ਵਰਿਆਣਾ ਡੰਪ ਮਾਮਲੇ ’ਚ NGT ਤੇ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਵੀ ਲਾਰੇ-ਲੱਪੇ ਹੀ ਲਾਈ ਜਾ ਰਿਹੈ ਨਿਗਮ

07/22/2023 11:16:19 AM

ਜਲੰਧਰ (ਖੁਰਾਣਾ)–ਇਸ ਸਮੇਂ ਜਲੰਧਰ ਸ਼ਹਿਰ ਦੀ ਆਬਾਦੀ 10 ਲੱਖ ਦਾ ਅੰਕੜਾ ਪਾਰ ਕਰ ਚੁੱਕੀ ਹੈ ਅਤੇ ਇਕ ਅਨੁਮਾਨ ਮੁਤਾਬਕ 500 ਟਨ ਤੋਂ ਜ਼ਿਆਦਾ ਕੂੜਾ ਹਰ ਰੋਜ਼ ਜਲੰਧਰ ਸ਼ਹਿਰ ਵਿਚੋਂ ਨਿਕਲਦਾ ਹੈ। ਸ਼ਹਿਰ ਦਾ ਸਾਰਾ ਕੂੜਾ ਪਿਛਲੇ ਲੰਮੇ ਸਮੇਂ ਤੋਂ ਵਰਿਆਣਾ ਡੰਪ ’ਤੇ ਸੁੱਟਿਆ ਜਾ ਰਿਹਾ ਹੈ, ਜਿਸ ਕਾਰਨ ਹੁਣ ਉਥੇ ਕੂੜੇ ਦੇ ਪਹਾੜ ਖੜ੍ਹੇ ਹੋ ਗਏ ਹਨ। ਏਕੜਾਂ ਵਿਚ ਫੈਲਿਆ ਵਰਿਆਣਾ ਡੰਪ ਹੁਣ ਕੂੜੇ ਨਾਲ ਪੂਰੀ ਤਰ੍ਹਾਂ ਭਰ ਚੁੱਕਾ ਹੈ। ਬਰਸਾਤ ਦੇ ਦਿਨਾਂ ਵਿਚ ਵਰਿਆਣਾ ਡੰਪ ’ਤੇ ਪਏ ਕੂੜੇ ਨਾਲ ਜਿਹੜੀ ਦਲਦਲ ਬਣ ਜਾਂਦੀ ਹੈ, ਉਸ ਕਾਰਨ ਡੰਪ ਤਕ ਆਉਣ-ਜਾਣ ਦੇ ਸਾਰੇ ਰਸਤੇ ਇੰਨੇ ਖਰਾਬ ਹੋ ਜਾਂਦੇ ਹਨ ਕਿ ਉਥੇ ਕੂੜੇ ਦੀਆਂ ਗੱਡੀਆਂ ਲਿਜਾਣਾ ਨਾਮੁਮਕਿਨ ਜਿਹਾ ਹੁੰਦਾ ਹੈ।

ਇਨ੍ਹੀਂ ਦਿਨੀਂ ਵੀ ਕੂੜੇ ਵਾਲੀਆਂ ਗੱਡੀਆਂ ਨੂੰ ਡੰਪ ਤਕ ਜਾਣ ਵਿਚ ਮੁਸ਼ਕਲ ਪੇਸ਼ ਆ ਰਹੀ ਹੈ, ਜਿਸ ਕਾਰਨ ਸ਼ਹਿਰ ਦਾ ਸਾਰਾ ਕੂੜਾ ਕੋਹਿਨੂਰ ਰਬੜ ਫੈਕਟਰੀ ਦੇ ਪਿੱਛੇ ਨਵੇਂ ਡੰਪ ਵਿਚ ਸੁੱਟਿਆ ਜਾ ਰਿਹਾ ਹੈ। ਉਥੇ ਵੀ ਲੋਕਾਂ ਨੇ ਵਿਰੋਧ ਸ਼ੁਰੂ ਕਰ ਦਿੱਤਾ ਹੈ। ਲੋਕਾਂ ਦਾ ਕਹਿਣਾ ਹੈ ਕਿ ਵਰਿਆਣਾ ਦੇ ਨੇੜਲੇ ਇਲਾਕੇ ਨੂੰ ਤਾਂ ਜਲੰਧਰ ਨਿਗਮ ਨਰਕ ਵਿਚ ਤਬਦੀਲ ਕਰ ਹੀ ਚੁੱਕਾ ਹੈ ਪਰ ਹੁਣ ਕਪੂਰਥਲਾ ਰੋਡ ’ਤੇ ਵੀ ਅਜਿਹਾ ਹੀ ਹੋਣ ਜਾ ਰਿਹਾ ਹੈ ਤੇ ਨਿਗਮ ਉਥੇ ਮਿੰਨੀ ਵਰਿਆਣਾ ਬਣਾਉਣ ਦੀ ਤਿਆਰੀ ਵਿਚ ਹੈ।

