ਪੰਜਾਬ ਪੁਲਸ ਨੂੰ ਵੱਡੀ ਸਫ਼ਲਤਾ, ਜੈਪਾਲ ਗਿਰੋਹ ਦਾ ਲੋੜੀਂਦਾ ਗੈਂਗਸਟਰ ਝਾਰਖੰਡ ਤੋਂ ਗ੍ਰਿਫ਼ਤਾਰ

04/28/2021 9:32:21 AM

ਚੰਡੀਗੜ੍ਹ (ਰਮਨਜੀਤ) : ਪੰਜਾਬ ਪੁਲਸ ਦੀ ਸੰਗਠਿਤ ਅਪਰਾਧ ਰੋਕੂ ਇਕਾਈ (ਓ. ਸੀ. ਸੀ. ਯੂ.) ਨੇ ਐੱਸ. ਏ. ਐੱਸ. ਨਗਰ ਪੁਲਸ ਨਾਲ ਸਾਂਝੇ ਆਪ੍ਰੇਸ਼ਨ ਵਿਚ ਗੈਂਗਸਟਰ ਜੈਪਾਲ ਦੇ ਕਰੀਬੀ ਗੈਵੀ ਸਿੰਘ ਉਰਫ਼ ਵਿਜੈ ਉਰਫ਼ ਗਿਆਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜੈਪਾਲ ਪੁਲਸ ਦੇ ਦਬਾਅ ਕਾਰਨ ਸੂਬਾ ਛੱਡ ਕੇ ਫਰਾਰ ਹੋ ਗਿਆ ਸੀ। ਡਾਇਰੈਕਟਰ ਜਨਰਲ ਆਫ਼ ਪੁਲਸ (ਡੀ. ਜੀ.ਪੀ.) ਦਿਨਕਰ ਗੁਪਤਾ ਨੇ ਇੱਥੇ ਦੱਸਿਆ ਕਿ ਉਹ ਇਸ ਗਿਰੋਹ ਨੂੰ ਫੰਡਿੰਗ ਕਰਨ ਲਈ ਡਰੱਗ ਕਾਰਟਿਲ ਚਲਾ ਰਿਹਾ ਸੀ। ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਰਈਆ ਵਾਲਾ ਦੇ ਰਹਿਣ ਵਾਲੇ ਗੈਵੀ ਨੂੰ ਪੰਜਾਬ ਪੁਲਸ ਦੀ ਟੀਮ ਵੱਲੋਂ ਝਾਰਖੰਡ ਪੁਲਸ ਨਾਲ ਮਿਲ ਕੇ ਝਾਰਖੰਡ ਦੇ ਸਰਾਏ ਕਿਲ੍ਹਾ ਖਰਸਵਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਹ ਵੀ ਪੜ੍ਹੋ : 'ਆਸਾਮ' 'ਚ ਲੱਗੇ ਭੂਚਾਲ ਦੇ ਵੱਡੇ ਝਟਕੇ, 6.4 ਮਾਪੀ ਗਈ ਤੀਬਰਤਾ

ਮੁਲਜ਼ਮ ਨੇ ਫਿਰੋਜ਼ਪੁਰ ਦੀ ਜੇਲ੍ਹ ਵਿਚ ਬੰਦ ਗੈਂਗਸਟਰ ਚੰਦਨ ਉਰਫ਼ ਚੰਦੂ ਨਾਲ ਨਜ਼ਦੀਕੀ ਸਬੰਧ ਹੋਣ ਬਾਰੇ ਵੀ ਖ਼ੁਲਾਸਾ ਕੀਤਾ। ਪੁਲਸ ਨੇ ਉਸ ਕੋਲੋਂ ਇਕ ਟੋਆਇਟਾ ਫਾਰਚੂਨਰ ਐਸ. ਯੂ. ਵੀ., ਪੰਜ ਮੋਬਾਇਲ ਹੈਂਡਸੈੱਟ ਅਤੇ ਤਿੰਨ ਇੰਟਰਨੈੱਟ ਡੌਂਗਲਾਂ, ਜਿਨ੍ਹਾਂ ਦੀ ਵਰਤੋਂ ਉਹ ਨਸ਼ਾ ਅਤੇ ਅਪਰਾਧਿਕ ਨੈੱਟਵਰਕਾਂ ਨੂੰ ਚਲਾਉਣ ਲਈ ਕਰ ਰਿਹਾ ਸੀ, ਵੀ ਬਰਾਮਦ ਕੀਤੀਆਂ ਹਨ। ਗੈਵੀ ਦੇ ਪਾਕਿਸਤਾਨ ਅਤੇ ਜੰਮੂ-ਕਸ਼ਮੀਰ ਦੇ ਨਸ਼ਾ ਤਸਕਰਾਂ ਨਾਲ ਨਜ਼ਦੀਕੀ ਸਬੰਧ ਸਨ। ਉਸ ਨੂੰ ਪਾਕਿਸਤਾਨ ਤੋਂ ਵਾੜ ਦੇ ਥੱਲਿਓਂ ਪਾਈਪਾਂ ਰਾਹੀਂ ਜਾਂ ਨਦੀ ਵਿਚ ਪਾਣੀ ਦੀਆਂ ਟਿਊਬਾਂ ਦੀ ਵਰਤੋਂ ਰਾਹੀਂ ਨਸ਼ਿਆਂ ਅਤੇ ਹਥਿਆਰਾਂ ਦੀ ਸਪਲਾਈ ਭੇਜੀ ਜਾ ਰਹੀ ਸੀ। ਉਹ ਫਰਵਰੀ, 2020 ਵਿਚ 11 ਕਿੱਲੋ ਹੈਰੋਇਨ ਬਰਾਮਦਗੀ ਮਾਮਲੇ ਵਿਚ ਜਲੰਧਰ ਦਿਹਾਤੀ ਪੁਲਸ ਨੂੰ ਲੋੜੀਂਦਾ ਸੀ। ਗੈਵੀ ਦੇ ਪੁਰਾਣੇ ਅਪਰਾਧਿਕ ਰਿਕਾਰਡ ਮੁਤਾਬਕ ਉਸ ’ਤੇ ਕਤਲ, ਡਕੈਤੀ, ਅਗਵਾ, ਜ਼ਬਰੀ ਲੁੱਟ, ਐੱਨ. ਡੀ. ਪੀ. ਐਸ ਅਤੇ ਅਸਲਾ ਐਕਟ ਤਹਿਤ 10 ਤੋਂ ਵੱਧ ਘਿਨਾਉਣੇ ਅਪਰਾਧਾਂ ਦੇ ਮਾਮਲੇ ਚੱਲ ਰਹੇ ਹਨ।

ਇਹ ਵੀ ਪੜ੍ਹੋ : 'ਬਦਲੀ' ਕਰਵਾਉਣ ਦੇ ਚਾਹਵਾਨ ਅਧਿਆਪਕਾਂ ਲਈ ਖ਼ੁਸ਼ਖ਼ਬਰੀ, ਮਿਲਿਆ ਇਕ ਹੋਰ ਮੌਕਾ

ਡੀ. ਜੀ. ਪੀ. ਦਿਨਕਰ ਗੁਪਤਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗੈਵੀ ਨੇ ਝਾਰਖੰਡ ਦੇ ਜ਼ਿਲ੍ਹਾ ਸਰਾਏ ਕਿਲ੍ਹਾ ਵਿਚ ਜਾਣ ਤੋਂ ਬਾਅਦ ਗੋਲਡ ਜਿੰਮ ਵਿਚ ਜਿੰਮ ਇੰਸਟਰੱਕਟਰ ਵੱਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਸ ਨੇ ਗੈਵੀ ਦਾ ਝਾਰਖੰਡ ਤੱਕ ਪਿੱਛਾ ਕੀਤਾ ਅਤੇ ਏ. ਆਈ. ਜੀ., ਓ. ਸੀ. ਸੀ. ਯੂ. ਗੁਰਮੀਤ ਚੌਹਾਨ ਅਤੇ ਐੱਸ. ਐੱਸ. ਪੀ., ਐੱਸ. ਏ. ਐੱਸ. ਨਗਰ ਸਤਿੰਦਰ ਸਿੰਘ ਦੀ ਨਿਗਰਾਨੀ ਹੇਠ ਪੁਲਸ ਟੀਮਾਂ ਨੂੰ ਝਾਰਖੰਡ ਭੇਜਿਆ ਗਿਆ। ਝਾਰਖੰਡ ਪੁਲਸ ਦੇ ਸਹਿਯੋਗ ਨਾਲ ਜ਼ਿਲ੍ਹਾ ਜਮਸ਼ੇਦਪੁਰ ਅਤੇ ਸਰਾਏ ਕਿਲ੍ਹਾ ਵਿਖੇ ਜਾਂਚ ਮੁਹਿੰਮ ਚਲਾਈ ਗਈ। ਉਨ੍ਹਾਂ ਕਿਹਾ ਕਿ ਇੰਸਪੈਕਟਰ ਹਰਦੀਪ ਸਿੰਘ ਅਤੇ ਇੰਸਪੈਕਟਰ ਪੁਸ਼ਵਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਪੁਲਸ ਦੀ ਟੀਮ ਨੇ ਸਰਾਏ ਕਿਲ੍ਹਾ ਵਿਚ ਗੈਵੀ ਦਾ ਪਤਾ ਲਗਾਇਆ, ਜਿੱਥੇ ਉਹ ਜਾਅਲੀ ਆਈ. ਡੀ. ਦੀ ਵਰਤੋਂ ਕਰਕੇ ਨਾਥ ਗਲੋਬਲ ਵਿਲੇਜ਼ ਵਿਚ ਕਿਰਾਏ ਦੇ ਫਲੈਟ ਵਿਚ ਰਹਿ ਰਿਹਾ ਸੀ। ਇੱਥੋਂ ਤੱਕ ਕਿ ਪੁਲਸ ਨੂੰ ਚਕਮਾ ਦੇਣ ਲਈ ਉਸ ਨੇ ਆਪਣੀ ਆਈ-20 ਕਾਰ ਵੇਚ ਕੇ ਫਾਰਚੂਨਰ ਐੱਸ. ਯੂ. ਵੀ. ਲੈ ਲਈ, ਜੋ ਡਰੱਗ ਮਨੀ ਨਾਲ ਖਰੀਦੀ ਗਈ ਸੀ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੇ BJP ਤੇ RSS ਆਗੂਆਂ ਨੂੰ ਖ਼ਤਰਾ!, ਕੇਂਦਰ ਨੇ ਜਾਰੀ ਕੀਤੇ ਨਿਰਦੇਸ਼

ਡੀ. ਜੀ. ਪੀ. ਦਿਨਕਰ ਗੁਪਤਾ ਨੇ ਦੱਸਿਆ ਕਿ ਸੋਮਵਾਰ ਸ਼ਾਮ ਨੂੰ ਪੁਲਸ ਟੀਮਾਂ ਨੇ ਮੁਲਜ਼ਮ ਨੂੰ ਉਸ ਦੇ ਫਲੈਟ 'ਚੋਂ ਗ੍ਰਿਫ਼ਤਾਰ ਕੀਤਾ ਅਤੇ ਪੰਜਾਬ ਪੁਲਸ ਝਾਰਖੰਡ ਦੀ ਜੁਡੀਸ਼ੀਅਲ ਕੋਰਟ ਵਿਚ ਪੇਸ਼ ਕਰਨ ਤੋਂ ਬਾਅਦ ਉਸ ਨੂੰ ਲੈ ਜਾਣ ਸਬੰਧੀ ਰਿਮਾਂਡ ਹਾਸਲ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਗੈਵੀ ਦੀ ਗ੍ਰਿਫ਼ਤਾਰੀ ਨਾਲ ਸੂਬੇ ਅਤੇ ਦੇਸ਼ ਵਿਚ ਸਰਹੱਦੋਂ ਪਾਰ ਨਸ਼ਾ ਤਸਕਰੀ ਵਿਚ ਗੈਂਗਸਟਰਾਂ ਦੀ ਸਰਗਰਮ ਸ਼ਮੂਲੀਅਤ ਦਾ ਖ਼ੁਲਾਸਾ ਹੋਣ ਦੀ ਉਮੀਦ ਹੈ। ਜ਼ਿਕਰਯੋਗ ਹੈ ਕਿ ਗੈਵੀ ਨੂੰ ਪੁਲਸ ਥਾਣਾ ਕੁਰਾਲੀ ਵਿਖੇ ਆਈ. ਪੀ. ਸੀ. ਦੀ ਧਾਰਾ 392, 395, 384, ਐੱਨ. ਡੀ. ਪੀ. ਐੱਸ. ਐਕਟ ਦੀ ਧਾਰਾ 21, 22, 29 ਅਤੇ ਆਰਮਜ਼ ਐਕਟ ਦੀ ਧਾਰਾ 25 ਅਧੀਨ ਦਰਜ ਐੱਫ਼. ਆਈ. ਆਰ. ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
 

Babita

This news is Content Editor Babita