ਸਾਊਥ ਕੋਰੀਆ ਤਾਇਕਵਾਂਡੋ ਕੱਪ ''ਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਮੁਕਤਸਰ ਪਰਤੀ ਇੰਦਰਜੀਤ ਕੌਰ ਦਾ ਕੀਤਾ ਨਿੱਘਾ ਸਵਾਗਤ

11/26/2017 3:39:03 PM


ਸ੍ਰੀ ਮੁਕਤਸਰ ਸਾਹਿਬ/ਮੰਡੀ ਲੱਖੇਵਾਲੀ (ਪਵਨ ਤਨੇਜਾ, ਸੁਖਪਾਲ ਢਿੱਲੋ) - ਸਾਊਥ ਕੋਰੀਆ ਵਿਚ ਆਯੋਜਿਤ ਕਿਮਯੁਨਯੰਗ ਕੱਪ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਸ੍ਰੀ ਮੁਕਤਸਰ ਸਾਹਿਬ ਪਰਤੀ ਖਿਡਾਰਣ ਇੰਦਰਜੀਤ ਕੌਰ ਦਾ ਸਥਾਨਕ ਬੈਂਕ ਰੋਡ ਸਥਿਤ ਸੂਰੀਆ ਜਿੰਮ ਵਿਖੇ ਸ਼ਾਨਦਾਰ ਸਵਾਗਤ ਕੀਤਾ ਗਿਆ। ਵਰਨਣਯੋਗ ਹੈ ਕਿ ਪਿਛਲੀ ਦਿਨੀਂ ਸਾਊਥ ਕੋਰੀਆ ਵਿਚ ਇੰਟਰਨੈਸ਼ਨਲ ਤਾਇਕਵਾਂਡੋ ਚੈਂਪੀਅਨਸ਼ਿਪ ਦਾ ਆਯੋਜਨ ਹੋਇਆ ਸੀ, ਜਿਸ ਵਿਚ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਾਗਸਰ ਦੀ ਜੰਮਪਲ ਅਤੇ ਗੁਰੂ ਨਾਨਕ ਕਾਲਜ ਫਾਰ ਗਰਲਜ਼ ਦੀ ਬੀ. ਏ. ਭਾਗ ਦੂਜਾ ਦੀ ਵਿਦਿਆਰਥਣ ਇੰਦਰਜੀਤ ਕੌਰ ਨੇ ਭਾਗ ਲਿਆ। ਤਾਇਕਵਾਂਡੋ ਬੋਰਡ ਆਫ਼ ਇੰਡੀਆ ਦੇ ਕੌਮੀ ਪ੍ਰਧਾਨ ਸੰਦੀਪ ਸੂਰੀਆ ਦੀ ਅਗਵਾਈ 'ਚ ਇਸ ਚੈਂਪੀਅਨਸ਼ਿਪ 'ਚ ਹਿੱਸਾ ਲੈਂਦਿਆ ਇੰਦਰਜੀਤ ਕੌਰ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਚੈਂਪੀਅਨਸ਼ਿਪ ਵਿਚ 27 ਦੇਸ਼ਾਂ ਦੇ ਖਿਡਾਰੀਆਂ ਨੇ ਉਤਸਾਹ ਨੇ ਹਿੱਸਾ ਲਿਆ। ਸ੍ਰੀ ਮੁਕਤਸਰ ਸਾਹਿਬ ਪਹੁੰਚਣ 'ਤੇ ਖੇਡ ਪ੍ਰੇਮੀਆਂ ਨੇ ਇੰਦਰਜੀਤ ਕੌਰ ਦਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਇੰਦਰਜੀਤ ਕੌਰ ਨੇ ਕਿਹਾ ਕਿ ਉਹ ਸਾਊਥ ਕੋਰੀਆ ਵਿਚ ਖੇਡ ਕੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਵਾਪਸ ਪਰਤੀ ਹੈ। ਹਾਲਾਂਕਿ ਉਸ ਨੂੰ ਕੋਈ ਵੱਡਾ ਇਨਾਮ ਤਾਂ ਨਹੀਂ ਮਿਲਿਆ ਪਰ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸ ਨੂੰ ਹੌਸਲਾ ਅਫ਼ਜਾਈ ਪੁਰਸਕਾਰ ਜਰੂਰ ਮਿਲਿਆ ਹੈ। ਉਸ ਲਈ ਇੰਨੇ ਵੱਡੇ ਪੱਧਰ 'ਤੇ ਖੇਡ ਕੇ ਵਾਪਸ ਪਰਤਣਾ ਉਸ ਲਈ ਬੜੇ ਮਾਣ ਦੀ ਗੱਲ ਹੈ। ਉਸ ਨੇ ਦੱਸਿਆ ਕਿ ਉਹ ਡੀ. ਪੀ. ਕੁਲਦੀਪ ਸਿੰਘ ਭੱਟੀ ਤੋਂ ਪ੍ਰੇਰਿਤ ਹੋ ਕੇ ਤਾਇਕਵਾਂਡੋ ਖੇਡ ਨਾਲ ਜੁੜੀ ਸੀ। ਉਸ ਨੂੰ ਖੁਸ਼ੀ ਹੈ ਕਿ ਅੱਜ ਉਹ ਇਸ ਖੇਡ ਵਿਚ ਨਾਮਣਾ ਖੱਟ ਰਹੀ ਹੈ। ਕੌਮੀ ਪ੍ਰਧਾਨ ਸੰਦੀਪ ਸੂਰੀਆ ਨੇ ਇਸ ਵਿਦਿਆਰਥਣ ਦੇ ਉਜਵੱਲ ਭਵਿੱਖ ਦੀ ਕਾਮਨਾ ਕੀਤੀ ਹੈ। ਵਰਨਣਯੋਗ ਹੈ ਕਿ ਪਿੰਡ ਭਾਗਸਰ ਦੀ ਇਹ ਖਿਡਾਰਨ ਪਹਿਲਾ ਵੀ ਜ਼ਿਲ੍ਹਾ, ਸੂਬਾ ਅਤੇ ਕੌਮੀ ਪੱਧਰ ਤੇ ਖੇਡ ਕੇ ਆਪਣੇ ਪਿੰਡ ਅਤੇ ਰਾਜ ਦਾ ਨਾਮ ਰੋਸ਼ਨ ਕਰ ਚੁੱਕੀ ਹੈ।