ਇਹ ਵੀ ਪੜ੍ਹੋ-  ਪੰਜਾਬ 'ਚ ਪਏ ਭਾਰੀ ਮੀਂਹ ਦੇ ਚੱਲਦਿਆਂ ਕਿਸਾਨਾਂ ਨੂੰ ਇਹ ਵੱਡੀ ਰਾਹਤ ਦੇ ਸਕਦੀ ਹੈ ਮਾਨ ਸਰਕਾਰ

ਫਿਰ ਲੱਖਾਂ ਦਾ ਜੁਰਮਾਨਾ ਠੋਕ ਸਕਦੇ ਹਨ ਪ੍ਰਦੂਸ਼ਣ ਕੰਟਰੋਲ ਬੋਰਡ ਅਤੇ ਐੱਨ. ਜੀ. ਟੀ.
ਨੈਸ਼ਨਲ ਗਰੀਨ ਟ੍ਰਿਬਿਊਨਲ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਜਲੰਧਰ ਨਿਗਮ ਨੂੰ ਕਈ ਵਾਰ ਵਰਿਆਣਾ ਡੰਪ ਦੀ ਦਸ਼ਾ ਸੁਧਾਰਨ ਸਬੰਧੀ ਨਿਰਦੇਸ਼ ਦੇ ਚੁੱਕੇ ਹਨ ਪਰ ਅੱਜ ਤਕ ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਨੇ ਕੁਝ ਨਹੀਂ ਕੀਤਾ। ਨਿਰਦੇਸ਼ਾਂ ਵਿਚ ਕਿਹਾ ਗਿਆ ਸੀ ਕਿ ਨਿਗਮ ਡੰਪ ਦੇ ਆਲੇ-ਦੁਆਲੇ ਚਾਰਦੀਵਾਰੀ ਕਰੇ, ਡਰੇਨ ਬਣਾਵੇ ਤਾਂ ਕਿ ਕੂੜੇ ਵਿਚੋਂ ਨਿਕਲਦਾ ਪਾਣੀ ਉਸ ਡਰੇਨ ਵਿਚ ਜਾ ਸਕੇ। ਉਸ ਪਾਣੀ ਨੂੰ ਟਰੀਟ ਕਰਨ ਲਈ ਵੀ ਟਰੀਟਮੈਂਟ ਪਲਾਂਟ ਲਾਉਣ ਦੇ ਨਿਰਦੇਸ਼ ਦਿੱਤੇ ਗਏ ਪਰ ਹੋਇਆ ਕੁਝ ਨਹੀਂ। ਨਿਗਮ ਅਧਿਕਾਰੀ ਦੋਵਾਂ ਨੂੰ ਹੀ ਲਾਰੇ-ਲੱਪੇ ਲਾਉਂਦੇ ਚਲੇ ਆ ਰਹੇ ਹਨ। ਨਿਗਮ ਦੀ ਨਾਲਾਇਕੀ ਤੋਂ ਤੰਗ ਆ ਕੇ ਇਕ ਵਾਰ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਨਿਗਮ ਨੂੰ 25 ਲੱਖ ਦਾ ਜੁਰਮਾਨਾ ਠੋਕਿਆ ਸੀ। ਹੁਣ ਵੀ ਅਜਿਹੇ ਹਾਲਾਤ ਬਣ ਰਹੇ ਹਨ ਅਤੇ ਪ੍ਰਦੂਸ਼ਣ ਕੰਟਰੋਲ ਬੋਰਡ ਨਿਗਮ ਦੀ ਬੈਂਕ ਗਾਰੰਟੀ ਨੂੰ ਜ਼ਬਤ ਤਕ ਕਰ ਸਕਦਾ ਹੈ। ਇਸੇ ਤਰ੍ਹਾਂ ਐੱਨ. ਜੀ. ਟੀ. ਨੇ ਵੀ ਪੰਜਾਬ ਸਰਕਾਰ ’ਤੇ ਕਰੋੜਾਂ ਦਾ ਜੁਰਮਾਨਾ ਠੋਕਿਆ ਸੀ। ਐੱਨ. ਜੀ. ਟੀ. ਨੇ ਜਲੰਧਰ ਨਿਗਮ ਨੂੰ ਵਰਿਆਣਾ ਵਿਚ ਬਾਇਓ-ਮਾਈਨਿੰਗ ਦਾ ਕੰਮ 31 ਮਾਰਚ 2024 ਤਕ ਖ਼ਤਮ ਕਰਨ ਦੇ ਨਿਰਦੇਸ਼ ਦਿੱਤੇ ਹੋਏ ਹਨ ਤਾਂ ਕਿ ਸਾਰਾ ਕੂੜਾ ਖਤਮ ਹੋ ਸਕੇ ਪਰ ਗਨੀਮਤ ਉਦੋਂ ਹੋਵੇਗੀ, ਜਦੋਂ ਉਥੇ ਬਾਇਓ-ਮਾਈਨਿੰਗ ਪਲਾਂਟ ਲੱਗਣਾ ਹੀ ਸ਼ੁਰੂ ਹੋ ਜਾਵੇ। ਇਸ ਮਾਮਲੇ ਵਿਚ ਨਿਗਮ ਅਧਿਕਾਰੀਆਂ ਦੀ ਨਾਲਾਇਕੀ ਸ਼ਹਿਰ ਲਈ ਕਾਫ਼ੀ ਮਹਿੰਗੀ ਸਾਬਿਤ ਹੋ ਰਹੀ ਹੈ।

ਇਹ ਵੀ ਪੜ੍ਹੋ-  ਸੁਲਤਾਨਪੁਰ ਲੋਧੀ ਵਿਖੇ ਚਾਚੇ ਦੀ ਪ੍ਰੇਮਿਕਾ ਵੱਲੋਂ ਬੱਚੇ ਨੂੰ ਕਤਲ ਕਰਨ ਦੇ ਮਾਮਲੇ 'ਚ ਸਾਹਮਣੇ ਆਈ ਇਹ ਗੱਲ

ਹਰ ਸਾਲ ਮਲਬਾ ਸੁੱਟ ਕੇ ਬਣਾਇਆ ਜਾਂਦਾ ਹੈ ਡੰਪ ਦਾ ਰਸਤਾ
ਬਰਸਾਤ ਦੇ ਦਿਨਾਂ ਵਿਚ ਜਦੋਂ ਡੰਪ ਵੱਲ ਜਾਣ ਵਾਲੇ ਸਾਰੇ ਰਸਤੇ ਦਲਦਲ ਨਾਲ ਭਰ ਜਾਂਦੇ ਹਨ, ਉਦੋਂ ਨਿਗਮ ਸ਼ਹਿਰ ਵਿਚੋਂ ਮਲਬਾ ਚੁੱਕ ਕੇ ਇਨ੍ਹਾਂ ਰਸਤਿਆਂ ’ਤੇ ਪਾਉਂਦਾ ਹੈ ਤਾਂ ਕਿ ਗੱਡੀਆਂ ਆ-ਜਾ ਸਕਣ। ਅਜਿਹਾ ਕਰ ਕੇ ਹਜ਼ਾਰਾਂ ਟਨ ਮਲਬਾ ਵਰਿਆਣਾ ਡੰਪ ’ਤੇ ਸੁੱਟਿਆ ਜਾ ਚੁੱਕਾ ਹੈ ਅਤੇ ਹੁਣ ਵੀ ਰਸਤਾ ਬਣਾਉਣ ਲਈ ਮਲਬੇ ਦੀ ਹੀ ਵਰਤੋਂ ਹੋ ਰਹੀ ਹੈ। ਸਮਾਰਟ ਸਿਟੀ ਨੇ ਸ਼ਹਿਰ ਦੇ ਮਲਬੇ ਨੂੰ ਕਈ ਉਤਪਾਦਾਂ ਵਿਚ ਬਦਲਣ ਲਈ ਸੀ. ਐਂਡ ਡੀ. ਪਲਾਂਟ ਲਾਇਆ ਹੋਇਆ ਹੈ, ਜਿਸ ਦੇ ਲਈ ਨਿਗਮ ਮਲਬਾ ਮੁਹੱਈਆ ਨਹੀਂ ਕਰਵਾ ਰਿਹਾ ਪਰ ਸਾਰਾ ਕੀਮਤੀ ਮਲਬਾ ਕੂੜੇ ਵਿਚ ਸੁੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ-  ਸੜਕ 'ਤੇ ਲੰਮੇ ਪੈ ਕੇ ਪੁਲਸ ਮੁਲਾਜ਼ਮ ਨੇ ਕੀਤਾ ਹਾਈਵੋਲਟੇਜ਼ ਡਰਾਮਾ, ਪੈ ਪਿਆ ਭੜਥੂ, ਵੀਡੀਓ ਹੋਈ ਵਾਇਰਲ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
 https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ

shivani attri

This news is Content Editor shivani attri