ਕਰੰਟ ਲੱਗਣ ਨਾਲ ਕਿਸਾਨ ਦੀ ਹੋਈ ਮੌਤ

06/21/2018 11:59:42 AM

ਵੈਰੋਵਾਲ (ਗਿੱਲ) : ਥਾਣਾ ਵੈਰੋਵਾਲ ਅਧੀਨ ਆਉਂਦੇ ਪਿੰਡ ਸਰਲੀ ਕਲਾ ਵਿਖੇ ਇਕ ਵਿਅਕਤੀ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਵਰਿਆਮ ਸਿੰਘ (57) ਪੁੱਤਰ ਸੋਹਣ ਸਿੰਘ ਜੋ ਪਿੰਡ ਦੇ ਹੀ ਨਜ਼ਦੀਕ ਖੇਤਾਂ 'ਚ ਬਣੇ ਘਰ 'ਚ ਰਹਿੰਦਾ ਸੀ, ਜਦੋਂ ਉਹ ਸਵੇਰੇ ਆਪਣੇ ਖੇਤਾਂ 'ਚ ਪਾਣੀ ਲਾਉਣ ਲਈ ਗਿਆ ਤਾਂ ਟਰਾਸਫਾਰਮ ਦਾ ਫਿਉਜ਼ ਉੱਡ ਜਾਣ ਕਾਰਣ ਮੋਟਰ ਨਾ ਚੱਲਣ ਉਪਰੰਤ ਵਰਿਆਮ ਸਿੰਘ ਟਰਾਸਫਾਰਮ ਉਪਰ ਫਿਉਜ਼ ਪਾਉਣ ਲਈ ਚੜਿਆ ਤਾਂ ਉਸਨੂੰ ਬਿਜਲੀ ਦਾ ਜ਼ੋਰਦਾਰ ਝਟਕਾ ਲੱਗਾ, ਜਿਸ ਕਾਰਨ ਉਹ ਜ਼ਮੀਨ 'ਤੇ ਡਿੱਗ ਗਿਆ ਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਰਿਆਮ ਆਪਣੇ ਪਿਛੇ ਆਪਣੀ ਵਿਧਵਾ ਪਤਨੀ ਅਤੇ ਇਕ ਲੜਕੀ ਛੱਡ ਗਿਆ ਹੈ। 
ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਵੈਰੋਵਾਲ ਦੇ ਐੱਸ.ਐੱਚ.ਓ. ਉਪਕਾਰ ਸਿੰਘ ਮੌਕੇ 'ਤੇ ਪਹੁੰਚੇ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਮੌਕੇ ਕਿਸਾਨ ਸਘੰਰਸ਼ ਕਮੇਟੀ ਦੇ ਜੋਨ ਪ੍ਰਧਾਨ ਦਿਆਲ ਸਿੰਘ ਮੀਆਂਵਿੰਡ ਵੀ ਪਹੁੰਚੇ ਅਤੇ ਸੰਘਰਸ਼ ਕਮੇਟੀ ਦੇ ਆਗੂਆ ਨੇ ਸਰਕਾਰ ਕੋਲੋਂ ਕਿਸਾਨ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਕੀਤੀ ।