੰਦਰ ਸਿੰਘ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਹਨ।